2 ਦਰਜਨ ਹੋਰ ਕਾਂਗਰਸੀ ਵਿਧਾਇਕ ਬਾਗੀਆਂ ਦੇ 'ਹੈਲੀਕਾਪਟਰ' 'ਚ ਬੈਠਣ ਲਈ ਉਤਾਵਲੇ

11/29/2019 9:30:51 AM

ਜਲੰਧਰ (ਚੋਪੜਾ) : ਪੰਜਾਬ ਦੇ 2 ਦਰਜਨ ਦੇ ਲਗਭਗ ਵਿਧਾਇਕ ਮੁੱਖ ਮੰਤਰੀ ਦੇ ਬਾਗੀ ਧੜੇ ਵਾਲੇ 'ਹੈਲੀਕਾਪਟਰ' ਵਿਚ ਬੈਠਣ ਲਈ ਉਤਾਵਲੇ ਹਨ। ਪਟਿਆਲਾ ਦੀ ਐੱਮ.ਪੀ. ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੇ ਪਿਛਲੇ ਦਿਨੀਂ ਕੁਝ ਵਿਧਾਇਕਾਂ ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਉਨ੍ਹਾਂ ਨੂੰ ਹੈਲੀਕਾਪਟਰ ਦੀ ਸੈਰ ਕਰਵਾਈ ਸੀ। ਆਪਣੀ ਹੀ ਸਰਕਾਰ ਵਿਰੁੱਧ ਵਿਧਾਇਕਾਂ ਵਲੋਂ ਬਗਾਵਤ ਕਰਨਾ ਪਹਿਲੀ ਵਾਰ ਨਹੀਂ ਹੋਇਆ ਹੈ। ਇਸ ਵਾਰ ਮੁੱਖ ਮੰਤਰੀ ਦੇ ਜੱਦੀ ਜ਼ਿਲੇ ਨਾਲ ਸਬੰਧਤ 4 ਵਿਧਾਇਕਾਂ ਨੇ ਜਿਸ ਤਰ੍ਹਾਂ ਆਪਣੀ ਬੇਧਿਆਨੀ ਅਤੇ ਨੌਕਰਸ਼ਾਹੀ ਦੇ ਭਾਰੂ ਹੋਣ 'ਤੇ ਬਾਗੀ ਰੁਖ਼ ਵਿਖਾਇਆ ਹੈ, ਉਸ ਕਾਰਣ ਸੂਬੇ ਦੇ ਹੋਰ ਬਾਗੀ ਵਿਧਾਇਕ ਵੀ ਸਰਗਰਮ ਹੋ ਗਏ ਅਤੇ ਉਨ੍ਹਾਂ ਉਕਤ 4 ਵਿਧਾਇਕਾਂ ਦੀ ਹਮਾਇਤ ਕਰਨ ਦਾ ਮਨ ਬਣਾ ਲਿਆ ਹੈ।

ਵਿਧਾਇਕਾਂ ਦੀ ਨਾਰਾਜ਼ਗੀ ਦਾ ਸਾਰਾ ਮਾਮਲਾ ਸੋਨੀਆ ਗਾਂਧੀ ਦੇ ਦਰਬਾਰ 'ਚ ਪੁੱਜ ਚੁੱਕਾ ਹੈ। ਕਾਂਗਰਸ ਹਾਈ ਕਮਾਨ ਲਈ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਆਪਣੀ ਹੀ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ 4 ਵਿਧਾਇਕਾਂ ਦਾ ਚੋਣ ਖੇਤਰ ਪਟਿਆਲਾ ਲੋਕ ਸਭਾ ਹਲਕੇ ਅਧੀਨ ਆਉਂਦਾ ਹੈ। ਇਥੋਂ ਪ੍ਰਨੀਤ ਕੌਰ ਐੱਮ. ਪੀ. ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਦੇਸ਼ੀ ਦੌਰੇ 'ਤੇ ਜਾਣ ਦੌਰਾਨ ਵਿਧਾਇਕਾਂ ਵਿਚ ਅਸੰਤੋਸ਼ ਫੈਲਿਆ ਸੀ। ਜਦੋਂ ਤੋਂ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਹੈ, ਕਾਂਗਰਸੀ ਵਿਧਾਇਕਾਂ ਨੂੰ ਇਕ ਤਰ੍ਹਾਂ ਨਾਲ ਬੇਧਿਆਨ ਹੀ ਕੀਤਾ ਜਾ ਰਿਹਾ ਹੈ। ਨਾਲ ਹੀ ਵਰਕਰ ਵੀ ਨਿਰਾਸ਼ ਹਨ ਕਿਉਂਕਿ ਕੋਈ ਵੀ ਉਨ੍ਹਾਂ ਦੀ ਬਾਂਹ ਨਹੀਂ ਫੜ ਰਿਹਾ। ਮੁੱਖ ਮੰਤਰੀ ਨਿਵਾਸ ਅਤੇ ਪੰਜਾਬ ਸਕੱਤਰੇਤ ਤੋਂ ਲੈ ਕੇ ਕਾਂਗਰਸ ਭਵਨ ਤੱਕ ਅਫਸਰਸ਼ਾਹੀ ਇੰਨੀ ਭਾਰੂ ਹੋ ਚੁੱਕੀ ਹੈ ਕਿ ਵਰਕਰਾਂ ਦੀ ਤਾਂ ਗੱਲ ਹੀ ਛੱਡੋ, ਵਿਧਾਇਕਾਂ ਤੱਕ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਲਈ ਅਧਿਕਾਰੀਆਂ ਕੋਲ ਤਰਲੇ ਕਰਨੇ ਪੈਂਦੇ ਹਨ। ਸਬੰਧਤ ਜ਼ਿਲਿਆਂ ਦੇ ਅਧਿਕਾਰੀ ਵੀ ਵਿਧਾਇਕਾਂ ਦੀ ਕੋਈ ਪ੍ਰਵਾਹ ਨਹੀਂ ਕਰਦੇ।

ਇਹੀ ਇਕੋ ਇਕ ਵੱਡਾ ਕਾਰਣ ਹੈ ਕਿ ਹੁਣ ਆਪਣੀ ਹੀ ਸਰਕਾਰ ਵਿਰੁੱਧ ਇਕ ਤਰ੍ਹਾਂ ਨਾਲ ਜੰਗ ਦਾ ਐਲਾਨ ਕਰਨ ਵਾਲੇ ਸ਼ੁਤਰਾਣਾ ਤੋਂ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਨੂੰ ਕਈ ਵਿਧਾਇਕਾਂ ਦੀ ਹਮਾਇਤ ਹਾਸਲ ਹੋ ਰਹੀ ਹੈ। ਸਾਰੇ ਘਟਨਾ ਚੱਕਰ ਨੇ ਜਿਥੇ ਮੁੱਖ ਮੰਤਰੀ ਦੇ ਕੈਂਪ ਵਿਚ ਖਲਬਲੀ ਮਚਾ ਦਿੱਤੀ ਹੈ, ਉਥੇ ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ਵੀ ਬੇਹੱਦ ਿਚੰਤਤ ਹੈ। ਇਸ ਸਬੰਧੀ ਇਕ ਸੀਨੀਅਰ ਕਾਂਗਰਸੀ ਆਗੂ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਵਿਧਾਇਕਾਂ ਦੀ ਨਾਰਾਜ਼ਗੀ ਤੋਂ ਜਾਣੂ ਹਨ। ਵਿਧਾਇਕਾਂ ਨੇ ਜਿਹੜੇ ਮੁੱਦੇ ਉਠਾਏ ਹਨ, ਉਹ ਨਵੇਂ ਨਹੀਂ ਹਨ। ਮੁੱਖ ਮੰਤਰੀ ਹੁਣ ਵਤਨ ਪਰਤ ਆਏ ਹਨ। ਸਾਰਾ ਮਾਮਲਾ ਜਲਦੀ ਹੀ ਹੱਲ ਹੋ ਜਾਏਗਾ।

ਓਧਰ ਪਾਰਟੀ ਦੇ ਇਕ ਹੋਰ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਨਿਰਮਲ ਸਿੰਘ ਦੀ ਹਮਾਇਤ ਕਰਦਿਆਂ ਉਨ੍ਹਾਂ ਨੂੰ ਈਮਾਨਦਾਰ ਅਤੇ ਵਧੀਆ ਇਨਸਾਨ ਕਰਾਰ ਦਿੱਤਾ ਹੈ। ਇਹ ਐਲਾਨ ਕਰਦਿਆਂ ਕਿ ਉਹ ਨੌਕਰਸ਼ਾਹੀ ਵਿਰੁੱਧ ਆਪਣੀ ਲੜਾਈ ਵਿਚ ਨਿਰਮਲ ਸਿੰਘ ਦਾ ਸਾਥ ਦੇਣਗੇ, ਕੰਬੋਜ ਨੇ ਕਿਹਾ ਕਿ ਉਹ ਹਮੇਸ਼ਾ ਹੀ ਅਫਸਰਸ਼ਾਹੀ ਵਿਰੁੱਧ ਆਵਾਜ਼ ਉਠਾਉਂਦੇ ਰਹਿਣਗੇ।

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਨਿਰਮਲ ਸਿੰਘ ਨੇ ਆਪਣੀ ਹੀ ਸਰਕਾਰ ਵਿਰੁੱਧ ਆਵਾਜ਼ ਉਠਾਈ ਸੀ। ਉਨ੍ਹਾਂ ਕਿਹਾ ਸੀ ਕਿ ਸ਼ੁਤਰਾਣਾ ਵਿਧਾਨ ਸਭਾ ਹਲਕੇ ਵਿਚ ਕੋਈ ਵਿਕਾਸ ਨਹੀਂ ਹੋ ਰਿਹਾ। ਵਿਕਾਸ ਦੇ ਨਾਂ 'ਤੇ ਪਿਛਲੇ 3 ਸਾਲ ਤੋਂ ਇਕ ਇੱਟ ਵੀ ਨਹੀਂ ਰੱਖੀ ਗਈ। ਉਨ੍ਹਾਂ ਆਪਣੇ ਹਲਕੇ ਲਈ ਦਾਣਾ ਮੰਡੀ, ਟਰੋਮਾ ਸੈਂਟਰ, ਪੋਲੀਟੈਕਨਿਕ ਕਾਲਜ, ਪਾਰਕ ਅਤੇ ਅਦਾਲਤੀ ਕੰਪਲੈਕਸ ਵਰਗੀਆਂ ਮੰਗਾਂ ਸੂਚੀਬੱਧ ਕੀਤੀਆਂ ਸਨ। ਉਨ੍ਹਾਂ ਦੋਸ਼ ਲਾਇਆ ਸੀ ਕਿ ਨਾ ਤਾਂ ਸੂਬਾ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ 'ਤੇ ਕੋਈ ਸੁਣਵਾਈ ਕੀਤੀ ਹੈ ਅਤੇ ਨਾ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਕੋਈ ਲੋੜ ਸਮਝੀ ਹੈ। ਉਨ੍ਹਾਂ ਤਿੱਖਾ ਰੁਖ਼ ਅਪਣਾਉਂਦਿਆਂ ਇਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਨਹੀਂ ਚਲਾ ਰਹੇ, ਸਗੋਂ ਸਾਰੀ ਕਮਾਂਡ ਉਨ੍ਹਾਂ ਦੇ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਦੇ ਹੱਥਾਂ ਵਿਚ ਹੈ।

ਨਿਰਮਲ ਸਿੰਘ ਨੇ ਇਹ ਵੀ ਕਿਹਾ ਸੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਦੇ ਹੋਏ ਸ਼ੁਤਰਾਣਾ ਹਲਕੇ ਵਿਚ ਵਿਕਾਸ ਕਾਰਜ ਸ਼ੁਰੂ ਨਾ ਹੋਏ ਤਾਂ ਉਹ 1 ਜਨਵਰੀ ਨੂੰ ਮੁੱਖ ਮੰਤਰੀ ਦੇ ਨਿਵਾਸ ਦੇ ਬਾਹਰ ਧਰਨਾ ਦੇਣਗੇ। ਉਨ੍ਹਾਂ ਚੌਕਸ ਕੀਤਾ ਕਿ ਉਨ੍ਹਾਂ ਨੂੰ ਪਾਰਟੀ ਵਲੋਂ ਕੀਤੀ ਜਾਣ ਵਾਲੀ ਕਿਸੇ ਸੰਭਾਵਿਤ ਕਾਰਵਾਈ ਦੀ ਕੋਈ ਪ੍ਰਵਾਹ ਨਹੀਂ। ਉਨ੍ਹਾਂ ਨੂੰ ਇਸ ਗੱਲ ਦੀ ਵੀ ਕੋਈ ਚਿੰਤਾ ਨਹੀਂ ਕਿ ਭਵਿੱਖ ਵਿਚ ਪਾਰਟੀ ਵਲੋਂ ਚੋਣ ਲੜਨ ਲਈ ਟਿਕਟ ਮਿਲਦੀ ਹੈ ਜਾਂ ਨਹੀਂ।

ਨਿਰਮਲ ਸਿੰਘ ਚੌਥੇ ਕਾਂਗਰਸੀ ਵਿਧਾਇਕ ਹਨ, ਜਿਨ੍ਹਾਂ ਕਥਿਤ ਤੌਰ 'ਤੇ ਚੁਣੇ ਗਏ ਪ੍ਰਤੀਨਿਧੀਆਂ ਨੂੰ ਬੇਧਿਆਨ ਕਰਨ ਲਈ ਸੂਬਾ ਸਰਕਾਰ ਅਤੇ ਨੌਕਰਸ਼ਾਹੀ ਵਿਰੁੱਧ ਆਵਾਜ਼ ਉਠਾਈ ਹੈ। ਇਕ ਹਫਤਾ ਪਹਿਲਾਂ ਕਾਂਗਰਸ ਦੇ ਵਿਧਾਇਕਾਂ ਹਰਦਿਆਲ ਸਿੰਘ ਕੰਬੋਜ (ਰਾਜਪੁਰਾ), ਰਾਜਿੰਦਰ ਸਿੰਘ (ਸਮਾਣਾ) ਅਤੇ ਮਦਨ ਲਾਲ ਜਲਾਲਪੁਰ (ਘਨੌਰ) ਨੇ ਜਨਤਕ ਤੌਰ 'ਤੇ ਜ਼ਿਲਾ ਪੁਲਸ ਵਿਭਾਗ ਅਤੇ ਜ਼ਿਲਾ ਅਧਿਕਾਰੀਆਂ ਵਿਰੁੱਧ ਰੋਸ ਪ੍ਰਗਟ ਕੀਤਾ ਸੀ। ਨਿਰਮਲ ਸਿੰਘ ਸਮੇਤ ਉਕਤ ਵਿਧਾਇਕਾਂ ਨੇ 20 ਨਵੰਬਰ ਨੂੰ ਬੈਠਕ ਦੌਰਾਨ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਫੋਨ ਰਿਕਾਰਡ ਕਰਨ ਅਤੇ ਕਥਿਤ ਫੋਨ ਟੈਪਿੰਗ ਸਮੇਤ ਕਈ ਮਾਮਲਿਆਂ 'ਤੇ ਗਰਮ ਬਹਿਸ ਕੀਤੀ ਸੀ। ਵਿਧਾਇਕ ਰਾਜਿੰਦਰ ਸਿੰਘ ਨੇ ਇਕ ਪੁਲਸ ਅਧਿਕਾਰੀ 'ਤੇ ਆਪਣੇ ਫੋਨ ਨੂੰ ਟੈਪ ਕਰਨ ਦਾ ਦੋਸ਼ ਵੀ ਲਾਇਆ ਸੀ।

ਕੰਬੋਜ ਨੇ ਕਿਹਾ ਕਿ ਪਾਰਟੀ ਪ੍ਰਧਾਨ ਜਾਖੜ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਇਸ ਮੁੱਦੇ ਨੂੰ ਉਠਾਇਆ ਜਾਏਗਾ ਅਤੇ ਹੱਲ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਜੇ ਨੌਕਰਸ਼ਾਹੀ ਦੀ ਸਰਵਉੱਚਤਾ ਖਤਮ ਨਹੀਂ ਹੁੰਦੀ ਤਾਂ ਅਸੀਂ ਮੁੜ ਤੋਂ ਆਪਣੀ ਆਵਾਜ਼ ਬੁਲੰਦ ਕਰਾਂਗੇ। 'ਚਾਰ ਵਿਧਾਇਕ' ਇਕਮੁੱਠ ਹਨ। ਲੋਕਾਂ ਦੇ ਹਿੱਤਾਂ ਲਈ ਇਕ-ਦੂਜੇ ਨਾਲ ਡਟ ਕੇ ਖੜ੍ਹੇ ਹਨ। ਜੇ ਕੈਪਟਨ ਅਮਰਿੰਦਰ ਸਿੰਘ ਨੇ ਸਮੇਂ ਸਿਰ 4 ਵਿਧਾਇਕਾਂ ਨੂੰ ਸੰਤੁਸ਼ਟ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿਚ ਬਾਗੀ ਵਿਧਾਇਕਾਂ ਦਾ ਕਾਫਲਾ ਇੰਨਾ ਵੱਡਾ ਹੋ ਜਾਏਗਾ ਕਿ ਉਸ ਨੂੰ ਸੰਭਾਲਣਾ ਸ਼ਾਇਦ ਪਾਰਟੀ ਲਈ ਸੰਭਵ ਨਾ ਹੋ ਸਕੇ।


cherry

Content Editor

Related News