ਜਲੰਧਰ: MLA ਰਮਨ ਅਰੋੜਾ ਨਾਲ ਹੋਏ ਸਮਝੌਤੇ ਮਗਰੋਂ DCP ਡੋਗਰਾ ਦਾ ਤਬਾਦਲਾ, ਜਾਣੋ ਪੂਰੇ ਦਿਨ ਦਾ ਘਟਨਾਕ੍ਰਮ
Friday, Sep 23, 2022 - 05:41 PM (IST)
ਜਲੰਧਰ (ਸੁਧੀਰ, ਸੋਨੂੰ, ਵਰੁਣ, ਮ੍ਰਿਦੁਲ)— ਜਲੰਧਰ ਵਿਖੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਅਤੇ ਡੀ. ਸੀ. ਪੀ. ਨਰੇਸ਼ ਡੋਗਰਾ ਦੇ ਵਿਵਾਦ ’ਚ ਉਸ ਸਮੇਂ ਨਵਾਂ ਮੋੜ ਸਾਹਮਣੇ ਆਇਆ ਜਦੋਂ ਪੰਜਾਬ ਸਰਕਾਰ ਨੇ ਸਮਝੌਤਾ ਹੋਣ ਮਗਰੋਂ ਡੀ. ਸੀ. ਪੀ. ਨਰੇਸ਼ ਡੋਗਰਾ ਦਾ ਤਬਾਦਲਾ ਕਰ ਦਿੱਤਾ। ਪੰਜਾਬ ਸਰਕਾਰ ਨੇ ਨਰੇਸ਼ ਡੋਗਰਾ ਦਾ ਤਬਾਦਲਾ ਕਰ ਦਿੱਤਾ ਹੈ। ਡੋਗਰਾ ਨੂੰ ਏ. ਆਈ. ਜੀ. ਪੀ. ਏ. ਪੀ-2 ਤਾਇਨਾਤ ਕੀਤਾ ਗਿਆ ਹੈ। ਇਥੇ ਦੱਸਣਯੋਗ ਹੈ ਕਿ ਬੀਤੇ ਦਿਨੀਂ ਡੀ. ਸੀ. ਪੀ. ਨਰੇਸ਼ ਡੋਗਰਾ ਦਾ ਅਤੇ ਵਿਧਾਇਕ ਰਮਨ ਅਰੋੜਾ ਪ੍ਰਾਪਰਟੀ ਵਿਵਾਦ ਨੂੰ ਸੁਲਝਾਉਣ ਦੌਰਾਨ ਬਹਿਸਬਾਜ਼ੀ ਮਗਰੋਂ ਝਗੜਾ ਹੋ ਗਿਆ ਸੀ। ਵੀਰਵਾਰ ਦੀ ਰਾਤ ਦੋਹਾਂ ’ਚ ਰਾਜੀਨਾਮਾ ਵੀ ਹੋ ਗਿਆ ਹੈ ਪਰ ਇਸ ਦੇ ਬਾਵਜੂਦ ਅੱਜ ਡੀ. ਸੀ. ਪੀ. ਨਰੇਸ਼ ਡੋਗਰਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ।
ਪੰਜਾਬ ਪੁਲਸ ਅਧਿਕਾਰੀਆਂ ਦੇ ਦਬਾਅ ਤੋਂ ਬਾਅਦ ਡੀ. ਸੀ. ਪੀ. ਨਰੇਸ਼ ਡੋਗਰਾ ਤੇ ਵਿਧਾਇਕ ਰਮਨ ਅਰੋੜਾ ਵਿਚਕਾਰ ਹੋਇਆ ਸਮਝੌਤਾ
ਗੁਰੂ ਨਾਨਕ ਮਿਸ਼ਨ ਚੌਂਕ ਸਥਿਤ ਸਵੇਰਾ ਭਵਨ ਵਿਚ ਡੀ. ਸੀ. ਪੀ. ਨਰੇਸ਼ ਡੋਗਰਾ ਅਤੇ ਵਿਧਾਇਕ ਰਮਨ ਅਰੋੜਾ ਵਿਚਕਾਰ ਹੋਏ ਵਿਵਾਦ ਦਾ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਰਾਜ਼ੀਨਾਮਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਰਾਜ਼ੀਨਾਮਾ ਸ਼ਹਿਰ ਦੇ ਇਕ ਪਾਸ਼ ਹੋਟਲ ਵਿਚ ਵੀਰਵਾਰ ਸ਼ਾਮ ਨੂੰ ਹੋ ਗਿਆ। ਇਸ ਦੀ ਪੁਸ਼ਟੀ ਖੁਦ ਡੀ. ਸੀ. ਪੀ. ਨਰੇਸ਼ ਡੋਗਰਾ ਨੇ ਕੀਤੀ ਹੈ।
ਬੁੱਧਵਾਰ ਦੇਰ ਰਾਤ ਤੋਂ ਵੀਰਵਾਰ ਸਵੇਰ ਤੱਕ ਸਵੇਰਾ ਭਵਨ ਵਿਚ ਚੱਲੇ ਹਾਈ ਵੋਲਟੇਜ ਡਰਾਮੇ ਦੌਰਾਨ ਪਹਿਲਾਂ ਤਾਂ ਪੁਲਸ ਪ੍ਰਸ਼ਾਸਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਵਿਧਾਇਕ ਰਮਨ ਅਰੋੜਾ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਨਰੇਸ਼ ਡੋਗਰਾ ’ਤੇ ਖੁਦ ਨੂੰ ਹਾਵੀ ਕਰਨ ਵਿਚ ਕੋਈ ਕਸਰ ਨਾ ਛੱਡੀ। ਇਸ ਤੋਂ ਬਾਅਦ ਪੁਲਸ ’ਤੇ ਡੀ. ਸੀ. ਪੀ. ਨਰੇਸ਼ ਡੋਗਰਾ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਵੀ ਦਬਾਅ ਪਾਇਆ ਗਿਆ।
ਇਹ ਵੀ ਪੜ੍ਹੋ: DCP ਨਰੇਸ਼ ਡੋਗਰਾ ਤੇ ਵਿਧਾਇਕ ਦੇ ਵਿਵਾਦ ਨੂੰ ਲੈ ਕੇ ਖਹਿਰਾ ਨੇ ਘੇਰੀ ‘ਆਪ’, ਟਵੀਟ ਕਰਕੇ ਖੜ੍ਹੇ ਕੀਤੇ ਸਵਾਲ
ਨਰੇਸ਼ ਡੋਗਰਾ ਦੇ ਵਾਇਰਲ ਵੀਡੀਓ ਨੇ ਬਦਲਿਆ ਮਾਹੌਲ
ਹਾਲਾਂਕਿ ਵਿਵਾਦ ਤੋਂ ਬਾਅਦ ਤੜਕੇ ਲਗਭਗ ਸਵਾ 4 ਵਜੇ ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਨੇ ਪੁਸ਼ਟੀ ਕੀਤੀ ਸੀ ਕਿ ਡੀ. ਸੀ. ਪੀ. ਨਰੇਸ਼ ਡੋਗਰਾ ਖ਼ਿਲਾਫ਼ ਐੱਫ਼. ਆਈ. ਆਰ. ਨੰਬਰ 159, ਧਾਰਾ 307, ਐੱਸ. ਸੀ./ਐੱਸ. ਟੀ. ਐਕਟ ਅਧੀਨ ਥਾਣਾ ਨੰਬਰ 6 ਵਿਚ ਕੇਸ ਦਰਜ ਕਰ ਲਿਆ ਗਿਆ ਹੈ ਪਰ ਬਾਅਦ ਵਿਚ ਡੀ. ਸੀ. ਪੀ. ਜਗਮੋਹਨ ਸਿੰਘ ਨੇ ਸਾਫ਼ ਕਰ ਦਿੱਤਾ ਕਿ ਅਜਿਹਾ ਕੋਈ ਕੇਸ ਦਰਜ ਨਹੀਂ ਹੋਇਆ। ਵੀਰਵਾਰ ਸਵੇਰੇ ਸਾਹਮਣੇ ਆਏ ਇਕ ਵਾਇਰਲ ਵੀਡੀਓ ਨੇ ਪੂਰਾ ਮਾਹੌਲ ਹੀ ਬਦਲ ਦਿੱਤਾ।
ਵੀਡੀਓ ਵਿਚ ਨਰੇਸ਼ ਡੋਗਰਾ ਨੂੰ ਹੇਠਾਂ ਜ਼ਮੀਨ ’ਤੇ ਬਿਠਾਇਆ ਹੋਇਆ ਸੀ, ਜਦਕਿ ਇਕ ਹੋਰ ਵੀਡੀਓ ਕਲਿੱਪ ਵਿਚ ਨਰੇਸ਼ ਡੋਗਰਾ ਨੂੰ ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਜਦੋਂ ਸਵੇਰਾ ਭਵਨ ਤੋਂ ਬਾਹਰ ਸੁਰੱਖਿਆ ਵਿਚਕਾਰ ਲਿਆ ਰਹੇ ਸਨ ਤਾਂ ਰਮਨ ਅਰੋੜਾ ਦੇ ਸਮਰਥਕਾਂ ਨੇ ਨਾ ਸਿਰਫ਼ ਉਨ੍ਹਾਂ ਨਾਲ ਗਾਲੀ-ਗਲੋਚ ਕੀਤਾ, ਸਗੋਂ ਕੁੱਟਮਾਰ ਕਰਨ ਦੀ ਵੀ ਕੋਸ਼ਿਸ਼ ਕੀਤੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਸ ਫਰੰਟ ਫੁੱਟ ’ਤੇ ਆ ਗਈ ਅਤੇ ਰਮਨ ਅਰੋੜਾ ਤੇ ਉਨ੍ਹਾਂ ਦੇ ਸਮਰਥਕ ਬੈਕਫੁੱਟ ’ਤੇ ਚਲੇ ਗਏ।
ਇਸ ਤੋਂ ਇਲਾਵਾ ਸੂਤਰਾਂ ਦੀ ਮੰਨੀਏ ਤਾਂ ਡੀ. ਸੀ. ਪੀ. ਨਰੇਸ਼ ਡੋਗਰਾ ਨੇ ਵੀਰਵਾਰ ਸਵੇਰੇ 6 ਵਜੇ ਹਸਪਤਾਲ ਵਿਚ ਜਾ ਕੇ ਐੱਮ. ਐੱਲ. ਆਰ. ਵੀ ਕਟਵਾ ਲਈ। ਇਸ ਤੋਂ ਬਾਅਦ ਉਕਤ ਐੱਮ. ਐੱਲ. ਆਰ. ਪੁਲਸ ਨੂੰ ਦੇ ਦਿੱਤੀ ਗਈ, ਜਿਸ ਤੋਂ ਬਾਅਦ ਸ਼ਹਿਰ ਦੇ ਪੁਲਸ ਅਧਿਕਾਰੀਆਂ ਵਿਚ ਵਿਧਾਇਕ ਰਮਨ ਅਰੋੜਾ ਖ਼ਿਲਾਫ਼ ਰੋਸ ਵਧਣ ਲੱਗਾ ਅਤੇ ਰਾਜ਼ੀਨਾਮੇ ਦਾ ਦਬਾਅ ਬਣਨ ਲੱਗਾ।
ਇਹ ਵੀ ਪੜ੍ਹੋ: ‘ਆਪ’ ਵੱਲੋਂ ਬੁਲਾਏ ਗਏ ਵਿਸ਼ੇਸ਼ ਸੈਸ਼ਨ ਨੂੰ ਭਾਜਪਾ ਨੇ ਦੱਸਿਆ ਫਰਜ਼ੀ, ‘ਆਪਰੇਸ਼ਨ ਲੋਟਸ’ ’ਤੇ ਕਹੀ ਇਹ ਗੱਲ
ਵਿਧਾਇਕ ਰਮਨ ਅਰੋੜਾ ਦੀ ਧਮਕੀ ਭਰੀ ਆਡੀਓ ਕਲਿੱਪ ਹੁੰਦੀ ਰਹੀ ਵਾਇਰਲ
ਵੀਰਵਾਰ ਸਾਰਾ ਦਿਨ ਵਿਧਾਇਕ ਰਮਨ ਅਰੋੜਾ ਅਤੇ ਡੀ. ਸੀ. ਪੀ. ਨਰੇਸ਼ ਡੋਗਰਾ ਵਿਚਕਾਰ ਗੱਲਬਾਤ ਦੀ ਇਕ ਆਡੀਓ ਕਲਿੱਪ ਵੀ ਵਾਇਰਲ ਹੁੰਦੀ ਰਹੀ। ਇਸ ਕਲਿੱਪ ਵਿਚ ਵਿਧਾਇਕ ਕਾਫ਼ੀ ਗੁੱਸੇ ਵਿਚ ਡੀ. ਸੀ. ਪੀ. ਨਾਲ ਗੱਲ ਕਰ ਰਹੇ ਸਨ। ਤੂੰ-ਤੜਾਕ ਕਰਦੇ ਹੋਏ ਉਨ੍ਹਾਂ ਡੋਗਰਾ ਨੂੰ ਕਿਹਾ ਕਿ ਥੋੜ੍ਹਾ ਸਮਾਂ ਪਹਿਲਾਂ ਹੀ ਤੂੰ ਮੇਰੇ ਗੋਡੇ ਦਬਾ ਕੇ ਗਿਆ ਸੀ ਪਰ ਇਸ ਵਾਰ ਉਹ ਮੁਆਫ਼ੀ ਨਹੀਂ ਦੇਣਗੇ। ਤੇਰੀ ਸਵੇਰੇ ਕਲਾਸ ਲੱਗੇਗੀ ਅਤੇ ਫਿਰ ਦੇਖੀਂ ਤੂੰ ਕਿੱਥੇ ਜਾਂਦਾ ਹੈਂ। ਹਾਲਾਂਕਿ ਡੀ. ਸੀ. ਪੀ. ਨਰੇਸ਼ ਡੋਗਰਾ ਉਨ੍ਹਾਂ ਨਾਲ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਇਸ ਦੌਰਾਨ ਵਿਧਾਇਕ ਨੇ ਫੋਨ ਕੱਟ ਦਿੱਤਾ। ਉਕਤ ਗੱਲਬਾਤ ਦੀ ਆਡੀਓ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਈ ਤਰ੍ਹਾਂ ਦੀ ਚਰਚਾ ਹੁੰਦੀ ਰਹੀ।
ਦੀਪਕ ਬਾਲੀ ਨੇ ਨਿਭਾਈ ਅਹਿਮ ਭੂਮਿਕਾ
ਸਵੇਰਾ ਭਵਨ ਵਿਚ ਡੀ. ਸੀ. ਪੀ. ਨਰੇਸ਼ ਡੋਗਰਾ ਅਤੇ ਵਿਧਾਇਕ ਰਮਨ ਅਰੋੜਾ ਵਿਚਕਾਰ ਹੋਏ ਵਿਵਾਦ ਨੂੰ ਹੱਲ ਕਰਨ ਲਈ ਕਈ ਪੁਲਸ ਅਫਸਰ ਜੁਟੇ ਹੋਏ ਸਨ। ਦੇਰ ਸ਼ਾਮ ਇਕ ਹੋਟਲ ਵਿਚ ਦੋਵਾਂ ਵਿਚਕਾਰ ਇਕ ਮੀਟਿੰਗ ਕਰਵਾਈ ਗਈ, ਜਿਸ ਵਿਚ ਆਮ ਆਦਮੀ ਪਾਰਟੀ ਦੇ ਆਗੂ ਦੀਪਕ ਬਾਲੀ ਵੀ ਮੌਜੂਦ ਸਨ ਅਤੇ ਉਨ੍ਹਾਂ ਮਾਮਲੇ ਨੂੰ ਹੱਲ ਕਰਵਾਇਆ। ਇਸ ਸਬੰਧ ਵਿਚ ਦੀਪਕ ਬਾਲੀ ਦਾ ਕਹਿਣਾ ਸੀ ਕਿ ਕੁਝ ਗਿਲੇ-ਸ਼ਿਕਵੇ ਸਨ, ਜਿਹੜੇ ਦੂਰ ਹੋ ਗਏ ਹਨ।
ਡੀ. ਸੀ. ਪੀ.-ਵਿਧਾਇਕ ਵਿਵਾਦ ’ਤੇ ਵਿਰੋਧੀ ਧਿਰ ਨੇ ਖੋਲ੍ਹਿਆ ਮੋਰਚਾ, ਡੀ. ਸੀ. ਪੀ. ਰੈਂਕ ਦੇ ਅਧਿਕਾਰੀ ਦੀ ਦੁਰਦਸ਼ਾ ਅਸਹਿਣਯੋਗ : ਭਾਜਪਾ
ਇਸ ਮਾਮਲੇ ਨੂੰ ਲੈ ਕੇ ਭਾਜਪਾ ਦੇ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਜਿਸ ਉਦੇਸ਼ ਨਾਲ ਲੋਕਾਂ ਨੇ ਸੱਤਾ ਵਿਚ ਲਿਆਂਦਾ ਸੀ, ਉਸ ਉਦੇਸ਼ ਨਾਲ ਪਾਰਟੀ ਦੇ ਵਿਧਾਇਕ ਭੁੱਲ ਗਏ ਹਨ। ਉਨ੍ਹਾਂ ਕਿਹਾ ਕਿ ਡੀ. ਸੀ. ਪੀ. ਰੈਂਕ ਦੇ ਅਧਿਕਾਰੀ ਨੂੰ ਬੁਲਾ ਕੇ ਉਸ ’ਤੇ ਹਮਲਾ ਕਰਨਾ ਚਿੰਤਾ ਦਾ ਵਿਸ਼ਾ ਹੈ। ਇਸ ਨਾਲ ਪੁਲਸ ਫੋਰਸ ਦਾ ਮਨੋਬਲ ਡਿੱਗਿਆ ਹੈ। ਪੁਲਸ ਨੇ ਆਪਣੇ ਦਮ ’ਤੇ ਪੰਜਾਬ ਵਿਚੋਂ ਅੱਤਵਾਦ ਦਾ ਖਾਤਮਾ ਕੀਤਾ ਹੈ ਪਰ ਪੁਲਸ ਨੂੰ ਸਹਿਯੋਗ ਦੇਣ ਦੀ ਥਾਂ ਉਸ ਨਾਲ ਅਜਿਹਾ ਸਲੂਕ ਬਹੁਤ ਨਿੰਦਣਯੋਗ ਹੈ। ਭੰਡਾਰੀ ਨੇ ਕਿਹਾ ਕਿ ਇਤਿਹਾਸ ਵਿਚ ਅਜਿਹਾ ਪੰਜਾਬ ਵਿਚ ਕਦੀ ਨਹੀਂ ਸੁਣਿਆ ਕਿ ਮਾਮੂਲੀ ਵਿਵਾਦ ਨੂੰ ਲੈ ਕੇ ਵਿਧਾਇਕ ਜਾਂ ਫਿਰ ਕਿਸੇ ਪਾਰਟੀ ਦੇ ਵਰਕਰਾਂ ਨੇ ਕੋਈ ਅਜਿਹਾ ਘਿਨੌਣਾ ਕੰਮ ਕੀਤਾ ਹੋਵੇ। ਉਨ੍ਹਾਂ ਡੀ. ਜੀ. ਪੀ. ਤੋਂ ਮੰਗ ਕੀਤੀ ਉਹ ਆਪਣੀ ਪੁਲਸ ਫੋਰਸ ਬਾਰੇ ਵੀ ਸੋਚਣ।
ਇਹ ਵੀ ਪੜ੍ਹੋ: ਫਗਵਾੜਾ ਦੀ ਨਿੱਜੀ ਯੂਨੀਵਰਸਿਟੀ ’ਚ ਖ਼ੁਦਕੁਸ਼ੀ ਕਰਨ ਵਾਲੇ ਵਿਦਿਆਰਥੀ ਦਾ ਸੁਸਾਈਡ ਨੋਟ ਆਇਆ ਸਾਹਮਣੇ, ਕੀਤਾ ਵੱਡਾ ਖ਼ੁਲਾਸਾ
ਵਿਵਾਦਾਂ ਨਾਲ ਨਵਾਂ ਨਾਤਾ ਨਹੀਂ ਹੈ ਵਿਧਾਇਕ ਦਾ : ਮਨੋਰੰਜਨ ਕਾਲੀਆ
ਵਿਧਾਇਕ ਰਮਨ ਅਰੋੜਾ ਅਤੇ ਨਰੇਸ਼ ਡੋਗਰਾ ਵਿਚਕਾਰ ਹੋਏ ਵਿਵਾਦ ਨੂੰ ਲੈ ਕੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਜਿਸ ਕਾਂਡ ਵਿਚ ਸਾਰੇ ਮਾਮਲੇ ਦਾ ਸਮਝੌਤਾ ਹੋਇਆ ਹੈ, ਉਸ ਤੋਂ ਇਕ ਗੱਲ ਤਾਂ ਸਾਫ ਹੈ ਕਿ ਜਿਸ ਤਰ੍ਹਾਂ ਨਾਲ ਕੁੱਟਮਾਰ ਦੀ ਵੀਡੀਓ ਅਤੇ ਆਡੀਓ ਰਿਕਾਰਡਿੰਗ ਵਾਇਰਲ ਹੋਈ ਹੈ, ਉਸ ਤੋਂ ‘ਆਪ’ ਆਗੂ ਦੀ ਮਾਨਸਿਕਤਾ ਦਾ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ। ਜੇਕਰ ਏ. ਡੀ. ਸੀ. ਪੀ. ਰੈਂਕ ਦੇ ਅਧਿਕਾਰੀ ਨਾਲ ‘ਆਪ’ ਆਗੂ ਅਜਿਹਾ ਰਵੱਈਆ ਅਪਣਾ ਸਕਦੇ ਸਨ ਤਾਂ ਆਮ ਜਨਤਾ ਨੂੰ ਇਨ੍ਹਾਂ ਆਗੂਆਂ ਤੋਂ ਰੱਬ ਹੀ ਬਚਾਵੇ।
ਕਾਲੀਆ ਨੇ ਆਮ ਆਦਮੀ ਪਾਰਟੀ ਦੇ ਆਗੂ ’ਤੇ ਵਰ੍ਹਦਿਆਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਵਿਧਾਇਕ ਰਮਨ ਅਰੋੜਾ ਵੱਲੋਂ ਅਜਿਹੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਚੋਣਾਂ ਦੇ ਸਮੇਂ ਵੀ ਉਕਤ ਆਗੂ ਵੱਲੋਂ ਔਰਤਾਂ ਪ੍ਰਤੀ ਵਰਤੀ ਸ਼ਬਦਾਵਲੀ ਲੋਕਾਂ ਨੂੰ ਭੁੱਲੀ ਨਹੀਂ ਹੈ, ਜਿਸ ਵਿਚ ਵਿਧਾਇਕ ਅਰੋੜਾ ਵੱਲੋਂ ਔਰਤਾਂ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਸੀ। ਇਹ ਉਕਤ ਆਗੂ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ।
ਡੀ. ਸੀ. ਪੀ. ਡੋਗਰਾ ਨਾਲ ਹੱਥੋਪਾਈ ਨਿੰਦਣਯੋਗ : ਚੰਦਨ ਗਰੇਵਾਲ
ਸਫ਼ਾਈ ਕਰਮਚਾਰੀ ਫੈੱਡਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲ ਨੇ ‘ਆਪ’ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਡੀ. ਸੀ. ਪੀ. ਨਰੇਸ਼ ਡੋਗਰਾ ਬਹੁਤ ਈਮਾਨਦਾਰ ਅਤੇ ਤੇਜ਼ਤਰਾਰ ਅਧਿਕਾਰੀ ਹਨ। ਉਨ੍ਹਾਂ ਨਾਲ ਹੱਥੋਪਾਈ ਕਰਨਾ ਅਤੇ ਉਹ ਵੀ ਰਸੂਖਦਾਰ ਵਿਅਕਤੀ ਦੀ ਹਾਜ਼ਰੀ ਵਿਚ, ਬਹੁਤ ਨਿੰਦਣਯੋਗ ਹੈ। ਦੂਜੇ ਪਾਸੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿਆਸੀ ਪਾਰਟੀਆਂ ਦਾ ਪੁਲਸ ਪ੍ਰਤੀ ਅਜਿਹਾ ਰਵੱਈਆ ਬਿਲਕੁਲ ਸਹੀ ਨਹੀਂ ਹੈ। ਇਸ ਮਾਮਲੇ ਵਿਚ ਐੱਸ. ਸੀ./ਐੱਸ. ਟੀ. ਐਕਟ ਦੀ ਗਲਤ ਵਰਤੋਂ ਕਰਨਾ ਦੋਹਰੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਕਿਉਂਕਿ ਹਰ ਮਾਮਲੇ ਵਿਚ ਕਿਸੇ ਦਲਿਤ ਵਿਅਕਤੀ ਨੂੰ ਖੜ੍ਹਾ ਕਰ ਕੇ ਐੱਸ. ਸੀ./ਐੱਸ. ਟੀ. ਐਕਟ ਦੀ ਵਰਤੋਂ ਕਰਦਿਆਂ ਕਿਸੇ ਨੂੰ ਬਲੈਕਮੇਲ ਕਰਨਾ ਬਹੁਤ ਵੱਡਾ ਜੁਰਮ ਹੈ। ਗਰੇਵਾਲ ਨੇ ਕਿਹਾ ਕਿ ਪੰਜਾਬ ਪੁਲਸ ਦੇ ਅਧਿਕਾਰੀਆਂ ਦੀ ਇਕ ਯੂਨੀਅਨ ਹੋਣੀ ਚਾਹੀਦੀ ਹੈ, ਜਿਸ ਤਰ੍ਹਾਂ ਪਹਿਲਾਂ ਪੀ. ਪੀ. ਐੱਸ. ਅਧਿਕਾਰੀਆਂ ਦੀ ਹੁੰਦੀ ਸੀ। ਉਕਤ ਯੂਨੀਅਨ ਭੰਗ ਹੋਣ ਕਾਰਨ ਅਜਿਹੇ ਝਗੜੇ ਹੋਣ ਲੱਗੇ ਹਨ। ਪੀ. ਸੀ. ਐੱਸ. ਅਧਿਕਾਰੀਆਂ ਵਾਂਗ ਪੰਜਾਬ ਪੁਲਸ ਦੇ ਅਧਿਕਾਰੀਆਂ ਦੀ ਵੀ ਯੂਨੀਅਨ ਹੋਣੀ ਚਾਹੀਦੀ ਹੈ ਤਾਂ ਕਿ ਜਿਸ ਤਰ੍ਹਾਂ ਨਾਲ ਪੀ. ਸੀ. ਐੱਸ. ਅਧਿਕਾਰੀਆਂ ਨੇ ਇਕ ਵਾਰ ਵਿਧਾਇਕ ਕੋਲੋਂ ਮੁਆਫੀ ਮੰਗਵਾਈ ਸੀ, ਉਸੇ ਤਰ੍ਹਾਂ ਪੁਲਸ ਅਧਿਕਾਰੀ ਵੀ ਇਕੱਠੇ ਹੋ ਕੇ ਇਨਸਾਫ ਮੰਗ ਸਕਣ।
ਇਹ ਵੀ ਪੜ੍ਹੋ: ਫਗਵਾੜਾ: ਨਿੱਜੀ ਯੂਨੀਵਰਸਿਟੀ ਖ਼ੁਦਕੁਸ਼ੀ ਮਾਮਲੇ 'ਚ ਪ੍ਰੋਫ਼ੈਸਰ ਖ਼ਿਲਾਫ਼ ਸਖ਼ਤ ਕਾਰਵਾਈ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ