ਜਲੰਧਰ: ਕਰਫਿਊ 'ਚ ਤਾਇਨਾਤ ਪੁਲਸ ਦੇ ਜਵਾਨਾਂ ਦੀ ਕੁਝ ਇਸ ਤਰ੍ਹਾਂ ਹੋ ਰਹੀ ਹੈ ਹੌਸਲਾ ਅਫਜ਼ਾਈ
Sunday, Apr 12, 2020 - 06:08 PM (IST)
ਜਲੰਧਰ (ਵਿਕਰਮ)— ਪੰਜਾਬ 'ਚ ਲਗਾਤਾਰ ਕੋਰੋਨਾ ਵਾਇਰਸ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਹੁਣ ਤੱਕ ਕੁਲ 170 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 12 ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਦੇ ਵਧਦੇ ਕਹਿਰ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ 1 ਮਈ ਤੱਕ ਕਰਫਿਊ ਦੀ ਮਿਆਦ ਵਧਾਈ ਗਈ ਹੈ। ਕਰਫਿਊ ਦੀ ਸਖਤੀ ਨਾਲ ਪਾਲਣਾ ਕਰਵਾਉਣ ਲਈ ਪੁਲਸ ਦੇ ਜਵਾਨਾਂ ਨੂੰ ਚੌਰਾਹਿਆਂ 'ਤੇ ਤਾਇਨਾਤ ਕੀਤਾ ਗਿਆ ਹੈ। ਕੋਰੋਨਾ ਦੇ ਦੌਰ 'ਚ ਜਿੱਥੇ ਪੁਲਸ ਦੇ ਜਵਾਨ ਮੁਸਤੈਦ ਹੋ ਕੇ ਆਪਣੀ ਡਿਊਟੀ ਕਰਦੇ ਹੋਏ ਨਜ਼ਰ ਆ ਰਹੇ ਹਨ, ਉਥੇ ਹੀ ਉਨ੍ਹ੍ਹਾਂ ਦੀ ਵੱਡੇ ਅਧਿਕਾਰੀਆਂ ਵੱਲੋਂ ਹੌਸਲਾ ਅਫਜ਼ਾਈ ਵੀ ਬੇਹੱਦ ਕੀਤੀ ਜਾ ਰਹੀ ਹੈ।
ਕਰਫਿਊ ਦੌਰਾਨ ਜਲੰਧਰ 'ਚ ਪੁਲਸ ਦੇ ਜਵਾਨਾਂ ਦੀ ਹੌਸਲਾ ਅਫਜ਼ਾਈ ਕਰਨ ਦੇ ਲਈ ਜਲੰਧਰ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਪ੍ਰਸ਼ੰਸਾ ਪੱਤਰ ਦਿੱਤੇ ਜਾ ਰਹੇ ਹਨ। ਵੱਖ-ਵੱਖ ਨਾਕਿਆਂ 'ਤੇ ਤਾਇਨਾਤ ਪੁਲਸ ਦੇ ਜਵਾਨਾਂ ਨੂੰ ਪ੍ਰਸ਼ੰਸਾ ਪੱਤਰ ਉਨ੍ਹਾਂ ਨੂੰ ਸੀਨੀਅਰ ਅਧਿਕਾਰੀਆਂ ਨੇ ਦਿੱਤੇ। ਇਸ ਦੇ ਨਾਲ ਹੀ ਪੁਲਸ ਦੇ ਜਵਾਨਾਂ ਦੀ ਹੌਸਲਾ ਅਫਜ਼ਾਈ ਲਈ ਜਵਾਨਾਂ ਨੂੰ ਫਲ ਵੀ ਵੰਡੇ ਗਏ।
ਪੰਜਾਬ 'ਚ ਕੋਰੋਨਾ ਦੇ ਪਾਜ਼ੀਟਿਵ ਕੇਸਾਂ ਦਾ ਅੰਕੜਾ 170 ਤੱਕ ਪੁੱਜਾ
ਜ਼ਿਕਰਯੋਗ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਤੱਕ ਪੰਜਾਬ 'ਚੋਂ 170 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਮੋਹਾਲੀ ਜ਼ਿਲੇ ਤੋਂ 53, ਨਵਾਂਸ਼ਹਿਰ 'ਚ 19, ਪਠਾਨਕੋਟ ਤੋਂ 16, ਹੁਸ਼ਿਆਰਪੁਰ ਤੋਂ 7, ਜਲੰਧਰ ਤੋਂ 22, ਮਾਨਸਾ ਅਤੇ ਅੰਮ੍ਰਿਤਸਰ ਜ਼ਿਲੇ ਤੋਂ 11-11, ਲੁਧਿਆਣਾ ਜ਼ਿਲੇ ਤੋਂ 10, ਮੋਗਾ ਜ਼ਿਲੇ ਤੋਂ 4, ਰੂਪਨਗਰ ਤੋਂ 3, ਫਤਹਿਗੜ੍ਹ ਸਾਹਿਬ, ਸੰਗਰੂਰ, ਬਰਨਾਲਾ ਅਤੇ ਫਰੀਦਕੋਟ ਜ਼ਿਲੇ ਤੋਂ 2-2, ਪਟਿਆਲਾ, ਕਪੂਰਥਲਾ, ਫਗਵਾੜਾ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ 1-1 ਮਾਮਲਾ ਸਾਹਮਣੇ ਆਇਆ ਹੈ। ਸਰਕਾਰ ਵੱਲੋਂ ਜਾਰੀ ਬੁਲੇਟਿਨ ਅਨੁਸਾਰ ਹੁਣ ਤੱਕ 20 ਮਰੀਜ਼ ਠੀਕ ਹੋ ਚੁੱਕੇ ਹਨ, ਜਦੋਂ ਕਿ 12 ਮਰੀਜ਼ਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।