ਰੇਹੜੀਆਂ ਨੂੰ ਲੈ ਕੇ ਵੱਡੇ ਐਕਸ਼ਨ ਦੀ ਤਿਆਰੀ ''ਚ ਜਲੰਧਰ ਨਿਗਮ, ਇਹ ਸਖ਼ਤ ਪ੍ਰਕਿਰਿਆ ਹੋਈ ਸ਼ੁਰੂ
Thursday, Feb 20, 2025 - 03:59 PM (IST)

ਜਲੰਧਰ (ਪੁਨੀਤ)–ਨਗਰ ਨਿਗਮ ਵੱਲੋਂ ਸ਼ਹਿਰ ਵਿਚ ਰੇਹੜੀਆਂ-ਫੜ੍ਹੀਆਂ ਨੂੰ ਵਿਵਸਥਿਤ ਕਰਨ ਅਤੇ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਟਰੀਟ ਵੈਂਡਿੰਗ ਜ਼ੋਨ ਵਿਕਸਿਤ ਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਇਸ ਪਾਇਲਟ ਪ੍ਰਾਜੈਕਟ ਅਧੀਨ 4 ਥਾਵਾਂ ’ਤੇ ਸਟਰੀਟ ਵੈਂਡਿੰਗ ਜ਼ੋਨ ਤਿਆਰ ਕੀਤੇ ਜਾ ਰਹੇ ਹਨ, ਜਿਸ ਨਾਲ ਸ਼ਹਿਰ ਵਿਚ ਅਨਕੰਟਰੋਲ ਰੇਹੜੀਆਂ ਨੂੰ ਕੰਟਰੋਲ ਕੀਤਾ ਜਾ ਸਕੇ।
ਇਸ ਸਬੰਧ ਵਿਚ ਮੇਅਰ ਵਨੀਤ ਧੀਰ ਵੱਲੋਂ ਤਹਿਬਾਜ਼ਾਰੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਦਕਿ ਕਮਿਸ਼ਨਰ ਗੌਤਮ ਜੈਨ ਸਮੇਤ ਹੋਰ ਅਧਿਕਾਰੀਆਂ ਨੇ ਵੀ ਮੀਟਿੰਗ ਵਿਚ ਆਪਣੀ ਹਾਜ਼ਰੀ ਦਰਜ ਕਰਵਾਈ। ਨਗਰ ਨਿਗਮ ਵੱਲੋਂ ਪਹਿਲੇ ਪੜਾਅ ਵਿਚ ਜਿਹੜੀਆਂ 4 ਥਾਵਾਂ ਨੂੰ ਸਟਰੀਟ ਵੈਂਡਿੰਗ ਜ਼ੋਨ ਦੇ ਰੂਪ ਵਿਚ ਵਿਕਸਿਤ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿਚ ਆਦਰਸ਼ ਨਗਰ ਚੌਪਾਟੀ ਵਾਲੀ ਥਾਂ ਨੂੰ ਪੂਰੀ ਤਰ੍ਹਾਂ ਪੁਨਰ-ਵਿਕਸਿਤ ਕੀਤਾ ਜਾਵੇਗਾ। ਉਥੇ ਹੀ, 120 ਫੁੱਟੀ ਰੋਡ ’ਤੇ ਲੱਗਣ ਵਾਲੇ ਮੰਡੀ ਏਰੀਆ ਵਿਚ ਕੰਮ ਕਰਵਾਇਆ ਜਾ ਰਿਹਾ ਹੈ। ਮਕਸੂਦਾਂ ਥਾਣੇ ਦੇ ਸਾਹਮਣੇ ਨਿਗਮ ਦੀ ਜ਼ਮੀਨ ’ਤੇ ਵੈਂਡਿੰਗ ਜ਼ੋਨ ਸਥਾਪਤ ਹੋਵੇਗਾ ਅਤੇ ਨਾਲ ਹੀ 7 ਨੰਬਰ ਥਾਣੇ ਦੇ ਸਾਹਮਣੇ ਮੰਡੀ ਇਲਾਕੇ ਵਿਚ ਸਟਰੀਟ ਵੈਂਡਿੰਗ ਜ਼ੋਨ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲ 'ਚ ਰੂਹ ਕੰਬਾਊ ਘਟਨਾ, ਜਨਰੇਟਰ 'ਚ ਵਾਲ ਫਸਣ ਕਾਰਨ ਔਰਤ ਦੀ ਦਰਦਨਾਕ ਮੌਤ
ਇਨ੍ਹਾਂ ਵੈਂਡਿੰਗ ਜ਼ੋਨਾਂ ਵਿਚ ਮੁੱਢਲੀਆਂ ਸਹੂਲਤਾਂ ਧਿਆਨ ਰੱਖਿਆ ਜਾ ਰਿਹਾ ਹੈ ਤਾਂ ਕਿ ਰੇਹੜੀ-ਫੜ੍ਹੀ ਸੰਚਾਲਕਾਂ ਨੂੰ ਵਿਵਸਥਿਤ ਥਾਂ ਮਿਲ ਸਕੇ ਅਤੇ ਆਮ ਜਨਤਾ ਨੂੰ ਵੀ ਬਿਹਤਰ ਮਾਹੌਲ ਮਿਲੇ। ਨਗਰ ਨਿਗਮ ਨੇ 1500 ਰੇਹੜੀਆਂ ਦਾ ਡਾਟਾ ਇਕੱਤਰ ਕਰ ਲਿਆ ਹੈ ਅਤੇ ਰੋਜ਼ਾਨਾ ਲਗਭਗ 150 ਨਵੀਆਂ ਰੇਹੜੀਆਂ ਲਿਸਟ ਵਿਚ ਦਰਜ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਹਰੇਕ ਰੇਹੜੀ ਨੂੰ ਨਿਗਮ ਵੱਲੋਂ ਵਿਸ਼ੇਸ਼ ਨੰਬਰ ਪਲੇਟ ਜਾਰੀ ਕੀਤੀ ਜਾਵੇਗੀ, ਜਿਸ ਵਿਚ ਸਬੰਧਤ ਵਿਅਕਤੀ ਦਾ ਨਾਂ, ਪਤਾ ਅਤੇ ਰੇਹੜੀ ਦਾ ਵੇਰਵਾ ਦਰਜ ਹੋਵੇਗਾ। ਇਸ ਤਹਿਤ ਹਰ ਰੇਹੜੀ ’ਤੇ ਕਿਊ. ਆਰ. ਕੋਡ ਵਾਲੀ ਨੰਬਰ ਪਲੇਟ ਲਾਈ ਜਾਵੇਗੀ। ਇਸ ਦੇ ਲਈ ਪਲੇਟਾਂ ਫਾਈਨਲ ਕਰ ਲਈਆਂ ਗਈਆਂ ਹਨ। ਸਬਜ਼ੀ ਵੇਚਣ ਵਾਲੀਆਂ, ਖਾਣ-ਪੀਣ ਵਾਲੀਆਂ ਅਤੇ ਹੋਰ ਰੇਹੜੀਆਂ ’ਤੇ ਵੱਖਰੇ ਰੰਗ ਦੀ ਪਲੇਟ ਹੋਵੇਗੀ। ਰੇਹੜੀ ਦਾ ਸਥਾਨ ਅਤੇ ਸੰਚਾਲਨ ਦਾ ਵੇਰਵਾ ਰਿਕਾਰਡ ਵਿਚ ਦਰਜ ਕੀਤਾ ਜਾਵੇਗਾ। ਇਸ ਵਿਚ ਸਖ਼ਤ ਨਿਗਰਾਨੀ ਹੋਵੇਗੀ ਤਾਂ ਕਿ ਟ੍ਰੈਫਿਕ ਜਾਮ ਦੀ ਸਮੱਸਿਆ ਘੱਟ ਸਕੇ। ਨਗਰ ਨਿਗਮ ਦੇ ਅਧਿਕਾਰੀਆਂ ਅਨੁਸਾਰ ਨਵੀਂ ਵਿਵਸਥਾ ਨਾਲ ਨਾਜਾਇਜ਼ ਰੇਹੜੀਆਂ ਨੂੰ ਹਟਾਉਣ ਵਿਚ ਮਦਦ ਮਿਲੇਗੀ ਅਤੇ ਸ਼ਹਿਰ ਦੀਆਂ ਸੜਕਾਂ ’ਤੇ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਰਾਹਤ ਮਿਲੇਗੀ।
ਇਹ ਵੀ ਪੜ੍ਹੋ : ਜਲੰਧਰ 'ਚ ਰੂਹ ਕੰਬਾਊ ਹਾਦਸਾ, ਸਪੋਰਟਸ ਕਾਰੋਬਾਰੀਆਂ ਦੇ 2 ਪੁੱਤਰਾਂ ਦੀ ਮੌਤ, ਸਿਰ ਤੋਂ ਲੰਘੀਆਂ ਗੱਡੀਆਂ
ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਲਦ ਰੇਹੜੀ ਮਾਲਕਾਂ ਨੂੰ ਨੰਬਰ ਪਲੇਟਾਂ ਵੰਡ ਦਿੱਤੀਆਂ ਜਾਣਗੀਆਂ ਤਾਂ ਕਿ ਨਾਜਾਇਜ਼ ਰੇਹੜੀਆਂ ’ਤੇ ਰੋਕ ਲੱਗ ਸਕੇ ਤੇ ਰੇਹੜੀਆਂ ਦਾ ਸਹੀ ਰਿਕਾਰਡ ਰੱਖਿਆ ਜਾ ਸਕੇ। ਅੱਜ ਦੀ ਮੀਟਿੰਗ ਵਿਚ ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਨਾਲ ਮਿਲ ਕੇ ਕਈ ਮਹੱਤਵਪੂਰਨ ਫੈਸਲੇ ਲਏ ਗਏ। ਨਗਰ ਨਿਗਮ ਦੀ ਯੋਜਨਾ ਅਨੁਸਾਰ ਹਾਊਸ ਦੀ ਮੀਟਿੰਗ ਵਿਚ ਇਸ ਪ੍ਰਸਤਾਵ ਨੂੰ ਰੱਖਿਆ ਜਾਵੇਗਾ ਅਤੇ ਭਵਿੱਖ ਵਿਚ 4-5 ਹੋਰ ਨਵੇਂ ਸਟਰੀਟ ਵੈਂਡਿੰਗ ਜ਼ੋਨ ਵਿਕਸਿਤ ਕੀਤੇ ਜਾਣਗੇ।
ਕਬਜ਼ੇ ਹਟਾਉਣ ’ਤੇ ਜ਼ੋਰ, ਟ੍ਰੈਫਿਕ ਸਮੱਸਿਆ ਦਾ ਹੱਲ ਪਹਿਲ
ਨਿਗਮ ਨੇ ਕਬਜ਼ਿਆਂ ਨੂੰ ਹਟਾਉਣ ’ਤੇ ਵਿਸ਼ੇਸ਼ ਧਿਆਨ ਦੇਣ ਦਾ ਫ਼ੈਸਲਾ ਕੀਤਾ ਹੈ। ਬਾਜ਼ਾਰਾਂ ਅਤੇ ਮੁੱਖ ਸੜਕਾਂ ’ਤੇ ਲੱਗਣ ਵਾਲੀਆਂ ਰੇਹੜੀਆਂ ਕਾਰਨ ਹੋਣ ਵਾਲੀ ਟ੍ਰੈਫਿਕ ਸਮੱਸਿਆ ਨੂੰ ਘੱਟ ਕਰਨ ਲਈ ਤੁਰੰਤ ਪ੍ਰਭਾਵ ਨਾਲ ਕਬਜ਼ੇ ਹਟਾਉਣ ਅਤੇ ਚਲਾਨ ਕੱਟਣ ਦੇ ਨਿਰਦੇਸ਼ ਦਿੱਤੇ ਗਏ ਹਨ। ਮੇਅਰ ਵਨੀਤ ਧੀਰ ਨੇ ਕਿਹਾ ਕਿ ਬਾਜ਼ਾਰਾਂ ਅਤੇ ਮੁੱਖ ਸੜਕਾਂ ’ਤੇ ਅਣਅਧਿਕਾਰਤ ਕਬਜ਼ੇ ਹਟਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਅਤੇ ਸਖ਼ਤੀ ਨਾਲ ਨਿਯਮਾਂ ਦਾ ਪਾਲਣ ਕਰਵਾਇਆ ਜਾਵੇਗਾ।
ਵੈਂਡਿੰਗ ਜ਼ੋਨਾਂ ’ਚ ਹੋਣਗੀਆਂ ਬੁਨਿਆਦੀ ਸਹੂਲਤਾਂ
ਅਧਿਕਾਰੀਆਂ ਨੇ ਦੱਸਿਆ ਕਿ ਵੈਂਡਿੰਗ ਜ਼ੋਨਾਂ ’ਚ ਰੇਹੜੀ ਸੰਚਾਲਕਾਂ ਲਈ ਸਾਰੇ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਦੇ ਤਹਿਤ ਛੱਤ (ਸ਼ੈੱਡ) ਲਾਈ ਜਾਵੇਗੀ ਤਾਂ ਕਿ ਦੁਕਾਨਦਾਰ ਅਤੇ ਗਾਹਕ ਮੀਂਹ ਤੇ ਧੁੱਪ ਤੋਂ ਬਚ ਸਕਣ। ਸ਼ੌਚਾਲਿਆ (ਬਾਥਰੂਮ) ਦੀ ਸਹੂਲਤ ਯਕੀਨੀ ਕੀਤੀ ਜਾਵੇਗੀ। ਫੁੱਟਪਾਥ ਅਤੇ ਟਾਈਲ ਵਰਕ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਵੈਂਡਿੰਗ ਜ਼ੋਨ ਵਿਵਸਥਿਤ ਅਤੇ ਆਕਰਸ਼ਕ ਦਿਸੇ। ਹਰੇਕ ਵੈਂਡਿੰਗ ਜ਼ੋਨ ਵਿਚ ਨਿਗਮ ਵੱਲੋਂ ਨਿਗਰਾਨੀ ਵਿਵਸਥਾ ਵੀ ਰੱਖੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਚਲਦੇ ਕਬੱਡੀ ਟੂਰਨਾਮੈਂਟ ਦੌਰਾਨ ਵੱਡੀ ਘਟਨਾ, ਚੱਲੇ ਤੇਜ਼ਧਾਰ ਹਥਿਆਰ, ਲਾਹ 'ਤੀ ਪੱਗ
ਸਖ਼ਤ ਚਿਤਾਵਨੀ : ਨਿਯਮਾਂ ਦਾ ਪਾਲਣ ਕਰੋ ਜਾਂ ਕਾਰਵਾਈ ਲਈ ਰਹੋ ਤਿਆਰ
ਅਧਿਕਾਰੀਆਂ ਨੇ ਸਪੱਸ਼ਟ ਕਿਹਾ ਕਿ ਸ਼ਹਿਰ ਵਿਚ ਨਾਜਾਇਜ਼ ਢੰਗ ਨਾਲ ਰੇਹੜੀ-ਫੜ੍ਹੀ ਲਾਉਣ ਵਾਲਿਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਸਾਰੇ ਨਿਯਮਾਂ ਦਾ ਪਾਲਣ ਨਾ ਕਰਨ ਵਾਲਿਆਂ ’ਤੇ ਸਖ਼ਤ ਨਜ਼ਰ ਰੱਖਣ ਅਤੇ ਜ਼ਰੂਰਤ ਅਨੁਸਾਰ ਕਾਰਵਾਈ ਕਰਨ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਵਿਚ ਲਗਭਗ 20 ਹਜ਼ਾਰ ਤੋਂ ਵੱਧ ਰੇਹੜੀਆਂ ਹਨ ਪਰ ਸਿਰਫ਼ 3000 ਰੇਹੜੀਆਂ ਦੀ ਪਰਚੀ ਕੱਟੀ ਜਾਂਦੀ ਹੈ। ਅਜਿਹੇ ਵਿਚ ਨਗਰ ਨਿਗਮ ਨੇ ਸਾਰੇ ਰੇਹੜੀਆਂ ਨੂੰ ਆਪਣੇ ਰਿਕਾਰਡ ਵਿਚ ਲਿਆਉਣ ਦਾ ਫੈਸਲਾ ਕੀਤਾ ਹੈ।
ਸ਼ਹਿਰ ਨੂੰ ਸਾਫ਼-ਸੁਥਰਾ ਬਣਾਵਾਂਗੇ : ਵਿਨੀਤ ਧੀਰ
ਮੇਅਰ ਵਿਨੀਤ ਧੀਰ ਨੇ ਕਿਹਾ ਕਿ ਇਸ ਪ੍ਰਾਜੈਕਟ ਜ਼ਰੀਏ ਸ਼ਹਿਰ ਨੂੰ ਸਾਫ-ਸੁਥਰਾ ਅਤੇ ਵਿਵਸਥਿਤ ਬਣਾਉਣਾ ਪਹਿਲ ਹੈ। ਨਗਰ ਨਿਗਮ ਦਾ ਉਦੇਸ਼ ਵਪਾਰੀਆਂ ਅਤੇ ਨਾਗਰਿਕਾਂ ਵਿਚਕਾਰ ਸੰਤੁਲਨ ਸਥਾਪਤ ਕਰਨਾ ਅਤੇ ਸੜਕਾਂ ’ਤੇ ਸੁਚਾਰੂ ਆਵਾਜਾਈ ਯਕੀਨੀ ਬਣਾਉਣਾ ਹੈ।
ਇਹ ਵੀ ਪੜ੍ਹੋ : US ਤੋਂ ਡਿਪੋਰਟ ਕੀਤੇ ਨੌਜਵਾਨਾਂ ਮਗਰੋਂ ਕਸੂਤੇ ਫਸੇ ਪੰਜਾਬ 'ਚ ਟ੍ਰੈਵਲ ਏਜੰਟ, ਸਰਕਾਰ ਨੇ ਕਰ 'ਤੀ ਵੱਡੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e