ਹੁਣ ਬੱਸ ਅੱਡੇ 'ਚ ਮਾਸਕ ਨਾ ਪਾਉਣ ਵਾਲਿਆਂ ਦੀ ਖੈਰ ਨਹੀਂ, ਰੋਡਵੇਜ਼ ਕਰ ਰਿਹੈ ਨਵੀਂ ਯੋਜਨਾ ਤਿਆਰ

Wednesday, Aug 26, 2020 - 11:34 PM (IST)

ਹੁਣ ਬੱਸ ਅੱਡੇ 'ਚ ਮਾਸਕ ਨਾ ਪਾਉਣ ਵਾਲਿਆਂ ਦੀ ਖੈਰ ਨਹੀਂ, ਰੋਡਵੇਜ਼ ਕਰ ਰਿਹੈ ਨਵੀਂ ਯੋਜਨਾ ਤਿਆਰ

ਜਲੰਧਰ (ਪੁਨੀਤ)— ਬੱਸ ਅੱਡੇ 'ਚ ਆਉਣ ਵਾਲੇ ਯਾਤਰੀ ਮਾਸਕ ਪਹਿਨਣ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਨਹੀਂ ਕਰ ਰਹੇ, ਜੋ ਕਿ ਖਤਰੇ ਵਾਲੀ ਘੰਟੀ ਸਾਬਿਤ ਹੋ ਰਹੀ ਹੈ ਕਿਉਂਕਿ ਹਜ਼ਾਰਾਂ ਯਾਤਰੀ ਰੋਜ਼ਾਨਾ ਬੱਸ ਅੱਡੇ 'ਚ ਆਉਂਦੇ-ਜਾਂਦੇ ਹਨ ਅਤੇ ਆਪਣੀ ਮਰਜ਼ੀ ਕਰਦੇ ਹਨ। ਅਜਿਹੇ ਲੋਕ ਹੁਣ ਚੌਕੰਨੇ ਹੋ ਜਾਣ ਕਿਉਂਕਿ ਮਾਸਕ ਨਾ ਪਹਿਨਣ ਵਾਲਿਆਂ ਲਈ ਰੋਡਵੇਜ਼ ਵੱਲੋਂ ਨਵੀਂ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ਲਈ ਪੁਲਸ ਦੀ ਮਦਦ ਲਈ ਜਾ ਰਹੀ ਹੈ।

ਯੋਜਨਾ ਤਹਿਤ ਮਾਸਕ ਨਾ ਪਹਿਨਣ ਵਾਲਿਆਂ ਨੂੰ ਜੁਰਮਾਨਾ/ਇਕ ਘੰਟਾ ਕੰਧ ਦੇਖਣੀ ਪਵੇਗੀ। ਮਤਲਬ ਉਸ ਨੂੰ ਕੰਧ ਸਾਹਮਣੇ ਬਿਠਾ ਦਿੱਤਾ ਜਾਵੇਗਾ ਤਾਂ ਕਿ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਸਕੇ। ਰੋਡਵੇਜ਼ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਮਹਿਕਮੇ ਨੇ ਮਾਸਕ ਨਾ ਪਹਿਨਣ ਵਾਲਿਆਂ ਲਈ ਟਿਕਟ ਦੇਣ 'ਤੇ ਰੋਕ ਲਾ ਦਿੱਤੀ ਹੈ ਪਰ ਲੋਕਾਂ ਨੇ ਇਸ ਦਾ ਹੱਲ ਕੱਢ ਲਿਆ ਹੈ। ਲੋਕ ਮਾਸਕ ਪਹਿਨ ਕੇ ਟਿਕਟ ਲੈਣ ਤੋਂ ਬਾਅਦ ਬੱਸ 'ਚ ਬੈਠ ਜਾਂਦੇ ਸਨ ਅਤੇ ਬੱਸ ਅੰਦਰ ਬੈਠ ਕੇ ਮਾਸਕ ਉਤਾਰ ਦਿੰਦੇ ਸਨ। ਅਧਿਕਾਰੀਆਂ ਨੇ ਕਿਹਾ ਕਿ ਮਾਸਕ ਪਹਿਨਣਾ ਯਕੀਨੀ ਬਣਾਉਣ ਲਈ ਇਹ ਨਵਾਂ ਰਸਤਾ ਲੱਭਿਆ ਗਿਆ ਹੈ।

...ਤਾਂ ਬੱਸ ਚਲਾਉਣ 'ਤੇ ਫਿਰ ਲੱਗ ਸਕਦੀ ਹੈ ਰੋਕ : ਬਾਤਿਸ਼
ਜਲੰਧਰ ਡਿਪੂ-1 ਦੇ ਜੀ. ਐੱਮ. ਨਵਰਾਜ ਬਾਤਿਸ਼ ਨੇ ਕਿਹਾ ਕਿ ਕਰਫਿਊ ਦੌਰਾਨ ਕੋਰੋਨਾ ਨੂੰ ਨੱਥ ਪਾਉਣ ਲਈ ਸਰਕਾਰ ਵੱਲੋਂ ਬੱਸਾਂ ਦੀ ਆਵਾਜਾਈ 'ਤੇ ਰੋਕ ਲਗਾ ਦਿੱਤੀ ਗਈ ਹੈ ਪਰ ਹੁਣ ਯਾਤਰੀਆਂ ਦੀ ਸਹੂਲਤ ਨੂੰ ਵੇਖਦੇ ਹੋਏ ਦੋਬਾਰਾ ਬੱਸਾਂ ਚਲਾਈਆਂ ਗਈਆਂ ਹਨ ਪਰ ਜੇਕਰ ਯਾਤਰੀ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਸਰਕਾਰ ਦੋਬਾਰਾ ਸਖ਼ਤ ਕਦਮ ਚੁੱਕ ਕੇ ਬੱਸਾਂ ਚੱਲਣ 'ਤੇ ਰੋਕ ਲਾ ਸਕਦੀ ਹੈ।


author

shivani attri

Content Editor

Related News