ਜਲੰਧਰ ਦੇ ਸਿਵਲ ਹਸਪਤਾਲ ''ਚੋਂ ਕੋਰੋਨਾ ਪਾਜ਼ੇਟਿਵ ਕੈਦੀ ਹੋਇਆ ਫ਼ਰਾਰ
Friday, Aug 21, 2020 - 02:39 PM (IST)

ਜਲੰਧਰ (ਸ਼ੋਰੀ)— ਜਲੰਧਰ ਦੇ ਸਿਵਲ ਹਸਪਤਾਲ 'ਚੋਂ ਕੋਰੋਨਾ ਪਾਜ਼ੇਟਿਵ ਕੈਦੀ ਦੇ ਫ਼ਰਾਰ ਹੋਣ ਦੀ ਸੂਚਨਾ ਮਿਲੀ ਹੈ, ਜਿਸ ਨਾਲ ਹਫੜਾ-ਦਫੜੀ ਮਚ ਗਈ। ਫ਼ਰਾਰ ਦੋਸ਼ੀ ਦੀ ਪਛਾਣ ਨਕੋਦਰ ਦੇ ਪਿੰਡ ਮੱਲੀਆਂ ਦੇ ਰਹਿਣ ਵਾਲੇ ਸੁਖਬੀਰ ਸਿੰਘ ਦੇ ਰੂਪ 'ਚ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਸੁਖਬੀਰ ਐੱਨ. ਡੀ. ਪੀ. ਐੱਸ. ਦੇ ਤਹਿਤ ਅਦਾਲਤ ਵੱਲੋਂ ਉਕਤ ਕੈਦੀ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਕਤ ਕੈਦੀ ਕਪੂਰਥਲਾ ਜੇਲ 'ਚ 10 ਸਾਲ ਦੀ ਸਜ਼ਾ ਕੱਟ ਰਿਹਾ ਸੀ।
ਕੁਝ ਦਿਨ ਪਹਿਲਾਂ ਹੀ ਖਾਂਸੀ, ਬੁਖਾਰ ਹੋਣ ਦੇ ਚਲਦਿਆਂ ਸਿਹਤ ਖਰਾਬ ਹੋਣ ਕਰਕੇ ਉਸ ਨੂੰ ਸਿਵਲ ਹਸਪਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਇਸ ਦੇ ਕੋਰੋਨਾ ਦੀ ਜਾਂਚ ਲਈ ਨਮੂਨੇ ਲਏ ਗਏ ਸਨ। ਦੱਸਿਆ ਜਾ ਰਿਹਾ ਹੈ ਉਕਤ ਵਿਅਕਤੀ ਬੀਤੀ ਰਾਤ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਇਥੇ ਦੱਸਣਯੋਗ ਹੈ ਕਿ ਬੀਤੇ ਦਿਨ ਹੀ ਸਿਵਲ ਹਸਪਤਾਲ 'ਚੋਂ ਨਵਜੰਮੇ ਬੱਚੇ ਦੇ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।