10 ਮਾਰਚ ਨੂੰ ਹੋਣਗੀਆਂ ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ, ਐਡਹਾਕ ਕਮੇਟੀ ਲੱਗੇਗੀ
Monday, Feb 05, 2024 - 01:28 PM (IST)
ਜਲੰਧਰ (ਖੁਰਾਣਾ)-ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਦਾ ਸ਼ਡਿਊਲ ਐਤਵਾਰ ਜਾਰੀ ਕਰ ਦਿੱਤਾ ਗਿਆ ਹੈ, ਜਿਸ ਅਨੁਸਾਰ ਕਲੱਬ ਦੀਆਂ ਚੋਣਾਂ 10 ਮਾਰਚ ਨੂੰ ਹੋਣਗੀਆਂ। ਇਸ ਸਿਲਸਿਲੇ ਵਿਚ ਐਤਵਾਰ ਕਲੱਬ ਦੀ ਏ. ਜੀ. ਐੱਮ. ਸਮਾਪਤ ਹੋਈ, ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਅਤੇ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਵਿਸ਼ੇਸ਼ ਸਾਰੰਗਲ ਨੇ ਕੀਤੀ। ਇਸ ਮੌਕੇ ਕਲੱਬ ਨੂੰ ਚਲਾ ਰਹੀ ਵਰਕਿੰਗ ਕਮੇਟੀ ਦੇ ਸਕੱਤਰ ਸੰਦੀਪ ਬਹਿਲ, ਜੂਨੀਅਰ ਮੀਤ ਪ੍ਰਧਾਨ ਅਮਿਤ ਕੁਕਰੇਜਾ, ਸੰਯੁਕਤ ਸਕੱਤਰ ਸੌਰਭ ਖੁੱਲਰ ਅਤੇ ਕੈਸ਼ੀਅਰ ਮੇਜਰ ਕੋਛੜ ਤੋਂ ਇਲਾਵਾ ਐਗਜ਼ੀਕਿਊਟਿਵ ਮੈਂਬਰ ਪ੍ਰੋਫੈਸਰ ਝਾਂਜੀ, ਸ਼ਾਲੀਨ ਜੋਸ਼ੀ, ਸੀ. ਏ. ਰਾਜੀਵ ਬਾਂਸਲ, ਐਡਵੋਕੇਟ ਗੁਨਦੀਪ ਸਿੰਘ ਸੋਢੀ, ਮਹਿੰਦਰ ਸਿੰਘ, ਹਰਪ੍ਰੀਤ ਸਿੰਘ ਗੋਲਡੀ, ਅਤੁਲ ਤਲਵਾੜ ਅਤੇ ਨਿਖਿਲ ਗੁਪਤਾ ਵੀ ਹਾਜ਼ਰ ਸਨ। ਏ. ਜੀ. ਐੱਮ. ਦੀ ਸ਼ੁਰੂਆਤ ਵਿਚ ਕੈਸ਼ੀਅਰ ਮੇਜਰ ਕੋਛੜ ਵੱਲੋਂ ਸਾਲ 2022-23 ਦੀ ਬੈਲੇਂਸ ਸ਼ੀਟ ਹਾਊਸ ਦੇ ਸਾਹਮਣੇ ਪੇਸ਼ ਕੀਤੀ ਗਈ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਮੀਟਿੰਗ ਦੀ ਸ਼ੁਰੂਆਤ ਵਿਚ ਮ੍ਰਿਤਕ ਕਲੱਬ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਕਿਉਂਕਿ ਪਹਿਲੀ ਮੀਟਿੰਗ ਵਿਚ ਮੈਂਬਰਾਂ ਦਾ ਕੋਰਮ ਪੂਰਾ ਨਹੀਂ ਹੋ ਸਕਿਆ, ਇਸ ਲਈ ਅੱਧੇ ਘੰਟੇ ਬਾਅਦ ਦੂਜੀ ਮੀਟਿੰਗ ਕੀਤੀ ਗਈ।
ਦੂਜੀ ਮੀਟਿੰਗ ਦੇ ਸ਼ੁਰੂ ਵਿਚ ਪਿਛਲੀ ਏ. ਜੀ. ਐੱਮ. ਦੇ ਮਿੰਟ ਪਾਸ ਕੀਤੇ ਗਏ, ਜਿਸ ’ਤੇ ਕੋਈ ਇਤਰਾਜ਼ ਨਹੀਂ ਆਇਆ। ਕਲੱਬ ਚੋਣਾਂ ਦੀ ਤਰੀਕ ਦਾ ਐਲਾਨ ਕਰਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਬਾਕੀ ਰਹਿੰਦਾ ਚੋਣ ਸ਼ਡਿਊਲ ਜਲਦ ਜਾਰੀ ਕਰ ਦਿੱਤਾ ਜਾਵੇਗਾ। ਉਨ੍ਹਾਂ ਮੌਜੂਦਾ ਵਰਕਿੰਗ ਕਮੇਟੀ ਨੂੰ ਭੰਗ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਜਲਦ ਕਲੱਬ ਪ੍ਰਧਾਨ ਵੱਲੋਂ ਐਡਹਾਕ ਕਮੇਟੀ ਸਬੰਧੀ ਵੀ ਐਲਾਨ ਕੀਤਾ ਜਾਵੇਗਾ ਅਤੇ ਇਸ ਨੂੰ ਕਲੱਬ ਦੀ ਐਪ ’ਤੇ ਅਪਲੋਡ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਪੁਰਤਗਾਲ 'ਚ ਦਸੂਹਾ ਦੇ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ
ਇਨ੍ਹਾਂ ਕਲੱਬ ਮੈਂਬਰਾਂ ਨੇ ਦਿੱਤੇ ਸੁਝਾਅ ਅਤੇ ਰੱਖੀਆਂ ਮੰਗਾਂ
ਅੱਗੇ ਤੋਂ ਕਲੱਬ ਦੀ ਬੈਲੇਂਸ ਸ਼ੀਟ ਫਾਈਲ ਕਰਨ ਤੋਂ ਪਹਿਲਾਂ ਏ. ਜੀ. ਐੱਮ. ਬੁਲਾਉਣ ਦੀ ਵਿਵਸਥਾ ਹੋਣੀ ਚਾਹੀਦੀ ਹੈ ਜੋ ਨਿਯਮਾਂ ਅਨੁਸਾਰ ਹੈ। ਭਵਿੱਖ ਵਿਚ ਕਲੱਬ ਦੇ ਵਿਕਾਸ ਲਈ ਜੋ ਵੀ ਪ੍ਰਾਜੈਕਟ ਬਣਾਇਆ ਜਾਵੇ, ਉਸ ਲਈ ਕਲੱਬ ਦੀ ਗਰੀਨ ਬੈਲਟ ਨਾਲ ਬਿਲਕੁਲ ਵੀ ਛੇੜਛਾੜ ਨਾ ਕੀਤੀ ਜਾਵੇ। ਡਿਪਟੀ ਕਮਿਸ਼ਨਰ ਦਾ ਕਹਿਣਾ ਸੀ ਕਿ ਕਲੱਬ ਦੀ ਏ. ਜੀ. ਐੱਮ. ਨੂੰ ਸਮੇਂ ਸਿਰ ਬੁਲਾਉਣ ਸਬੰਧੀ ਪਿਛਲੀ ਵਾਰ ਕੀਤਾ ਗਿਆ ਵਾਅਦਾ ਪੂਰਾ ਕੀਤਾ ਗਿਆ ਹੈ ਅਤੇ ਭਵਿੱਖ ਵਿਚ ਵੀ ਇਸ ਸਬੰਧੀ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਗਰੀਨ ਬੈਲਟ ਸਬੰਧੀ ਦਿੱਤੇ ਸੁਝਾਅ ਦਾ ਵੀ ਸਮਰਥਨ ਕੀਤਾ।-ਰਾਕੇਸ਼ ਝਾਂਜੀ
ਮੌਜੂਦਾ ਟੀਮ ਸਮੇਤ ਸਾਰੀਆਂ ਪੁਰਾਣੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਕਾਰਨ ਅੱਜ ਜਿਮਖਾਨਾ ਕਲੱਬ ਫਾਈਵ ਸਟਾਰ ਸ਼੍ਰੇਣੀ ਦਾ ਬਣ ਗਿਆ ਹੈ। ਕਲੱਬ ਦਾ ਵਿਕਾਸ ਉਦੋਂ ਹੀ ਹੋਵੇਗਾ ਜਦੋਂ ਟੀਮ ਵਿਚ ਆਪਸੀ ਮਤਭੇਦ ਨਾ ਹੋਣ ਅਤੇ ਸਾਰਿਆਂ ਦੀ ਰਾਏ ਲੈ ਕੇ ਹੀ ਪ੍ਰਾਜੈਕਟ ਤਿਆਰ ਕੀਤੇ ਜਾਣ। ਕਲੱਬ ਵਿਚ ਇਕ ਸਿਸਟਮ ਵਰਕ ਕਰਨਾ ਚਾਹੀਦਾ ਹੈ। ਪਾਰਕਿੰਗ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ। ਕਲੱਬ ਦੀ ਕੈਟਰਿੰਗ ਦੇ ਮਾਮਲੇ ਵਿਚ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ, ਜਿਸ ਨੂੰ ਵੀ ਠੇਕਾ ਮਿਲਦਾ ਹੈ, ਉਸ ਨੂੰ 5 ਸਾਲ ਪੂਰੇ ਕਰਨ ਦਿੱਤੇ ਜਾਣੇ ਚਾਹੀਦੇ ਹਨ ਅਤੇ ਉਸ ਨੂੰ ਵਿਚਕਾਰੋਂ ਹਟਾਇਆ ਨਾ ਜਾਵੇ।- ਸੁਰਜੀਤ ਸਿੰਘ ਅਰੋੜਾ
ਜਿਮਖਾਨਾ ਕਲੱਬ ’ਚ ਧੜੇਬੰਦੀ ਸਿਰਫ ਚੋਣ ਤੱਕ ਹੀ ਹੁੰਦੀ ਹੈ। ਉਸ ਤੋਂ ਬਾਅਦ ਚੁਣੀ ਗਈ ਟੀਮ ਮਿਲ-ਜੁਲ ਕੇ ਹੀ ਸਾਰੇ ਕੰਮ ਕਰਦੀ ਹੈ। ਇਸ ਵਾਰ ਟੀਮ ’ਚ ਕੋਈ ਮਤਭੇਦ ਦੇਖਣ ਨੂੰ ਨਹੀਂ ਮਿਲਿਆ। ਜਿਮਖਾਨਾ ਕਲੱਬ ਦੀ ਕਾਰਜਕਾਰਨੀ ਵਿਚ ਇਕ ਸੀਨੀਅਰ ਸਿਟੀਜ਼ਨ ਕਲੱਬ ਮੈਂਬਰ ਅਤੇ ਇਕ ਔਰਤ ਨੂੰ ਕੋ-ਆਪਟ ਕਰਨ ਦੀ ਵਿਵਸਥਾ ਹੋਣੀ ਚਾਹੀਦੀ ਹੈ।-ਨਰੇਸ਼ ਤਿਵਾੜੀ
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਫਰੂਟ ਕਾਰੋਬਾਰੀ ਦੇ ਘਰ 'ਚੋਂ ਪਿਸਤੌਲ ਦੀ ਨੋਕ 'ਤੇ ਲੁਟੇਰਿਆਂ ਨੇ ਲੁੱਟੇ 20 ਲੱਖ ਤੇ ਗਹਿਣੇ
ਸਵਿਮਿੰਗ ਪੂਲ ਦੀ ਸਹੂਲਤ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ, ਇਸ ਲਈ ਮੌਜੂਦਾ ਸਵਿਮਿੰਗ ਪੂਲ ਨੂੰ ਢਕ ਕੇ ਸੋਲਰ ਪੈਨਲ ਹੀਟਿੰਗ ਸਿਸਟਮ ਲਾਇਆ ਜਾਵੇ, ਜਿਸ ’ਤੇ ਜ਼ਿਆਦਾ ਖਰਚਾ ਨਹੀਂ ਆਵੇਗਾ ਅਤੇ ਸਵਿਮਿੰਗ ਦੀ ਸਹੂਲਤ ਜ਼ਿਆਦਾ ਮਹੀਨਿਆਂ ਤਕ ਦਿੱਤੀ ਜਾ ਸਕਦੀ ਹੈ। ਕਲੱਬ ਵਿਚ ਆਵਾਰਾ ਕੁੱਤਿਆਂ ਦੀ ਸਮੱਸਿਆ ਵੀ ਹੈ, ਜਿਸ ਨੂੰ ਸਮੇਂ ਸਿਰ ਦੂਰ ਕੀਤਾ ਜਾਵੇ।-ਅਮਰਿੰਦਰ ਸਿੰਘ ਧੀਮਾਨ
ਕਲੱਬ ਟੀਮ ਦੇ ਮੈਂਬਰਾਂ ਵਿਚਕਾਰ ਜੋ ਵਿਭਾਗ ਵੰਡੇ ਜਾਂਦੇ ਹਨ ਅਤੇ ਪ੍ਰਾਜੈਕਟਾਂ ’ਤੇ ਹੋਣ ਵਾਲੇ ਵੱਡੇ ਖਰਚੇ ਬਾਰੇ ਸਬੰਧਤ ਮੈਂਬਰ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਟੈਨਿਸ ਕੋਰਟ ਮਾਮਲੇ ਵਿਚ ਪਹਿਲਾਂ ਤਾਂ ਕੋਰਟ ਜਲਦ ਤੋੜ ਦਿੱਤਾ ਗਿਆ ਅਤੇ ਬਾਅਦ ਵਿਚ ਜੋ ਨਵਾਂ ਬਣਾਇਆ ਗਿਆ, ਉਹ ਵੀ ਜ਼ਿਆਦਾ ਸਮਾਂ ਨਹੀਂ ਚੱਲਿਆ, ਇਸ ਲਈ ਜ਼ਿੰਮੇਵਾਰ ਵਿਅਕਤੀ ਦੀ ਜਵਾਬਦੇਹੀ ਤੈਅ ਕੀਤੀ ਜਾਵੇ।- ਰਾਜੂ ਵਿਰਕ
ਮੌਜੂਦਾ ਟੀਮ ਨੇ ਬਹੁਤ ਵਧੀਆ ਕੰਮ ਕੀਤਾ। ਅਜਿਹਾ ਕੰਮ ਪਿਛਲੇ 40 ਸਾਲਾਂ ਤੱਕ ਨਹੀਂ ਹੋਇਆ। ਵਿਕਾਸ ਦੀ ਰਫ਼ਤਾਰ ਇਸੇ ਤਰ੍ਹਾਂ ਜਾਰੀ ਰਹਿਣੀ ਚਾਹੀਦੀ ਹੈ।- ਪ੍ਰਵੀਨ ਗੁਪਤਾ
ਇਸ ਵਿਚ ਕੋਈ ਸ਼ੱਕ ਨਹੀਂ ਕਿ ਮੌਜੂਦਾ ਟੀਮ ਨੇ ਵਧੀਆ ਕੰਮ ਕੀਤਾ ਹੈ ਪਰ ਕਲੱਬ ਦੇ ਸਟਾਫ਼ ਮੈਂਬਰਾਂ ਦਾ ਗਰੁੱਪ ਇੰਸ਼ੋਰੈਂਸ ਹੋਣਾ ਚਾਹੀਦਾ ਹੈ ਤਾਂ ਜੋ ਐਮਰਜੈਂਸੀ ਦੀ ਸਥਿਤੀ ਵਿਚ ਉਨ੍ਹਾਂ ਨੂੰ ਸਰਕਾਰੀ ਪੱਧਰ ’ਤੇ ਸਿਹਤ ਸਹੂਲਤਾਂ ਮਿਲ ਸਕਣ।-ਕੰਵਲਜੀਤ ਸਿੰਘ ਕਾਲੜਾ
ਕੁਝ ਸਮਾਂ ਪਹਿਲਾਂ ਸੀਨੀਅਰ ਮੈਂਬਰ ਸ਼੍ਰੀ ਹੂਨ ਨੂੰ ਕਲੱਬ ਦੀ ਪਾਰਕਿੰਗ ਵਿਚ ਕਾਰ ਚਲਾਉਣ ਸਮੇਂ ਦਿਲ ਦਾ ਦੌਰਾ ਪਿਆ ਸੀ ਅਤੇ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ ਸੀ। ਇਸ ਨੂੰ ਮੁੱਖ ਰੱਖਦਿਆਂ ਕਲੱਬ ਵਿਚ ਫਸਟ ਏਡ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਅਤੇ ਮੈਡੀਕਲ ਸਹੂਲਤ ਦਾ ਵੀ ਕਲੱਬ ਵਿਚ ਪ੍ਰਬੰਧ ਕੀਤਾ ਜਾਵੇ। ਇਸ ਦੇ ਜਵਾਬ ਵਿਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸੁਝਾਅ ਚੰਗਾ ਹੈ। ਕੁਝ ਸਟਾਫ਼ ਮੈਂਬਰਾਂ ਨੂੰ ਮਾਰਸ਼ਲ ਵਜੋਂ ਫਸਟ ਏਡ ਦੇਣ ਦੀ ਸਿਖਲਾਈ ਦਿੱਤੀ ਜਾ ਸਕਦੀ ਹੈ ਤਾਂ ਜੋ ਮੈਡੀਕਲ ਸਹੂਲਤ ਮਿਲਣ ਤਕ ਕਿਸੇ ਦੀ ਜਾਨ ਬਚਾਈ ਜਾ ਸਕੇ।- ਐੱਮ. ਬੀ. ਬਾਲੀ
ਜਿਨ੍ਹਾਂ ਕਲੱਬ ਮੈਂਬਰਾਂ ਦੇ ਪੈਸੇ ਬਕਾਇਆ ਹਨ, ਉਨ੍ਹਾਂ ਤੋਂ ਪੈਸੇ ਦੀ ਵਸੂਲੀ ਲਈ ਉਨ੍ਹਾਂ ਕਲੱਬ ਮੈਂਬਰਾਂ ਨੂੰ ਸਪਾਂਸਰ ਕਰਨ ਵਾਲੇ ਮੈਂਬਰਾਂ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਕਲੱਬ ਦਾ ਆਰਥਿਕ ਨੁਕਸਾਨ ਨਾ ਹੋਵੇ। ਡਿਪਟੀ ਕਮਿਸ਼ਨਰ ਨੇ ਵੀ ਇਸ ਸੁਝਾਅ ਦਾ ਸਮਰਥਨ ਕੀਤਾ।-ਆਰ. ਐੱਸ. ਆਨੰਦ
ਕਲੱਬ ਦੀ ਪਾਰਕਿੰਗ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਕਾਫੀ ਦਿੱਕਤ ਆਉਂਦੀ ਹੈ। ਕਲੱਬ ਵਿਚ ਵੱਡੇ ਸਮਾਰੋਹ ਆਦਿ ਕਰਵਾਉਣ ਲਈ ਕੋਈ ਹਾਲ ਨਹੀਂ ਹੈ, ਜਿਸ ਨੂੰ ਬਣਾਉਣ ਦੀ ਲੋੜ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਾਲ ਦੀ ਉਸਾਰੀ ਸਬੰਧੀ ਪ੍ਰਾਜੈਕਟ ਵਿਚਾਰ ਅਧੀਨ ਹੈ।- ਐਡਵੋਕੇਟ ਐੱਸ. ਪੀ. ਐੱਸ. ਨਰੂਲਾ
ਜਿਹੜੇ ਕਲੱਬ ਮੈਂਬਰਾਂ ਦੇ ਬਹੁਤ ਘੱਟ ਪੈਸੇ ਬਕਾਇਆ ਹਨ, ਉਨ੍ਹਾਂ ਦੇ ਨਾਂ ਵੋਟਰ ਸੂਚੀ ਵਿਚ ਸ਼ਾਮਲ ਕੀਤੇ ਜਾਣ ਅਤੇ ਬਕਾਏ ਸਬੰਧੀ ਕੋਈ ਨਾ ਕੋਈ ਪ੍ਰਣਾਲੀ ਐਲਾਨੀ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮਾਮਲੇ ਵਿਚ ਪਿਛਲੇ ਨਿਯਮ ਬਰਕਰਾਰ ਰਹਿਣਗੇ ਅਤੇ ਇਸ ਵਾਰ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।- ਤਰੁਣ ਸਿੱਕਾ
ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੇ ਪਰਲ ਕਪੂਰ ਨੇ ਮਾਰੀਆਂ ਵੱਡੀਆਂ ਮੱਲਾਂ, ਦੇਸ਼ ਭਰ 'ਚ ਅਰਬਪਤੀ ਬਣ ਕੇ ਚਮਕਾਇਆ ਨਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e