ਜਲੰਧਰ: ਪੁਲਸ ਦੇ 12 ਦਾਗੀ ਮੁਲਾਜ਼ਮ ਜਬਰੀ ਰਿਟਾਇਰਡ
Tuesday, Jan 28, 2020 - 11:51 AM (IST)
ਜਲੰਧਰ (ਸੁਧੀਰ)— ਕਮਿਸ਼ਨਰੇਟ ਪੁਲਸ 'ਚ ਬੀਤੇ ਦਿਨ ਉਸ ਸਮੇਂ ਖਲਬਲੀ ਮਚ ਗਈ ਜਦੋਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਵੱਡੀ ਕਾਰਵਾਈ ਕਰਦੇ ਹੋਏ ਜਲੰਧਰ ਪੁਲਸ ਦਾ ਅਕਸ ਖਰਾਬ ਕਰਨ ਵਾਲੇ 12 ਪੁਲਸ ਮੁਲਾਜ਼ਮਾਂ ਨੂੰ ਸਮੇਂ ਤੋਂ ਪਹਿਲਾਂ ਜਬਰਨ ਰਿਟਾਇਰਡ ਕਰ ਦਿੱਤਾ। ਪੁਲਸ ਕਮਿਸ਼ਨਰ ਦੀ ਇਸ ਕਾਰਵਾਈ ਨੂੰ ਦੇਖ ਕੇ ਪੁਲਸ ਮੁਲਾਜ਼ਮਾਂ 'ਚ ਖਲਬਲੀ ਮਚ ਗਈ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਰਿਟਾਇਰ ਕੀਤੇ ਗਏ ਮੁਲਾਜ਼ਮਾਂ 'ਚ 5 ਏ. ਐੱਸ. ਆਈ., 6 ਹੈੱਡ ਕਾਂਸਟੇਬਲ ਅਤੇ 1 ਕਾਂਸਟੇਬਲ ਸ਼ਾਮਲ ਹਨ, ਜਿਨ੍ਹਾਂ ਨੂੰ ਜਬਰਨ ਸਮੇਂ ਤੋਂ ਪਹਿਲਾਂ ਹੀ ਰਿਟਾਇਰਡ ਕਰ ਦਿੱਤਾ ਗਿਆ ਹੈ।
ਭੁੱਲਰ ਨੇ ਦੱਸਿਆ ਕਿ ਇਨ੍ਹਾਂ ਸਾਰੇ 12 ਪੁਲਸ ਮੁਲਾਜ਼ਮਾਂ ਦਾ ਡਿਊਟੀ 'ਚ ਰਿਕਾਰਡ ਵੇਖਣ ਤੋਂ ਬਾਅਦ ਇਹ ਫੈਸਲਾ ਸੁਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕਦਮ ਲੋਕਾਂ 'ਚ ਪੰਜਾਬ ਪੁਲਸ ਦਾ ਅਕਸ ਖਰਾਬ ਕਰਨ ਵਾਲੇ ਕਰਮਚਾਰੀਆਂ ਨੂੰ ਸਬਕ ਸਿਖਾਉਣ ਲਈ ਚੁੱਕਿਆ ਗਿਆ ਹੈ। ਇਸ ਦੇ ਨਾਲ ਹੀ ਪੁਲਸ ਕਮਿਸ਼ਨਰ ਨੇ ਪੁਲਸ ਦੇ ਸਾਰੇ ਵੱਡੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਕਮਿਸ਼ਨਰੇਟ ਪੁਲਸ 'ਚ ਡਿਊਟੀ ਕਰ ਰਹੇ ਸਾਰੇ ਪੁਲਸ ਮੁਲਾਜ਼ਮਾਂ ਦੇ ਰਿਕਾਰਡ ਦੀ ਚੰਗੀ ਤਰ੍ਹਾਂ ਜਾਂਚ ਕਰ ਉਨ੍ਹਾਂ ਨੂੰ ਸੌਂਪੀ ਜਾਵੇ ਤਾਂ ਜੋ ਕੋਈ ਵੀ ਅਧਿਕਾਰੀ ਜਾਂ ਮੁਲਾਜ਼ਮ ਪੁਲਸ ਦੀ ਵਰਦੀ 'ਤੇ ਦਾਗ ਲਾਉਣ ਦੀ ਕੋਸ਼ਿਸ਼ ਨਾ ਕਰੇ।
ਭੁੱਲਰ ਨੇ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਕੁਝ ਹੋਰ ਅਧਿਕਾਰੀਆਂ ਅਤੇ ਮੁਲਾਜ਼ਮਾਂ 'ਤੇ ਇੰਝ ਹੀ ਗਾਜ ਡਿੱਗੇਗੀ। ਜਿਨ੍ਹਾਂ ਦੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਦੀ ਵਰਦੀ ਨੂੰ ਦਾਗਦਾਰ ਕਰਨ ਵਾਲੇ ਕਿਸੇ ਵੀ ਅਧਿਕਾਰੀ ਜਾਂ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਜਬਰਨ ਰਿਟਾਇਰ ਕੀਤੇ ਗਏ ਪੁਲਸ ਮੁਲਾਜ਼ਮਾਂ ਿਵਚ ਏ. ਐੱਸ. ਆਈ. ਜਗਤਾਰ ਸਿੰਘ, ਏ. ਐੱਸ. ਆਈ. ਭੁਪਿੰਦਰ ਸਿੰਘ, ਏ. ਐੱਸ. ਆਈ. ਸਰਫਦੀਨ, ਏ. ਐੱਸ. ਆਈ. ਸਤਵਿੰਦਰ ਸਿੰਘ, ਏ. ਐੱਸ. ਆਈ. ਮਨਫੂਲ ਸਿੰਘ, ਹੈੱਡ ਕਾਂਸਟੇਬਲ ਪਰਦੀਪ ਕੁਮਾਰ, ਹੈੱਡ ਕਾਂਸਟੇਬਲ ਸੁਖਦੇਵ ਸਿੰਘ, ਹੈੱਡ ਕਾਂਸਟੇਬਲ ਰੋਬਿਨ ਮਸੀਹ, ਹੈੱਡ ਕਾਂਸਟੇਬਲ ਸਤਪਾਲ, ਸੀਨੀਅਰ ਕਾਂਸਟੇਬਲ ਮਾਈਕਲ ਮਸੀਹ ਦੇ ਨਾਂ ਸ਼ਾਮਲ ਹਨ।