ਨਿੱਜੀ ਹਸਪਤਾਲਾਂ ਵੱਲੋਂ ਕੋਵਿਡ ਮਾਮਲਿਆਂ ’ਚ ਮਚਾਈ ਲੁੱਟ ’ਤੇ ਜਲੰਧਰ ਪ੍ਰਸ਼ਾਸਨ ਦੀ ਸਖ਼ਤੀ

Wednesday, May 19, 2021 - 05:46 PM (IST)

ਜਲੰਧਰ (ਚੋਪੜਾ)–ਕੁਝ ਨਿੱਜੀ ਹਸਪਤਾਲਾਂ ਵੱਲੋਂ ਕੋਵਿਡ-19 ਮਹਾਮਾਰੀ ਦੀ ਆੜ ਵਿਚ ਮਰੀਜ਼ਾਂ ਨਾਲ ਕੀਤੀ ਜਾ ਰਹੀ ਲੁੱਟ ਦੇ ਮਾਮਲਿਆਂ ਦਾ ਸਖ਼ਤ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਸ਼ਮਸ਼ੇਰ ਹਸਪਤਾਲ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਹਸਪਤਾਲ ਦੀ ਕੋਵਿਡ ਕੇਅਰ ਸਹੂਲਤ ਸਸਪੈਂਡ ਕਰ ਦਿੱਤੀ।  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਕ ਸ਼ਿਕਾਇਤ ਅਨੁਸਾਰ ਕੋਰੋਨਾ ਮਰੀਜ਼ ਨੂੰ ਉਸ ਦੇ ਪਰਿਵਾਰ ਨੇ ਸ਼ਮਸ਼ੇਰ ਹਸਪਤਾਲ ਵਿਚ ਦਾਖ਼ਲ ਕਰਵਾਇਆ। ਉਥੇ ਮਰੀਜ਼ ਨੂੰ ਲੈਵਲ-2 ਕੋਵਿਡ ਕੇਅਰ ਵਾਰਡ ਵਿਚ ਬਿਨਾਂ ਆਰ. ਟੀ. ਪੀ. ਸੀ. ਆਰ. ਟੈਸਟ ਕੀਤੇ ਦਾਖ਼ਲ ਕਰ ਲਿਆ ਗਿਆ। ਹਸਪਤਾਲ ਨੇ ਕੋਵਿਡ ਮਰੀਜ਼ ਦਾ ਲੈਵਲ-3 ਦਾ ਇਲਾਜ ਵੀ ਕੀਤਾ, ਜਿਹੜਾ ਸਿਰਫ਼ ਮਾਹਿਰਾਂ ਦੇ ਗਰੁੱਪ ਦੀ ਸਲਾਹ ਨਾਲ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ: ਕੋਰੋਨਾ ਸੰਕਟ ’ਚ ਡੇਰਾ ਬਿਆਸ ਬਣਿਆ ਮਸੀਹਾ, ਜਲੰਧਰ 'ਚ ਤਿਆਰ ਕੀਤਾ 120 ਬੈੱਡਾਂ ਵਾਲਾ ਆਈਸੋਲੇਸ਼ਨ ਸੈਂਟਰ

ਘਨਸ਼ਾਮ ਥੋਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਹਸਪਤਾਲ ਦੀ ਮੈਨੇਜਮੈਂਟ ’ਤੇ ਲੈਵਲ-3 ਦੇ ਇਲਾਜ ਲਈ ਭਾਰੀ-ਭਰਕਮ ਬਿੱਲ ਵਸੂਲਣ ਤੋਂ ਇਲਾਵਾ ਦਵਾਈਆਂ ਅਤੇ ਇੰਜੈਕਸ਼ਨਾਂ ਦੀ ਓਵਰ ਚਾਰਜਿੰਗ ਕਰਨ ਦੇ ਦੋਸ਼ ਵੀ ਲਾਏ। ਹਾਲਾਂਕਿ ਇਲਾਜ ਦੌਰਾਨ ਮਰੀਜ਼ ਦੀ ਮੌਤ ਵੀ ਹੋ ਗਈ ਸੀ। ਡਿਪਟੀ ਕਮਿਸ਼ਨਰ ਨੇ ਸ਼ਿਕਾਇਤ ਦੀ ਜਾਂਚ ਡਿਪਟੀ ਮੈਡੀਕਲ ਕਮਿਸ਼ਨਰ ਜਲੰਧਰ ਨੂੰ ਸੌਂਪੀ ਸੀ, ਜਿਨ੍ਹਾਂ ਵੱਲੋਂ ਹਸਪਤਾਲ ਦੀ ਲੈਵਲ-2 ਸਹੂਲਤ ਵਿਚ ਨਵੇਂ ਮਰੀਜ਼ਾਂ ਦੇ ਦਾਖਲੇ ਦੀ ਸਹੂਲਤ ਨੂੰ ਸਸਪੈਂਡ ਕਰਨ ਦੀ ਸਿਫਾਰਸ਼ ਕੀਤੀ ਗਈ ਸੀ। ਇਸ ਰਿਪੋਰਟ ’ਤੇ ਕਾਰਵਾਈ ਕਰਦਿਆਂ ਹੁਣ ਹਸਪਤਾਲ ਵਿਚ ਨਵੇਂ ਮਰੀਜ਼ਾਂ ਲਈ ਲੈਵਲ-2 ਕੋਵਿਡ ਕੇਅਰ ਸਹੂਲਤ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਹੈਰਾਨੀਜਨਕ! ਫਗਵਾੜਾ ਦੇ ਪਿੰਡਾਂ 'ਚ ਕੋਰੋਨਾ ਦੀ ਮੌਤ ਦਰ ਮਹਾਰਾਸ਼ਟਰ, ਉੱਤਰਾਖੰਡ ਤੇ ਦਿੱਲੀ ਤੋਂ 3 ਗੁਣਾ ਵੱਧ

ਡਿਪਟੀ ਕਮਿਸ਼ਨਰ ਨੇ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਗਲਤ ਇਲਾਜ ਅਤੇ ਓਵਰ ਚਾਰਜਿੰਗ ਦੇ ਦੋਸ਼ਾਂ ਦੀ ਜਾਂਚ ਲਈ 4 ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਹੈ, ਜਿਸ ਵਿਚ ਐੱਸ. ਡੀ. ਐੱਮ.-1 ਡਾ. ਜੈਇੰਦਰ ਸਿੰਘ, ਸਿਵਲ ਸਰਜਨ, ਜ਼ੋਨਲ ਲਾਇਸੈਂਸਿੰਗ ਅਥਾਰਿਟੀ ਅਤੇ ਡਾ. ਅਸ਼ੋਕ ਸੀਨੀਅਰ ਮੈਡੀਕਲ ਅਧਿਕਾਰੀ ਵਡਾਲਾ ਸ਼ਾਮਲ ਹਨ। ਕਮੇਟੀ ਨੂੰ ਸਮੁੱਚੀ ਜਾਂਚ ਕਰ ਕੇ 3 ਦਿਨਾਂ ਵਿਚ ਵਿਸਤ੍ਰਿਤ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਮਹਾਮਾਰੀ ਦੇ ਇਸ ਸੰਕਟ ਸਮੇਂ ਗਲਤ ਢੰਗ ਅਪਣਾਉਣ ਵਾਲੇ ਨਿੱਜੀ ਹਸਪਤਾਲਾਂ ਨੂੰ ਸਖ਼ਤ ਫਿਟਕਾਰ ਲਾਉਂਦਿਆਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਕੋਵਿਡ-19 ਦੇ ਮਰੀਜ਼ਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਲੁੱਟ ਦੇ ਮਾਮਲੇ ਨਾਲ ਪੂਰੀ ਸਖ਼ਤੀ ਨਾਲ ਨਜਿੱਠਿਆ ਜਾਵੇਗਾ।

ਇਹ ਵੀ ਪੜ੍ਹੋ: ਪਿਮਸ ਹਸਪਤਾਲ ’ਚ 24 ਸਾਲਾ ਕੋਰੋਨਾ ਪੀੜਤ ਨੌਜਵਾਨ ਦੀ ਮੌਤ, ਮਰਨ ਤੋਂ ਪਹਿਲਾਂ ਮਾਂ ਨੂੰ ਭੇਜਿਆ ਭਾਵੁਕ ਮੈਸੇਜ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News