ਜਲੰਧਰ : ਫੋਕਲ ਪੁਆਇੰਟ ਨੇੜੇ ਭਿਆਨਕ ਸੜਕ ਹਾਦਸੇ ਦੌਰਾਨ 2 ਦੀ ਮੌਤ (ਵੀਡੀਓ)
Thursday, Jul 18, 2019 - 01:22 AM (IST)
ਜਲੰਧਰ (ਸੋਨੂੰ): ਸ਼ਹਿਰ ਦੇ ਫੋਕਲ ਪੁਆਇੰਟ ਨੇੜੇ ਅੱਜ ਦੇਰ ਰਾਤ ਸੜਕ ਹਾਦਸੇ ਦੌਰਾਨ 2 ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਫੋਕਲ ਪੁਆਇੰਟ ਨੇੜੇ ਅੰਮ੍ਰਿਤਸਰ ਤੋਂ ਲੁਧਿਆਣਾ ਜਾ ਰਹੀ ਰਿਟਜ਼ ਗੱਡੀ ਸਾਹਮਣੇ ਅਵਾਰਾ ਪਸ਼ੂ ਆਉਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ।ਜਿਸ ਦੌਰਾਨ ਗੱਡੀ 'ਚ ਸਵਾਰ 3 ਲੋਕ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਹਸਪਤਾਲ ਇਲਾਜ ਲਈ ਲਿਜਾਇਆ ਗਿਆ ਪਰ ਰਸਤੇ 'ਚ ਹੀ ਪਤੀ-ਪਤਨੀ ਦੀ ਮੌਤ ਹੋ ਗਈ, ਜਦਕਿ ਮਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਫੋਕਲ ਪੁਆਇੰਟ ਚੌਕੀ ਦੇ ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਗਗਨਦੀਪ ਸਿੰਘ ਅਤੇ ਗੁਰਕਿਰਨਦੀਪ ਵਾਸੀ ਲੁਧਿਆਣਾ ਵਜੋਂ ਹੋਈ ਹੈ। ਗਗਨਦੀਪ, ਗੁਰਕਿਰਨਦੀਪ ਅਤੇ ਉਨ੍ਹਾਂ ਦੀ ਮਾਤਾ ਲੁਧਿਆਣਾ ਤੋਂ ਜਲੰਧਰ ਦੇ ਸਰਾਏ ਵਿਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆ ਰਹੇ ਸੀ ਕਿ ਰਸਤੇ ਵਿਚ ਇਹ ਦੁਰਘਟਨਾ ਹੋ ਗਈ। ਰਾਹਗੀਰਾਂ ਦਾ ਕਹਿਣਾ ਸੀ ਕਿ ਪਿਛਲੇ ਕਾਫੀ ਦਿਨਾਂ ਤੋਂ ਪੁਲ ਦੀਆਂ ਸਟਰੀਟ ਲਾਈਟਾਂ ਬੰਦ ਸਨ ਅਤੇ ਇਹੀ ਹਾਦਸੇ ਦਾ ਵੱਡਾ ਕਾਰਣ ਰਿਹਾ ਹੈ। ਮਾਮਲੇ ਦੀ ਸੂਚਨਾ ਮਿਲਣ 'ਤੇ ਥਾਣਾ ਨੰਬਰ 8 ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।