ਜਲੰਧਰ : ਮਰੀਜ਼ ਦੀ ਐਂਬੁਲੈਂਸ 'ਚ ਮੌਤ ਹੋਣ 'ਤੇ ਪਰਿਵਾਰਕ ਮੈਂਬਰਾਂ ਕੀਤਾ ਹੰਗਾਮਾ

11/15/2019 10:43:31 PM

ਜਲੰਧਰ,(ਵਰੁਣ)- ਫੁੱਟਬਾਲ ਚੌਕ ਨੇੜੇ ਸਥਿਤ ਅਰਮਾਨ ਹਸਪਤਾਲ ’ਚ ਦਾਖਲ ਇਕ ਔਰਤ ਮਰੀਜ਼ ਨੂੰ ਲੁਧਿਆਣਾ ਰੈਫਰ ਕਰਨ ਲਈ ਸੌਂਪੀ ਗਈ ਐਂਬੂਲੈਂਸ ਸਟਾਰਟ ਨਾ ਹੋਣ ਕਾਰਣ ਮਰੀਜ਼ ਦੀ ਮੌਤ ਹੋ ਗਈ। ਔਰਤ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਹਸਪਤਾਲ ਮੈਨੇਜਮੈਂਟ ’ਤੇ ਲਾਪ੍ਰਵਾਹੀ ਦੇ ਦੋਸ਼ ਲਾਏ, ਜਿਸ ਕਾਰਣ ਕਾਫ਼ੀ ਹੰਗਾਮਾ ਹੋਇਆ।

ਮ੍ਰਿਤਕ ਔਰਤ ਦੀ ਪਛਾਣ ਬਲਵਿੰਦਰ ਕੌਰ (50) ਵਾਸੀ ਕਲਾਨੌਰ ਬਟਾਲਾ ਰੋਡ ਵਜੋਂ ਹੋਈ ਹੈ। ਮ੍ਰਿਤਕਾ ਦੇ ਲੜਕੇ ਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਮਾਂ ਦਿਲ ਦੀ ਮਰੀਜ਼ ਸੀ। ਵੀਰਵਾਰ ਉਹ ਆਪਣੀ ਮਾਂ ਨੂੰ ਇਲਾਜ ਲਈ ਅਰਮਾਨ ਹਸਪਤਾਲ ਲੈ ਕੇ ਆਇਆ ਸੀ। ਰਵਿੰਦਰਜੀਤ ਤੋਂ ਇਲਾਵਾ ਉਸ ਦੀਆਂ ਭੈਣਾਂ, ਮਾਮਾ ਡਾ. ਅਵਤਾਰ ਸਿੰਘ ਅਤੇ ਹੋਰ ਰਿਸ਼ਤੇਦਾਰ ਵੀ ਹਸਪਤਾਲ ’ਚ ਸਨ। ਦੋਸ਼ ਹੈ ਕਿ ਵੀਰਵਾਰ ਤੋਂ ਹੀ ਹਸਪਤਾਲ ਦੇ ਡਾਕਟਰ ਮਾਂ ਨੂੰ ਲੁਧਿਆਣਾ ਸਥਿਤ ਡੀ. ਐੱਮ. ਸੀ. ’ਚ ਰੈਫਰ ਕਰਨ ਦੀ ਗੱਲ ਕਰ ਰਹੇ ਸਨ ਪਰ ਸ਼ੁੱਕਰਵਾਰ ਦੁਪਹਿਰ ਤੱਕ ਨਹੀਂ ਕੀਤਾ। ਉਸ ਨੇ ਕਿਹਾ ਕਿ ਹਸਪਤਾਲ ਮੈਨੇਜਮੈਂਟ ਨੇ ਸ਼ੁੱਕਰਵਾਰ ਸ਼ਾਮ ਨੂੰ ਉਨ੍ਹਾਂ ਨੇ ਮਾਂ ਨੂੰ ਰੈਫਰ ਕਰਨ ਲਈ ਡਿਸਚਾਰਜ ਕੀਤਾ ਤਾਂ ਪਹਿਲਾਂ ਲਿਫਟ ’ਚ ਕਾਫ਼ੀ ਦੇਰੀ ਲਗਾ ਦਿੱਤੀ। ਬਾਹਰ ਆਏ ਤਾਂ ਐਂਬੂਲੈਂਸ ਖੜ੍ਹੀ ਸੀ ਪਰ ਉਹ ਸਟਾਰਟ ਨਹੀਂ ਹੋ ਰਹੀ ਸੀ। ਕਰੀਬ ਅੱਧੇ ਘੰਟੇ ਤੱਕ ਮਰੀਜ਼ ਬਾਹਰ ਪਿਆ ਰਿਹਾ। ਰਵਿੰਦਰਜੀਤ ਸਿੰਘ ਨੇ ਖੁਦ ਐਂਬੂਲੈਂਸ ਦਾ ਬੋਨਟ ਖੋਲ੍ਹ ਕੇ ਕੁਝ ਤਾਰਾਂ ਆਪਣੀ ਗੱਡੀ ’ਚੋਂ ਕੱਢ ਕੇ ਸਟਾਰਟ ਕੀਤੀ ਪਰ ਉਦੋਂ ਤੱਕ ਕਾਫ਼ੀ ਦੇਰ ਹੋ ਚੁੱਕੀ ਸੀ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ ਮੈਨੇਜਮੈਂਟ ’ਤੇ ਗੰਭੀਰ ਦੋਸ਼ ਲਾਏ ਅਤੇ ਕਿਹਾ ਕਿ ਜੇਕਰ ਐਂਬੂਲੈਂਸ ਖ਼ਰਾਬ ਨਾ ਹੁੰਦੀ ਤਾਂ ਮਰੀਜ਼ ਨੂੰ ਕੁਝ ਨਹੀਂ ਹੋਣਾ ਸੀ। ਪੁਲਸ ਨੂੰ ਇਸ ਸਬੰਧੀ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਥਾਣਾ ਨੰ-2 ਦੇ ਮੁਖੀ ਰਾਜੇਸ਼ ਸ਼ਰਮਾ ਆਪਣੀ ਟੀਮ ਦੇ ਨਾਲ ਮੌਕੇ ’ਤੇ ਪਹੁੰਚੇ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਸ ਆਉਣ ਤੋਂ ਬਾਅਦ ਹਸਪਤਾਲ ’ਚ ਪੀਡ਼ਤ ਪਰਿਵਾਰ ਨਾਲ ਬਦਸਲੂਕੀ ਕਰਨ ਵਾਲੇ ਗਾਰਡ ਅਤੇ ਐਂਬੂਲੈਂਸ ਦੇ ਡਰਾਈਵਰ ਨੂੰ ਗਾਇਬ ਕਰ ਦਿੱਤਾ ਗਿਆ। ਪਹਿਲਾਂ ਪਰਿਵਾਰ ਵਾਲੇ ਪੁਲਸ ਕਾਰਵਾਈ ’ਤੇ ਅੜ੍ਹ ਗਏ ਪਰ ਪੋਸਟਮਾਰਟਮ ਕਰਵਾਉਣ ਕਾਰਣ ਉਨ੍ਹਾਂ ਨੇ ਹਸਪਤਾਲ ਮੈਨੇਜਮੈਂਟ ਖਿਲਾਫ ਕੋਈ ਕਾਰਵਾਈ ਨਹੀਂ ਕਰਵਾਈ ਅਤੇ ਲਾਸ਼ ਨੂੰ ਆਪਣੇ ਕਲਾਨੌਰ ਸਥਿਤ ਘਰ ਲੈ ਗਏ। ਇਸ ਮਾਮਲੇ ਬਾਰੇ ਜਦੋਂ ਅਰਮਾਨ ਹਸਪਤਾਲ ਦੇ ਡਾ. ਅਮਿਤ ਜੈਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਐਂਬੂਲੈਂਸ ਕਾਰਣ ਮਰੀਜ਼ ਦੀ ਮੌਤ ਨਹੀਂ ਹੋਈ ਹੈ। ਐਂਬੂਲੈਂਸ ’ਚ ਕੁਝ ਖਰਾਬੀ ਸੀ ਪਰ ਕੁਝ ਹੀ ਮਿੰਟ ’ਚ ਉਹ ਸਟਾਰਟ ਹੋ ਗਈ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮਰੀਜ਼ ਜਦੋਂ ਉਨ੍ਹਾਂ ਕੋਲ ਆਇਆ ਸੀ ਤਾਂ ਉਸ ਦੀ ਹਾਲਤ ਕਾਫੀ ਗੰਭੀਰ ਸੀ ਅਤੇ ਦਿਲ ਵੀ 22 ਫੀਸਦੀ ਕੰਮ ਕਰ ਰਿਹਾ ਸੀ। ਡਾ. ਜੈਨ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਹੀ ਮਰੀਜ਼ ਦੇ ਪਰਿਵਾਰ ਵਾਲਿਆਂ ਨੂੰ ਰੈਫਰ ਕਰਨ ਦੀ ਸਲਾਹ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਮਰੀਜ਼ ਦੀ ਹਾਲਤ ਕਾਫੀ ਖ਼ਰਾਬ ਸੀ, ਜਿਸ ਕਾਰਣ ਉਸ ਦੀ ਮੌਤ ਹੋਈ।


Related News