ਇਲਾਕਾ ਗਿੱਦੜਪਿੰਡੀ ਹੁਣ ਹੋਰ ਵੀ ਭਿਆਨਕ ਸੰਕਟ 'ਚ ਘਿਰਿਆ

Monday, Aug 26, 2019 - 08:17 PM (IST)

ਇਲਾਕਾ ਗਿੱਦੜਪਿੰਡੀ ਹੁਣ ਹੋਰ ਵੀ ਭਿਆਨਕ ਸੰਕਟ 'ਚ ਘਿਰਿਆ

ਜਲੰਧਰ  (ਜਸਬੀਰ ਵਾਟਾਂ ਵਾਲੀ) ਪਹਿਲਾਂ ਤੋਂ ਹੜ੍ਹਾਂ ਦੀ ਮਾਰ ਝੱਲ ਰਹੇ ਇਲਾਕਾ ਗਿੱਦੜ ਪਿੰਡੀ, ਵਾਟਾਂਵਾਲੀ, ਚੰਨ੍ਹਣ ਵਿੰਡੀ, ਦਾਰੇਵਾਲ, ਤਕੀਆਂ, ਜੂਸੁਫਪੁਰ, ਸੇਖਮਾਂਗਾ, ਸਰੂਪਵਾਲ, ਨਸੀਰ ਪੁਰ, ਮਡਾਲਾ ਸਮੇਤ ਕਈ ਪਿੰਡਾਂ ਲਈ ਇਕ ਹੋਰ ਨਵੀਂ ਮੁਸੀਬਤ ਆਣ ਖੜ੍ਹੀ ਹੋਈ ਹੈ। ਭਾਵੇਂ ਕਿ ਸਤਲੁਜ ਦਾ ਪਾਣੀ ਕੁਝ ਹੇਠਾਂ ਲਹਿ ਚੁੱਕਾ ਹੈ ਪਰ ਕਾਲਾ ਸੰਘਿਆ ਡਰੇਨ ਅਤੇ ਚਿੱਟੀ ਵੇਈਂ ਦਾ ਗੰਦਾ ਅਤੇ ਕੈਮਕਲ ਯੁਕਤ ਪਾਣੀ ਇਸ ਇਲਾਕੇ ਵਿਚ ਭਰਨਾ ਸ਼ੁਰੂ ਹੋ ਗਿਆ ਹੈ। ਅਸਲ ਵਿਚ ਪਿਛਲੇ ਇਲਾਕੇ ਵਿਚੋਂ ਪਾਣੀ ਘੱਟ ਹੋਣ ਤੋਂ ਬਾਅਦ, ਸਤਲੁਜ ਦਰਿਆ ਆਪਣੇ ਵਹਿਣ ਮੁਤਾਬਕ ਹਰੀਕੇ ਵੱਲ ਨੂੰ ਵਹਿਣਾ ਸ਼ੁਰੂ ਹੋ ਗਿਆ ਹੈ। ਇਸ ਦੇ ਉਲਟ ਚਿੱਟੀ ਵੇਈਂ ਅਤੇ ਕਾਲਾ ਸੰਘਿਆ ਡਰੇਨ ਦਾ ਮੂੰਹ ਏਧਰ ਵਾਲੇ ਪਿੰਡਾਂ ਨੂੰ ਹੋ ਗਿਆ ਹੈ। ਇਸ ਭਿਆਨਕ ਸਥਿਤੀ ਦੇ ਚਲਦਿਆਂ ਇਹ ਪਿੰਡ ਡੂੰਘੇ ਸੰਕਟ ਵਿਚ ਘਿਰਦੇ ਜਾ ਰਹੇ ਹਨ। ਕਾਲਾ ਸੰਘਿਆ ਡਰੇਨ ਅਤੇ ਚਿੱਟੀ ਵੇਂਈ ਵਿਚ ਜਲੰਧਰ ਦੀ ਇੰਡਸਟਰੀ (ਲੈਦਰ ਕੰਪਲੈਕਸ) ਅਤੇ ਕਈ ਸ਼ਹਿਰਾਂ ਦੇ ਸੀਵਰੇਜ ਦਾ ਪਾਣੀ ਪੈਂਦਾ ਹੈ। ਹੜ੍ਹ ਦੇ ਪਾਣੀ ਵਿਚ ਇਸ ਗੰਦੇ ਪਾਣੀ ਦੇ ਮਿਕਸ ਹੋਣ ਨਾਲ ਇੱਥੇ ਬਿਮਾਰੀਆਂ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ। ਹਾਲਾਤ ਇਹ ਹਨ ਕਿ ਇੱਥੇ ਸਾਹ ਲੈਣਾ ਵੀ ਮੁਸ਼ਕਲ ਹੋ ਰਿਹਾ ਹੈ। ਇਲਾਕਾ ਗਿੱਦੜ ਪਿੰਡੀ ਵਾਟਾਂ ਵਾਲੀ ਆਦਿ ਪਿੰਡਾ ਦੇ ਮੁਖ ਆਗੂਆਂ ਅਤੇ ਲੋਕਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸਥਿਤੀ ਦੀ ਭਿਆਨਕਤਾ ਨੂੰ ਸਮਝਦਿਆਂ ਜਲਦ ਤੋਂ ਜਲਦ ਮਡਾਲਾ ਕੋਲੋਂ ਟੁੱਟੇ ਧੁੱਸੀ ਬੰਨ੍ਹ ਨੂੰ ਬੰਨਿਆ ਜਾਵੇ ਅਤੇ ਇਲਾਕੇ ਦੀ ਬਿਹਤਰੀ ਲਈ ਫੌਰੀ ਕਦਮ ਪੁੱਟੇ ਜਾਣ।

PunjabKesari

ਦੱਸ ਦੇਈਏ ਕਿ ਬੀਤੇ ਦਿਨੀਂ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿਚ ਹੜ੍ਹ ਆਉਣ ਤੋਂ ਬਾਅਦ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ ਅਤੇ ਅਜੇ ਤੱਕ ਕਈ ਪਿੰਡ ਅਜਿਹੇ ਹਨ ਜਿਹੜੇ ਕੀ ਹੜ੍ਹ ਦੇ ਪਾਣੀ ਨਾਲ ਚਾਰੇ ਪਾਸਿਓਂ ਘਿਰੇ ਹੋਏ ਹਨ ਅਤੇ ਲੋਕ ਘਰਾਂ ਦੀਆਂ ਛੱਤਾਂ 'ਤੇ ਰਹਿਣ ਲਈ ਮਜ਼ਬੂਰ ਹਨ। 


author

cherry

Content Editor

Related News