ਜਲੰਧਰ: ਵਿਆਹ ਦਾ ਕਾਰਡ ਦੇਣ ਆਏ ਅਣਪਛਾਤਿਆਂ ਨੇ ਪਰਿਵਾਰ ਨੂੰ ਬਣਾਇਆ ਬੰਧਕ, ਗਨ ਪੁਆਇੰਟ ’ਤੇ ਕੀਤੀ ਲੁੱਟ
Wednesday, Jul 14, 2021 - 05:44 PM (IST)
ਜਲੰਧਰ (ਵਰੁਣ)— ਇਥੋਂ ਦੇ ਕੁੱਕੀ ਢਾਬ ’ਚ ਦਿਨ-ਦਿਹਾੜੇ ਵਾਟਰ ਸਪਲਾਈ ਮਹਿਕਮੇ ਦੇ ਕਰਮਚਾਰੀ ਦੇ ਘਰ ’ਚ ਦਾਖ਼ਲ ਹੋ ਕੇ ਤਿੰਨ ਲੁਟੇਰਿਆਂ ਨੇ ਪਿਸਤੌਲ ਦੀ ਨੋਕ ’ਤੇ ਪੂਰੇ ਪਰਿਵਾਰ ਨੂੰ ਬੰਧਕ ਬਣਾ ਲਿਆ ਅਤੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ: ਸੁਖਦੇਵ ਸਿੰਘ ਢੀਂਡਸਾ ਦਾ ਵੱਡਾ ਐਲਾਨ, ਕਿਹਾ-ਮੈਂ ਅਤੇ ਬ੍ਰਹਮਪੁਰਾ ਨਹੀਂ ਲੜਾਂਗੇ ਕੋਈ ਵੀ ਚੋਣ
ਦਿਨ-ਦਿਹਾੜੇ ਹੋਈ ਇਸ ਵਾਰਦਾਤ ਦੇ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਸੂਚਨਾ ਮਿਸਲਦੇ ਹੀ ਥਾਣਾ ਨੰਬਰ 7 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। 15 ਦਿਨ ਪਹਿਲਾਂ ਇਹੀ ਲੁਟੇਰੇ ਵਿਆਹ ਦਾ ਡੱਬਾ ਲੈ ਕੇ ਪਲੰਬਰ ਦੇ ਘਰ ਆਏ ਸਨ ਅਤੇ ਦੱਸਿਆ ਜਾ ਰਿਹਾ ਹੈ ਕਿ ਉਸੇ ਦਿਨ ਉਹ ਰੇਕੀ ਕਰ ਕੇ ਗਏ। ਹਾਲਾਂਕਿ ਅਣਜਾਣ ਲੋਕ ਹੋਣ ਕਾਰਨ ਪਲੰਬਰ ਨੇ ਡੱਬਾ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਨੰਬਰ 7 ਅਤੇ ਸੀ. ਆਈ. ਏ. ਸਟਾਫ਼ 1 ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਜਾਣਕਾਰੀ ਦਿੰਦਿਆਂ ਅਨਿਲ ਕੁਮਾਰ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਦੇ ਸਮੇਂ ਉਸ ਦੀ ਬਜ਼ੁਰਗ ਮਾਂ ਘਰ ਦੇ ਫਰੰਟ ਵਾਲੇ ਕਮਰੇ ਵਿਚ ਆਰਾਮ ਕਰ ਰਹੀ ਸੀ। ਇਸ ਦੌਰਾਨ ਕਿਸੇ ਨੇ ਘਰ ਦਾ ਦਰਵਾਜ਼ਾ ਖੜਕਾਇਆ। ਅਨਿਲ ਦੀ ਬਜ਼ੁਰਗ ਮਾਂ ਸ਼ਾਰਦਾ ਰਾਣੀ ਨੇ ਅਨਿਲ ਨੂੰ ਦਰਵਾਜ਼ੇ ’ਤੇ ਵੇਖਣ ਭੇਜਿਆ ਤਾਂ ਬਾਹਰ 3 ਨੌਜਵਾਨ ਖੜ੍ਹੇ ਸਨ। ਅਨਿਲ ਦੇ ਪੁੱਛਣ ’ਤੇ ਨੌਜਵਾਨਾਂ ਨੇ ਕਿਹਾ ਕਿ ਉਹ ਅਵਤਾਰ ਨਗਰ ਤੋਂ ਵਿਆਹ ਦਾ ਡੱਬਾ ਦੇਣ ਆਏ ਹਨ। ਅਨਿਲ ਨੇ ਅਣਜਾਣ ਲੋਕਾਂ ਨੂੰ ਦੇਖ ਕੇ ਡੱਬਾ ਲੈਣ ਤੋਂ ਮਨ੍ਹਾ ਕਰ ਦਿੱਤਾ ਤੇ ਜਿਵੇਂ ਹੀ ਉਹ ਗੇਟ ਬੰਦ ਕਰਨ ਲੱਗਾ ਤਾਂ 3 ਵਿਚੋਂ ਇਕ ਲੁਟੇਰੇ ਨੇ ਅਨਿਲ ਦੇ ਕਨ ’ਤੇ ਪਿਸਤੌਲ ਤਾਣ ਦਿੱਤੀ। ਬਾਕੀ 2 ਲੁਟੇਰਿਆਂ ਨੇ ਦਾਤ ਕੱਢ ਲਏ।
ਇਹ ਵੀ ਪੜ੍ਹੋ: ਨੂਰਮਹਿਲ: ਪਤਨੀ ਵੱਲੋਂ ਦੂਜਾ ਵਿਆਹ ਕਰਵਾਉਣ ਦਾ ਲੱਗਾ ਸਦਮਾ, ਦੋ ਬੱਚਿਆਂ ਸਮੇਤ ਪਤੀ ਨੇ ਖ਼ੁਦ ਵੀ ਨਿਗਲਿਆ ਜ਼ਹਿਰ
ਲੁਟੇਰੇ ਅਨਿਲ ਨੂੰ ਫਰੰਟ ਵਾਲੇ ਕਮਰੇ ਵਿਚ ਲੈ ਆਏ, ਜਿੱਥੇ ਉਸ ਦੀ ਬਜ਼ੁਰਗ ਮਾਂ ਸ਼ਾਰਦਾ ਰਾਣੀ ਬੈਠੀ ਸੀ। ਲੁਟੇਰਿਆਂ ਨੇ ਮਾਂ-ਬੇਟੇ ਦੋਨਾਂ ਨੂੰ ਬੰਧਕ ਬਣਾ ਲਿਆ। ਇਕ ਲੁਟੇਰੇ ਨੇ ਸ਼ਾਰਦਾ ਰਾਣੀ ਦੇ ਪਾਏ ਹੋਏ ਸੋਨੇ ਦੇ ਗਹਿਣੇ ਉਤਾਰਨੇ ਸ਼ੁਰੂ ਕਰ ਦਿੱਤੇ। ਅਨਿਲ ਨੇ ਜਦੋਂ ਲੁਟੇਰਿਆਂ ਦਾ ਵਿਰੋਧ ਕੀਤਾ ਤਾਂ ਇਕ ਲੁਟੇਰੇ ਨੇ ਉਸਦੇ ਉਲਟੇ ਦਾਤ ਮਾਰੇ। ਲੁਟੇਰੇ ਗਹਿਣੇ ਉਤਾਰਨ ਤੋਂ ਬਾਅਦ ਫ਼ਰਾਰ ਹੋ ਗਏ। ਹੈਰਾਨੀ ਦੀ ਗੱਲ ਹੈ ਕਿ ਜਿਸ ਜਗ੍ਹਾ ’ਤੇ ਇਹ ਵਾਰਦਾਤ ਵਾਪਰੀ, ਉਸਦੇ ਬਿਲਕੁਲ ਸਾਹਮਣੇ ਸਬ-ਇੰਸਪੈਕਟਰ ਦਾ ਘਰ ਹੈ, ਜਦਕਿ ਨੇੜੇ ਹੀ ਨੇਵੀ ਦਾ ਸਾਬਕਾ ਅਧਿਕਾਰੀ ਰਹਿੰਦਾ ਹੈ। ਲੁਟੇਰਿਆਂ ਦੇ ਫ਼ਰਾਰ ਹੋਣ ਤੋਂ ਬਾਅਦ ਅਨਿਲ ਨੇ ਬਾਹਰ ਨਿਕਲ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।
ਇਸ ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 7 ਦੇ ਮੁਖੀ ਗਗਨਦੀਪ ਸਿੰਘ ਸੇਖੋਂ, ਸੀ. ਆਈ. ਏ. ਸਟਾਫ਼-1 ਦੇ ਇੰਚਾਰਜ ਰਮਨਦੀਪ ਸਿੰਘ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚ ਗਏ। ਪੁਲਸ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰੇ ਖੰਗਾਲਣ ਵਿਚ ਜੁਟੀ ਹੋਈ ਹੈ। ਥਾਣਾ ਨੰਬਰ 7 ਦੇ ਮੁਖੀ ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਸ਼ੱਕੀ ਵੀ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਜਾਂਚ ਵਿਚ ਹੀ ਪਤਾ ਲੱਗੇਗਾ ਕਿ ਇਹ ਲੁੱਟ ਹੀ ਹੋਈ ਹੈ ਜਾਂ ਫਿਰ ਪੈਸਿਆਂ ਦਾ ਲੈਣ-ਦੇਣ ਸੀ।
ਘਰ ’ਚ 7 ਤੋਂ 8 ਮੈਂਬਰ ਸਨ, ਬਾਕੀ ਦੇ ਪਿਛਲੇ ਵਾਲੇ ਕਮਰੇ ’ਚ ਸਨ
ਅਨਿਲ ਦੇ ਘਰ ਵਿਚ 7-8 ਮੈਂਬਰ ਰਹਿੰਦੇ ਹਨ। ਜਿਸ ਸਮੇਂ ਵਾਰਦਾਤ ਹੋਈ, ਉਸ ਸਮੇਂ ਸਾਰੇ ਘਰ ਵਿਚ ਹੀ ਸਨ। ਜਿਸ ਸਮੇਂ ਲੁਟੇਰੇ ਘਰ ਵਿਚ ਦਾਖ਼ਲ ਹੋਏ, ਉਦੋਂ ਅਨਿਲ ਅਤੇ ਉਸਦੀ ਮਾਂ ਹੀ ਫਰੰਟ ਵਾਲੇ ਕਮਰੇ ਵਿਚ ਸਨ, ਜਦਕਿ ਬਾਕੀ ਦੇ ਮੈਂਬਰ ਅੰਦਰ ਵਾਲੇ ਕਮਰੇ ਵਿਚ ਸਨ। ਵਾਰਦਾਤ ਬਾਰੇ ਉਨ੍ਹਾਂ ਨੂੰ ਕੁਝ ਪਤਾ ਨਹੀਂ ਲੱਗਾ ਪਰ ਲੁਟੇਰਿਆਂ ਦੇ ਭੱਜਣ ਤੋਂ ਬਾਅਦ ਜਦੋਂ ਰੌਲਾ ਪਿਆ ਤਾਂ ਫਿਰ ਹੋਰ ਮੈਂਬਰਾਂ ਨੂੰ ਇਸ ਲੁੱਟ ਬਾਰੇ ਪਤਾ ਲੱਗਾ। ਅਨਿਲ ਨੇ ਦੱਸਿਆ ਕਿ 15 ਦਿਨ ਪਹਿਲਾਂ ਵੀ ਇਹੀ ਲੁਟੇਰੇ ਵਿਆਹ ਦਾ ਡੱਬਾ ਦੇਣ ਆਏ ਸਨ। ਅੱਜ ਵੀ ਇਹੀ ਨੌਜਵਾਨ ਡੱਬਾ ਦੇਣ ਆਏ। ਉਸਨੇ ਸਮਝਿਆ ਕਿ ਉਨ੍ਹਾਂ ਨੂੰ ਦੁਬਾਰਾ ਗਲਤੀ ਲੱਗੀ ਹੋਵੇਗੀ। ਅਨਿਲ ਨੇ ਦੱਸਿਆ ਕਿ ਇਕ ਲੁਟੇਰੇ ਨੇ ਉਸ ’ਤੇ ਪਿਸਤੌਲ ਤਾਣੀ ਹੋਈ ਸੀ ਅਤੇ ਦੂਜੇ ਲੁਟੇਰੇ ਨੇ ਉਸ ਦੀ ਮਾਂ ਦੀ ਸੋਨੇ ਦੀ ਅੰਗੂਠੀ, ਟਾਪਸ, 2 ਸੋਨੇ ਦੇ ਕੜੇ ਅਤੇ ਨੱਕ ਦਾ ਕੋਕਾ ਉਤਾਰ ਲਿਆ ਅਤੇ ਫ਼ਰਾਰ ਹੋ ਗਏ।
ਗੁਆਂਢੀ ਔਰਤ ਨੇ ਲੁਟੇਰਿਆਂ ਨੂੰ ਐਕਟਿਵਾ ’ਤੇ ਫ਼ਰਾਰ ਹੁੰਦਿਆਂ ਵੇਖਿਆ
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨੋਂ ਲੁਟੇਰੇ ਭੱਜਦੇ ਹੋਏ ਘਰ ਤੋਂ ਬਾਹਰ ਨਿਕਲੇ। ਉਨ੍ਹਾਂ ਦੇ ਪਿੱਛੇ ਅਨਿਲ ਅਤੇ ਸ਼ਾਰਦਾ ਰਾਣੀ ਵੀ ਭੱਜ ਰਹੇ ਸਨ। ਗੁਆਂਢੀ ਔਰਤ ਨੇ ਦੱਸਿਆ ਕਿ ਜਿਸ ਸਮੇਂ ਇਹ ਵਾਰਦਾਤ ਹੋਈ, ਉਦੋਂ ਉਹ ਮੱਥਾ ਟੇਕਣ ਧਾਰਮਿਕ ਅਸਥਾਨ ’ਤੇ ਗਈ ਹੋਈ ਹੈ ਪਰ ਵਾਪਸ ਆਉਂਦੇ ਹੋਏ ਉਸਨੇ ਦੇਖਿਆ ਕਿ ਤਿੰਨ ਨੌਜਵਾਨ ਕਾਫੀ ਸਪੀਡ ਨਾਲ ਐਕਟਿਵਾ ’ਤੇ ਨਿਕਲੇ, ਜਦਕਿ ਅਨਿਲ ਅਤੇ ਸ਼ਾਰਦਾ ਰਾਣੀ ਚੋਰ-ਚੋਰ ਬੋਲਦੇ ਹੋਏ ਉਨ੍ਹਾਂ ਦੇ ਪਿੱਛੇ ਭੱਜ ਰਹੇ ਸਨ।ਇਹ ਵੀ ਪੜ੍ਹੋ: ਭਾਖੜਾ ਨਹਿਰ ਵਿਚ ਡਿੱਗੀ ਇਨੋਵਾ ਕਾਰ, ਗੋਤਾਖੋਰਾਂ ਵੱਲੋਂ ਕਾਰ ਸਵਾਰਾਂ ਦੀ ਭਾਲ ਜਾਰੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।