ਜਲੰਧਰ: ਬੱਸਾਂ ਦੇ ਚੱਲਣ ਬਾਰੇ ਜਾਣਕਾਰੀ ਲੈ ਕੇ ਹੀ ਸਫ਼ਰ ’ਤੇ ਨਿਕਲਣ ਯਾਤਰੀ, ਝਲਣੀ ਪੈ ਸਕਦੀ ਹੈ ਪਰੇਸ਼ਾਨੀ

Tuesday, Feb 08, 2022 - 01:30 PM (IST)

ਜਲੰਧਰ: ਬੱਸਾਂ ਦੇ ਚੱਲਣ ਬਾਰੇ ਜਾਣਕਾਰੀ ਲੈ ਕੇ ਹੀ ਸਫ਼ਰ ’ਤੇ ਨਿਕਲਣ ਯਾਤਰੀ, ਝਲਣੀ ਪੈ ਸਕਦੀ ਹੈ ਪਰੇਸ਼ਾਨੀ

ਜਲੰਧਰ (ਪੁਨੀਤ)–ਠੰਡ ਦੇ ਨਾਲ-ਨਾਲ ਕੋਰੋਨਾ ਦੇ ਕੇਸਾਂ ਵਿਚ ਕਮੀ ਆਉਣੀ ਸ਼ੁਰੂ ਹੋ ਚੁੱਕੀ ਹੈ ਪਰ ਯਾਤਰੀਆਂ ਦੀ ਗਿਣਤੀ ਵਿਚ ਵਾਧਾ ਨਹੀਂ ਹੋ ਪਾ ਰਿਹਾ, ਜਿਸ ਕਾਰਨ ਪੰਜਾਬ ਰੋਡਵੇਜ਼ ਅਤੇ ਪੀ. ਆਰ. ਟੀ. ਸੀ. ਦੇ ਅਧਿਕਾਰੀਆਂ ਦੀ ਚਿੰਤਾ ਸਾਫ਼ ਵੇਖੀ ਜਾ ਸਕਦੀ ਹੈ। ਕੁਝ ਕੁ ਰੂਟਾਂ ਨੂੰ ਛੱਡ ਕੇ ਹੋਰ ਸੂਬਿਆਂ ਨੂੰ ਹੋਣ ਵਾਲੀ ਬੱਸਾਂ ਦੀ ਆਵਾਜਾਈ ਤੋਂ ਉਮੀਦ ਮੁਤਾਬਕ ਲਾਭ ਹਾਸਲ ਨਹੀਂ ਹੋ ਪਾ ਰਿਹਾ, ਜਿਸ ਕਾਰਨ ਪੰਜਾਬ ਦੇ ਵੱਖ-ਵੱਖ ਡਿਪੂਆਂ ਵੱਲੋਂ ਬੱਸਾਂ ਦੀ ਆਵਾਜਾਈ ਘੱਟ ਕੀਤੀ ਗਈ ਹੈ। ਇਸੇ ਲੜੀ ਵਿਚ ਸਭ ਤੋਂ ਵੱਧ ਕਮੀ ਰਾਤ ਸਮੇਂ ਹੋਣ ਵਾਲੀ ਆਵਾਜਾਈ ਵਿਚ ਦੇਖਣ ਨੂੰ ਮਿਲ ਰਹੀ ਹੈ।

ਯਾਤਰੀ ਇਸ ਗੱਲ ਦਾ ਧਿਆਨ ਰੱਖਣ ਕਿ ਰਾਤ ਸਮੇਂ ਬੱਸਾਂ ਦੀ ਘੱਟ ਆਵਾਜਾਈ ਕਾਰਨ ਉਨ੍ਹਾਂ ਨੂੰ ਮੁਸ਼ਕਿਲਾਂ ਪੇਸ਼ ਆ ਸਕਦੀਆਂ ਹਨ। ਇਸ ਲਈ ਬੱਸਾਂ ਦੇ ਚੱਲਣ ਬਾਰੇ ਪੂਰੀ ਜਾਣਕਾਰੀ ਲੈ ਕੇ ਹੀ ਸਫ਼ਰ ’ਤੇ ਨਿਕਲਣ। ਨਹੀਂ ਤਾਂ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪੈ ਸਕਦਾ ਹੈ। ਅਜਿਹੇ ਹਾਲਾਤ ਬੱਸ ਅੱਡੇ ਵਿਚ ਆਮ ਤੌਰ ’ਤੇ ਦੇਖਣ ਨੂੰ ਮਿਲ ਰਹੇ ਹਨ। ਯਾਤਰੀ ਲੰਮੇ ਸਮੇਂ ਤੱਕ ਕਾਊਂਟਰਾਂ ਨੇੜੇ ਬੱਸਾਂ ਦੀ ਉਡੀਕ ਕਰਦੇ ਰਹਿੰਦੇ ਹਨ ਅਤੇ ਬੱਸ ਨਾ ਆਉਣ ਕਾਰਨ ਉਨ੍ਹਾਂ ਨੂੰ ਬਣਿਆ-ਬਣਾਇਆ ਪ੍ਰੋਗਰਾਮ ਰੱਦ ਕਰਨਾ ਪੈ ਜਾਂਦਾ ਹੈ।

ਇਹ ਵੀ ਪੜ੍ਹੋ: ਪੰਜਾਬ ’ਚ ਪਰੇਸ਼ਾਨੀਆਂ ਦਾ ਕਾਰਨ ਬਣੀ ਧੁੰਦ, ਜਾਣੋ ਕੱਲ੍ਹ ਕਿਹੋ ਜਿਹਾ ਰਹੇਗਾ ਮੌਸਮ

PunjabKesari

ਇਸ ਤਰ੍ਹਾਂ ਦੀ ਦਿੱਕਤ ਸਭ ਤੋਂ ਵੱਧ ਉਨ੍ਹਾਂ ਯਾਤਰੀਆਂ ਨੂੰ ਉਠਾਉਣੀ ਪੈ ਰਹੀ ਹੈ, ਜਿਹੜੇ ਦੂਜੇ ਸੂਬਿਆਂ ਦੀਆਂ ਬੱਸਾਂ ’ਤੇ ਨਿਰਭਰ ਹੋ ਕੇ ਸਫ਼ਰ ’ਤੇ ਨਿਕਲਦੇ ਹਨ। ਅਧਿਕਾਰੀ ਦੱਸਦੇ ਹਨ ਕਿ ਦੂਜੇ ਸੂਬਿਆਂ ਨੇ ਬੱਸਾਂ ਦੀ ਆਵਾਜਾਈ ਬਹੁਤ ਘਟਾ ਦਿੱਤੀ ਹੈ, ਜਿਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਚਾਲਕ ਦਲ ਦੱਸਦੇ ਹਨ ਕਿ ਕਈ ਯਾਤਰੀ ਦੂਜੇ ਸੂਬਿਆਂ ਦੀਆਂ ਬੱਸਾਂ ਨੂੰ ਇਸ ਲਈ ਅਹਿਮੀਅਤ ਦਿੰਦੇ ਹਨ ਕਿਉਂਕਿ ਉਕਤ ਬੱਸਾਂ ਜ਼ਰੀਏ ਉਹ ਆਪਣੇ ਨਿਰਧਾਰਿਤ ਸ਼ਹਿਰ ਦੇ ਨਜ਼ਦੀਕ ਤੱਕ ਪਹੁੰਚ ਜਾਂਦੇ ਹਨ, ਜਦਕਿ ਪੰਜਾਬ ਦੀਆਂ ਬੱਸਾਂ ਜ਼ਰੀਏ ਜਾਣ ਨਾਲ ਉਨ੍ਹਾਂ ਨੂੰ ਮੁੱਖ ਬੱਸ ਅੱਡਿਆਂ ’ਤੇ ਉਤਰ ਕੇ ਬੱਸਾਂ ਬਦਲਣੀਆਂ ਪੈਂਦੀਆਂ ਹਨ।

ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, ਨਾਬਾਲਗ ਕੁੜੀ ਦਾ ਗਲਾ ਵੱਢ ਕੇ ਕਤਲ, ਖੇਤਾਂ ’ਚੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼

ਪੰਜਾਬ ਰੋਡਵੇਜ਼ ਅਤੇ ਪਨਬੱਸ ਵੱਲੋਂ ਵੀ ਬੱਸਾਂ ਦੀ ਆਵਾਜਾਈ ਘਟਾਈ ਗਈ ਹੈ ਪਰ ਉਡੀਕ ਤੋਂ ਬਾਅਦ ਉਸ ਦੇ ਬਦਲ ਵਜੋਂ ਯਾਤਰੀਆਂ ਨੂੰ ਦੂਜੇ ਡਿਪੂ ਦੀਆਂ ਬੱਸਾਂ ਮਿਲ ਜਾਂਦੀਆਂ ਹਨ, ਜਿਸ ਕਾਰਨ ਉਹ ਆਪਣੀ ਮੰਜ਼ਿਲ ਨੂੰ ਰਵਾਨਾ ਹੋ ਪਾਉਂਦੇ ਹਨ। ਚਾਲਕ ਦਲ ਦੱਸਦੇ ਹਨ ਕਿ ਦੂਜੇ ਸੂਬਿਆਂ ਦੀਆਂ ਬੱਸਾਂ ਵੱਲੋਂ ਆਵਾਜਾਈ ਰੱਦ ਕਰਨ ਬਾਰੇ ਪਹਿਲਾਂ ਕੋਈ ਸੂਚਨਾ ਨਾ ਆਉਣ ਕਾਰਨ ਕਈ ਵਾਰ ਬੱਸ ਅੱਡੇ ਦੇ ਪੁੱਛਗਿੱਛ ਕੇਂਦਰ ਵਿਚ ਵੀ ਇਸ ਦੀ ਜਾਣਕਾਰੀ ਮੁਹੱਈਆ ਨਹੀਂ ਹੋ ਪਾਉਂਦੀ। ਅਧਿਕਾਰੀ ਕਹਿੰਦੇ ਹਨ ਕਿ ਇਸ ਲਈ ਯਾਤਰੀਆਂ ਨੂੰ ਜਾਣਕਾਰੀ ਲੈ ਕੇ ਹੀ ਸਫ਼ਰ ’ਤੇ ਨਿਕਲਣਾ ਚਾਹੀਦਾ ਹੈ। ਇਸ ਦੇ ਲਈ ਯਾਤਰੀਆਂ ਨੂੰ ਬੱਸ ਅੱਡੇ ਦੇ ਪੁੱਛਗਿੱਛ ਕੇਂਦਰ ਦੇ ਹੈਲਪਲਾਈਨ ਨੰਬਰ 0181-2223755 ’ਤੇ ਫੋਨ ਕਰਕੇ ਜਾਣਕਾਰੀ ਇਕੱਤਰ ਕਰ ਲੈਣੀ ਚਾਹੀਦੀ ਹੈ।

ਚੋਣ ਡਿਊਟੀ ਕਾਰਨ ਡੇਲੀ ਪੈਸੰਜਰਾਂ ਦੀ ਗਿਣਤੀ ’ਚ ਵੀ ਆਈ ਕਮੀ
ਡੇਲੀ ਪੈਸੰਜਰਾਂ ਵਜੋਂ ਸਫ਼ਰ ਕਰਨ ਵਾਲੇ ਸਰਕਾਰੀ ਕਰਮਚਾਰੀਆਂ ਦੀ ਗਿਣਤੀ ਬਹੁਤ ਜ਼ਿਆਦਾ ਰਹਿੰਦੀ ਹੈ ਪਰ ਅੱਜਕਲ੍ਹ ਇਨ੍ਹਾਂ ਦੀ ਗਿਣਤੀ ਵਿਚ ਬਹੁਤ ਕਮੀ ਆ ਚੁੱਕੀ ਹੈ। ਇਸ ਦਾ ਕਾਰਨ ਚੋਣ ਡਿਊਟੀ ਲੱਗਣਾ ਦੱਸਿਆ ਜਾ ਰਿਹਾ ਹੈ। ਵਧੇਰੇ ਕਰਮਚਾਰੀਆਂ ਦੀ ਚੋਣ ਡਿਊਟੀ ਲੱਗੀ ਹੋਈ ਹੈ, ਜਿਸ ਕਾਰਨ ਉਹ ਆਪਣਾ ਸਟੇਸ਼ਨ ਛੱਡ ਕੇ ਨਹੀਂ ਜਾਂਦੇ। ਇਸ ਕਾਰਨ ਸ਼ਾਮ ਸਮੇਂ ਬੱਸਾਂ ਵਿਚ ਸੀਟਾਂ ਖਾਲੀ ਮਿਲਣੀਆਂ ਸ਼ੁਰੂ ਹੋ ਗਈਆਂ ਹਨ, ਜਦਕਿ ਇਸ ਤੋਂ ਪਹਿਲਾਂ ਬੱਸਾਂ ਵਿਚ ਸਰਕਾਰੀ ਕਰਮਚਾਰੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਬੈਠਣ ਲਈ ਸੀਟਾਂ ਨਹੀਂ ਮਿਲ ਪਾਉਂਦੀਆਂ ਸਨ। ਹੁਣ 20 ਫਰਵਰੀ ਤੋਂ ਬਾਅਦ ਹੀ ਡੇਲੀ ਪੈਸੰਜਰਾਂ ਦੀ ਗਿਣਤੀ ਵਿਚ ਇਜ਼ਾਫਾ ਹੋਣ ਦੀ ਉਮੀਦ ਹੈ। ਜਿਹੜੇ ਕਰਮਚਾਰੀ ਨੇੜਲੇ ਸਟੇਸ਼ਨਾਂ ’ਤੇ ਤਾਇਨਾਤ ਹਨ, ਉਹ ਸ਼ਾਮ ਨੂੰ ਵਾਪਸੀ ਵੀ ਕਰ ਲੈਂਦੇ ਹਨ।

ਇਹ ਵੀ ਪੜ੍ਹੋ: ‘ਵੈਲੇਨਟਾਈਨ ਵੀਕ’ ਦਾ ਦੂਜਾ ਦਿਨ ਪ੍ਰਪੋਜ਼-ਡੇਅ, ਅੱਜ ਹੈ ਇਜ਼ਹਾਰ-ਏ-ਮੁਹੱਬਤ ਦਾ ਦਿਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News