ਜਲੰਧਰ: ਡੇਂਗੂ ਨੇ ਮਚਾਈ ਤਬਾਹੀ, ਨਕੋਦਰ ਵਿਖੇ ਡੇਂਗੂ ਨਾਲ ਕੌਂਸਲਰ ਦੇ ਪੁੱਤਰ ਦੀ ਮੌਤ
Thursday, Oct 28, 2021 - 04:33 PM (IST)
ਨਕੋਦਰ (ਪਾਲੀ)-ਪੰਜਾਬ ’ਚ ਦਿਨੋ-ਦਿਨ ਡੇਂਗੂ ਦੇ ਹਾਲਾਤ ਲਗਾਤਾਰ ਗੰਭੀਰ ਹੁੰਦੇ ਜਾ ਰਹੇ ਹਨ। ਨਕੋਦਰ ’ਚ ਵੀ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਬੀਤੇ ਦਿਨ ਸਮਾਜ ਸੇਵਕ ਅਮਰਜੀਤ ਸਿੰਘ ਅਤੇ ਵਾਰਡ ਨੰਬਰ 1 ਦੀ ਮਹਿਲਾ ਕੌਂਸਲਰ ਸੁਖਵਿੰਦਰ ਕੌਰ ਸ਼ੇਰਪੁਰ ਦੇ ਜਵਾਨ ਪੁੱਤਰ ਵਰਿੰਦਰ ਪਾਲ ਸਿੰਘ (19) ਦੀ ਡੇਂਗੂ ਨਾਲ ਮੌਤ ਹੋ ਗਈ । ਮ੍ਰਿਤਕ ਦੇ ਭਰਾ ਪ੍ਰਦੀਪ ਸਿੰਘ ਸ਼ੇਰਪੁਰ ਨੇ ਦੱਸਿਆ ਕਿ ਵਰਿੰਦਰ ਪਾਲ ਸਿੰਘ ਨੂੰ 2 ਦਿਨ ਪਹਿਲਾ ਡੇਂਗੂ ਹੋਈਆ ਸੀ, ਜਿਸ ਦਾ ਇਲਾਜ ਸਥਾਨਕ ਇਕ ਪ੍ਰਾਈਵੇਟ ਹਸਪਤਾਲ ਤੋਂ ਚਲਦਾ ਸੀ। ਬੁੱਧਵਾਰ ਸਵੇਰੇ ਸਿਹਤ ਜ਼ਿਆਦਾ ਖ਼ਰਾਬ ਹੋਣ ਕਾਰਨ ਜਦੋਂ ਉਸ ਨੂੰ ਇਲਾਜ ਲਈ ਜਲੰਧਰ ਲੈ ਕੇ ਗਏ ਤਾਂ ਉਥੇ ਉਸ ਦੀ ਮੌਤ ਹੋ ਗਈ ।
ਇਹ ਵੀ ਪੜ੍ਹੋ: ਰੰਧਾਵਾ ਵੱਲੋਂ ਨਾਕੇ 'ਤੇ ਰੇਡ ਦੌਰਾਨ ਸਸਪੈਂਡ ਕੀਤੇ ਮੁਲਾਜ਼ਮ ਬੋਲੇ, ‘‘ਸਾਡਾ ਤਾਂ ਕੋਈ ਕਸੂਰ ਹੀ ਨਹੀਂ ਸੀ’’ (ਵੀਡੀਓ)
ਜ਼ਿਕਰਯੋਗ ਹੈ ਕਿ ਜਲੰਧਰ ਜ਼ਿਲ੍ਹੇ ਵਿਚ ਲੋਕਾਂ ਨੂੰ ਕੋਰੋਨਾ ਦੇ ਨਾਲ-ਨਾਲ ਹੁਣ ਡੇਂਗੂ ਦਾ ਪ੍ਰਕੋਪ ਵੀ ਝੱਲਣਾ ਪੈ ਰਿਹਾ ਹੈ। ਬੁੱਧਵਾਰ ਨੂੰ ਜ਼ਿਲ੍ਹੇ ਵਿਚ ਜਿੱਥੇ ਡੇਂਗੂ ਦੇ 23 ਨਵੇਂ ਕੇਸ ਮਿਲੇ, ਉਥੇ ਹੀ 8 ਲੋਕਾਂ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਵ ਆਈ। ਜ਼ਿਲ੍ਹਾ ਐਪੀਡੈਮਿਓਲਾਜਿਸਟ ਡਾ. ਆਦਿੱਤਿਆਪਾਲ ਨੇ ਦੱਸਿਆ ਕਿ ਸਿਹਤ ਮਹਿਕਮੇ ਨੇ ਡੇਂਗੂ ਦੇ ਸ਼ੱਕੀ ਜਿਨ੍ਹਾਂ ਮਰੀਜ਼ਾਂ ਦੇ ਸੈਂਪਲ ਲਏ ਸਨ, ਉਨ੍ਹਾਂ ਵਿਚੋਂ 23 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਦੇ ਨਾਲ ਜ਼ਿਲ੍ਹੇ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 241 ’ਤੇ ਪਹੁੰਚ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸ਼ਹਿਰੀ ਹਲਕਿਆਂ ਤੋਂ 167 ਅਤੇ ਦਿਹਾਤੀ ਹਲਕਿਆਂ ਤੋਂ 74 ਪਾਜ਼ੇਟਿਵ ਮਰੀਜ਼ ਮਿਲ ਚੁੱਕੇ ਹਨ।
ਇਹ ਵੀ ਪੜ੍ਹੋ: ਐਕਸ਼ਨ ’ਚ ਮੰਤਰੀ ਰੰਧਾਵਾ, ਫਿਲੌਰ ਨਾਕੇ ’ਤੇ ਕੀਤੀ ਅਚਨਚੇਤ ਚੈਕਿੰਗ, 3 ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੇ ਦਿੱਤੇ ਹੁਕਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ