ਚੁੱਲ੍ਹਿਆਂ ਦੇ ਪਿੱਛੇ ਬਣ ਗਏ 'ਬੰਕਰ

01/11/2019 6:37:29 PM

ਜਲੰਧਰ (ਜੁਗਿੰਦਰ ਸੰਧੂ)—ਦਹਿਸ਼ਤ ਕਾਰਨ ਮਜਬੂਰ ਹੋਏ ਲੋਕਾਂ ਲਈ ਸਮੇਂ ਦੇ ਚੱਕਰ ਨੇ ਹਾਲਾਤ ਅਜਿਹੇ ਬਣਾ ਦਿੱਤੇ ਕਿ ਆਪਣੀ ਜਾਨ ਦੀ ਸਲਾਮਤੀ ਲਈ ਉਨ੍ਹਾਂ ਨੂੰ ਘਰਾਂ 'ਚ ਬੰਕਰ ਬਣਾਉਣੇ ਪੈ ਰਹੇ ਹਨ। ਜ਼ਿੰਦਗੀ ਰੂਪੀ 'ਮਾਸੂਮ-ਬੋਟ' ਨੂੰ ਖੂਨੀ ਪੰਜਿਆਂ 'ਚ ਜਕੜਣ ਲਈ ਸਰਹੱਦ ਪਾਰ ਤੋਂ 'ਖੌਫ਼ ਦੇ ਖੰਭ' ਦਹਾਕਿਆਂ ਤੋਂ ਫੜਕ ਰਹੇ ਹਨ ਅਤੇ ਇਸ ਖਤਰੇ ਤੋਂ ਬਚਾਅ ਲਈ ਬੜੇ ਯਤਨ ਵੀ ਨਾਲੋ-ਨਾਲ ਕੀਤੇ ਗਏ। 

ਹੁਣ ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰਾਂ 'ਚ ਸਥਿਤ ਪਿੰਡਾਂ ਦੇ ਲੋਕਾਂ ਨੂੰ ਪਾਕਿਸਤਾਨੀ ਸੈਨਿਕਾਂ ਦੀ ਗੋਲੀਬਾਰੀ ਤੋਂ ਮਹਿਫੂਜ਼ ਰੱਖਣ ਲਈ ਘਰਾਂ ਵਿਚ ਬੰਕਰਾਂ ਦੀ ਉਸਾਰੀ ਨੂੰ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਇਨ੍ਹਾਂ ਬੰਕਰਾਂ ਨੂੰ ਵੇਖਣ ਦਾ ਮੌਕਾ ਉਦੋਂ ਮਿਲਿਆ ਜਦੋਂ ਪੰਜਾਬ ਕੇਸਰੀ ਗਰੁੱਪ ਦੀ ਰਾਹਤ-ਮੁਹਿੰਮ ਅਧੀਨ 490ਵੇਂ ਟਰੱਕ ਦੀ ਸਮੱਗਰੀ ਵੰਡਣ ਲਈ ਰਾਹਤ-ਟੀਮ ਨੇ ਸਾਂਬਾ ਸੈਕਟਰ ਦੇ ਉਨ੍ਹਾਂ ਲੋਕਾਂ ਤਕ ਪਹੁੰਚ ਕੀਤੀ, ਜਿਨ੍ਹਾਂ ਦੇ ਘਰਾਂ ਦੀਆਂ ਕੰਧਾਂ ਅਕਸਰ ਗੋਲੀਬਾਰੀ ਨਾਲ ਕੰਬਦੀਆਂ ਰਹਿੰਦੀਆਂ ਹਨ। 

ਸਰਹੱਦ ਦੇ ਐਨ ਕੰਢੇ 'ਤੇ ਸਥਿਤ ਇਕ ਅਜਿਹੇ ਪਿੰਡ ਵਿਚ ਵੇਖਿਆ ਕਿ ਘਰਾਂ ਦੇ ਵਿਹੜਿਆਂ 'ਚ ਜਿੱਥੇ ਰੋਟੀ-ਟੁੱਕ ਬਣਾਉਣ ਲਈ ਚੁੱਲ੍ਹੇ ਬਣੇ ਹੋਏ ਸਨ, ਉਨ੍ਹਾਂ ਦੇ ਪਿਛਲੇ ਪਾਸੇ ਕੰਕਰੀਟ ਦੇ ਬੰਕਰ ਬਣਾਏ ਜਾ ਰਹੇ ਹਨ ਤਾਂ ਜੋ ਗੋਲੀਬਾਰੀ ਦੇ ਸਮੇਂ ਪਰਿਵਾਰ ਦੇ ਮੈਂਬਰ ਉਥੇ ਆਸਰਾ ਲੈ ਸਕਣ। 
ਇਨ੍ਹਾਂ ਬੰਕਰਾਂ ਦੀ ਉਸਾਰੀ ਦਾ ਸਾਰਾ ਖਰਚ ਸਰਕਾਰ ਵਲੋਂ ਦਿੱਤਾ ਜਾ ਰਿਹਾ ਹੈ। ਜਿਹੜੇ ਲੋਕਾਂ ਕੋਲ ਬੰਕਰ ਬਣਾਉਣ ਲਈ ਜਗ੍ਹਾ ਨਹੀਂ ਹੈ, ਉਨ੍ਹਾਂ ਲਈ ਅਜਿਹਾ ਪ੍ਰਬੰਧ ਸਕੂਲ ਜਾਂ ਹੋਰ ਕਿਸੇ ਸਾਂਝੀ ਥਾਂ 'ਤੇ ਕੀਤਾ ਜਾ ਰਿਹਾ ਹੈ। ਅਜਿਹੇ ਬੰਕਰਾਂ ਵਿਚ 50 ਤੋਂ ਵਧੇਰੇ ਲੋਕਾਂ ਦੇ ਬੈਠ ਸਕਣ ਲਈ ਜਗ੍ਹਾ ਹੁੰਦੀ ਹੈ। 
ਘਰਾਂ ਵਿਚ ਕੁਝ ਬੰਕਰ ਇਸ ਤਰੀਕੇ ਨਾਲ ਬਣਾਏ ਗਏ ਹਨ, ਜਿਨ੍ਹਾਂ ਨੂੰ ਇਕ ਛੋਟੀ ਜਿਹੀ ਸੁਰੰਗ ਰਸਤੇ ਰਿਹਾਇਸ਼ੀ ਕਮਰਿਆਂ ਨਾਲ ਜੋੜਿਆ ਗਿਆ ਹੈ। ਪਿੰਡ ਤੋਂ 500 ਮੀਟਰ ਦੀ ਦੂਰੀ 'ਤੇ ਹੀ ਸਰਹੱਦ ਸਥਿਤ ਹੈ। ਮੈਦਾਨੀ ਇਲਾਕਾ ਹੋਣ ਕਾਰਨ ਸਰਹੱਦ ਦੇ ਆਰ-ਪਾਰ ਸਾਫ ਦੇਖਿਆ ਜਾ ਸਕਦਾ ਹੈ। 

ਜਦੋਂ ਇਸ ਇਲਾਕੇ 'ਚ ਤਾਰ-ਵਾੜ ਨਹੀਂ ਸੀ ਅਤੇ ਸੁਰੱਖਿਆ ਦੇ ਪ੍ਰਬੰਧ ਵੀ ਬਹੁਤੇ ਸਖਤ ਨਹੀਂ ਸਨ ਤਾਂ ਲੋਕ ਅਕਸਰ ਆਰ-ਪਾਰ ਆ-ਜਾ ਸਕਦੇ ਸਨ। ਉਦੋਂ ਦੋਹਾਂ ਪਾਸਿਆਂ ਦੇ ਕੁਝ ਲੋਕ ਇਸ ਆਵਾਜਾਈ ਦਾ ਜਾਇਜ਼/ ਨਾਜਾਇਜ਼ ਫਾਇਦਾ ਵੀ ਉਠਾ ਲੈਂਦੇ ਸਨ ਅਤੇ ਕਈਆਂ ਨੇ ਤਾਂ ਆਪਣੇ ਹੱਥ ਵੀ ਰੰਗ ਲਏ।

ਪਿੰਡ 'ਚ ਸੁਰੱਖਿਆ ਚੌਕੀ
ਨੰਗਾ ਨਾਮੀ ਇਸ ਪਿੰਡ 'ਚ ਸੀਮਾ ਸੁਰੱਖਿਆ ਬਲ ਦੀ ਇਕ ਚੌਕੀ ਵੀ ਬਣੀ ਹੋਈ ਹੈ। ਸੁਰੱਖਿਆ ਕਰਮਚਾਰੀ ਆਪਣੀ ਜਾਨ 'ਤੇ ਖੇਡ ਕੇ ਸਰਹੱਦ ਦੀ ਰਾਖੀ ਕਰਦੇ ਹਨ ਅਤੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਦਾ ਫਰਜ਼ ਵੀ ਨਿਭਾਉਂਦੇ ਹਨ। ਰਾਹਤ-ਟੀਮ ਦੇ ਮੈਂਬਰਾਂ ਨੇ ਉਥੇ ਤਾਇਨਾਤ ਜਵਾਨਾਂ ਅਤੇ ਇਕ ਅਧਿਕਾਰੀ ਮਨੂ ਮੰਗੋਤਰਾ ਨਾਲ ਗੈਰ-ਰਸਮੀ ਮੁਲਾਕਾਤ ਵੀ ਕੀਤੀ ਅਤੇ ਮਹਿਸੂਸ ਕੀਤਾ ਕਿ ਉਹ ਸਾਰੇ ਕਿੰਨੀ ਦਲੇਰੀ ਅਤੇ ਮੁਸਤੈਦੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ।
ਸੁਰੱਖਿਆ ਕਰਮਚਾਰੀ ਸਿਰਫ ਸਰਹੱਦ ਦੀ ਰਖਵਾਲੀ ਹੀ ਨਹੀਂ ਕਰਦੇ, ਸਗੋਂ ਉਹ ਪਿੰਡ ਦੇ ਲੋਕਾਂ ਦੇ ਦੁੱਖ-ਸੁੱਖ ਵਿਚ ਵੀ ਕੰਮ ਆਉਂਦੇ ਹਨ। ਪਿੰਡ ਵਾਸੀਆਂ ਨਾਲ ਉਨ੍ਹਾਂ ਦੇ ਸੁਖਾਵੇਂ ਅਤੇ ਨਿੱਘੇ ਸਬੰਧ ਦੇਖਣ ਵਿਚ ਆਏ। ਸੁਰੱਖਿਆ ਕਰਮਚਾਰੀਆਂ ਦੀ ਇਕ ਖਾਸ ਗੱਲ ਵੇਖਣ ਵਿਚ ਆਈ ਕਿ ਉਹ ਖ਼ੁਦ ਵੀ ਸਫਾਈ ਵੱਲ ਵਿਸ਼ੇਸ਼ ਤਵੱਜੋਂ ਦਿੰਦੇ ਹਨ ਅਤੇ ਪੇਂਡੂਆਂ ਨੂੰ ਵੀ ਇਸ ਪ੍ਰਤੀ ਉਤਸ਼ਾਹਿਤ ਕਰਦੇ ਹਨ। ਪਿੰਡਾਂ ਦੀ ਨੌਜਵਾਨ ਪੀੜ੍ਹੀ ਅਜਿਹੇ ਯਤਨਾਂ 'ਚ ਅੱਗੇ ਹੋ ਕੇ ਭੂਮਿਕਾ ਨਿਭਾਉਂਦੀ ਹੈ। 

ਨੌਜਵਾਨਾਂ 'ਚ ਉਡਾਰੀ ਮਾਰਨ ਦੀ ਇੱਛਾ
ਸਰਹੱਦੀ ਇਲਾਕੇ ਦੇ ਪਿੰਡਾਂ 'ਚ ਕੁਝ ਪਰਿਵਾਰ ਅਜਿਹੇ ਹਨ, ਜਿਨ੍ਹਾਂ ਦੀ ਮਾਲੀ ਹਾਲਤ ਮਜ਼ਬੂਤ ਹੈ। ਇਸ ਦੀ ਝਲਕ ਉਨ੍ਹਾਂ ਦੇ ਘਰਾਂ ਤੋਂ ਵੀ ਮਿਲਦੀ ਹੈ ਅਤੇ ਵਿਹੜਿਆਂ 'ਚ ਖਲੋਤੀਆਂ ਕਾਰਾਂ ਤੋਂ ਵੀ ਜ਼ਾਹਰ ਹੁੰਦੀ ਹੈ। ਅਜਿਹੇ ਘਰਾਂ ਦੇ ਬੱਚੇ ਸਕੂਲਾਂ ਦੀ ਪੜ੍ਹਾਈ ਕਰ ਕੇ ਹੀ ਮਨ ਵਿਚ ਵਿਦੇਸ਼ਾਂ ਨੂੰ ਉਡਾਰੀ ਮਾਰਨ ਦੀ ਇੱਛਾ ਪਾਲ ਲੈਂਦੇ ਹਨ। ਕਾਲਜਾਂ ਵਿਚ ਜਾ ਕੇ ਉਨ੍ਹਾਂ ਦੀ ਇਹ ਇੱਛਾ ਹੋਰ ਬੁਲੰਦ ਹੋ ਜਾਂਦੀ ਹੈ। 
ਸਰਹੱਦੀ ਪਿੰਡ ਦੇ ਇਕ ਨੌਜਵਾਨ ਨੇ ਮੈਨੂੰ ਦੱਸਿਆ ਕਿ ਉਸਦੇ ਬਹੁਤ ਸਾਰੇ ਸਾਥੀ ਵਿਦੇਸ਼ਾਂ 'ਚ ਚਲੇ ਗਏ ਹਨ ਅਤੇ ਉਹ ਖ਼ੁਦ ਵੀ ਪੜ੍ਹਾਈ ਲਈ ਬਾਹਰ ਜਾਣ ਦੀ ਤਿਆਰੀ ਕਰ ਰਿਹਾ ਹੈ। ਉਸ ਦਾ ਕਹਿਣਾ ਸੀ ਕਿ ਸਰਹੱਦੀ ਪਿੰਡਾਂ ਦੇ ਹਾਲਾਤ ਬਹੁਤ ਮਾੜੇ ਹਨ, ਜਿੱਥੇ ਅਕਸਰ ਗੋਲੀਬਾਰੀ ਹੁੰਦੀ ਰਹਿੰਦੀ ਹੈ। ਰੋਜ਼ਗਾਰ ਦੇ ਵੀ ਕੋਈ ਪ੍ਰਬੰਧ ਨਹੀਂ ਅਤੇ ਨੌਕਰੀਆਂ ਵੀ ਨਹੀਂ ਮਿਲਦੀਆਂ। ਇਸ ਸਥਿਤੀ ਕਾਰਨ ਹੀ ਨੌਜਵਾਨਾਂ 'ਚ ਵਿਦੇਸ਼ਾਂ ਪ੍ਰਤੀ ਰੁਝਾਨ ਵਧ ਰਿਹਾ ਹੈ। 

ਗੋਲਿਆਂ ਤੋਂ ਬਚਾਉਣਗੇ ਰੁੱਖ
ਸਰਹੱਦੀ ਪਿੰਡਾਂ ਵਿਚ ਪਾਕਿਸਤਾਨ ਵਲੋਂ ਆਉਂਦੀ ਗੋਲਾਬਾਰੀ ਤੋਂ ਬਚਾਅ ਲਈ ਜਿੱਥੇ ਬੰਕਰ ਬਣਾਏ ਜਾ ਰਹੇ ਹਨ, ਉਥੇ ਵੱਡੀ ਗਿਣਤੀ 'ਚ ਰੁੱਖ ਲਾਏ ਜਾਣ ਦੀ ਲੋੜ ਵੀ ਮਹਿਸੂਸ ਕੀਤੀ ਜਾ ਰਹੀ ਹੈ। ਇਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਜੇਕਰ ਪਿੰਡਾਂ ਦੇ ਸਰਹੱਦ ਵਾਲੇ ਪਾਸੇ ਰੁੱਖਾਂ ਦੀ ਸੰਘਣੀ ਕਤਾਰ ਲਾ ਦਿੱਤੀ ਜਾਵੇ ਤਾਂ ਪਾਕਿਸਤਾਨੀ ਸੈਨਿਕਾਂ ਵਲੋਂ ਚਲਾਏ ਜਾਂਦੇ ਮੋਰਟਾਰ ਅਤੇ ਹੋਰ ਗੋਲਿਆਂ ਨਾਲ ਨੁਕਸਾਨ ਦੀ ਸੰਭਾਵਨਾ ਬਹੁਤ ਘਟ ਸਕਦੀ ਹੈ। 
ਗੋਲਾ ਜਦੋਂ ਕਿਸੇ ਛੋਟੀ ਤੋਂ ਛੋਟੀ ਚੀਜ਼ ਨਾਲ ਟਕਰਾਉਂਦਾ ਹੈ ਤਾਂ ਉਹ ਉਥੇ ਹੀ ਫਟ ਜਾਂਦਾ ਹੈ। ਇਸ ਲਈ ਪਿੰਡ ਦੇ ਬਾਹਰ ਜੇ ਰੁੱਖਾਂ ਦੀ ਵਾੜ ਖੜ੍ਹੀ ਹੋਵੇਗੀ ਤਾਂ ਉਸ ਪਿੰਡ ਵੱਲ ਦਾਗਿਆ ਗਿਆ ਗੋਲਾ ਰੁੱਖ ਨਾਲ ਟਕਰਾਉਣ ਪਿੱਛੋਂ ਰਸਤੇ ਵਿਚ ਹੀ ਫਟ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਸਰਹੱਦੀ ਪਿੰਡਾਂ ਦੀ ਸੁਰੱਖਿਆ ਲਈ ਵੱਡੀ ਗਿਣਤੀ 'ਚ ਰੁੱਖ ਲਾਏ ਜਾਣੇ ਬਹੁਤ ਜ਼ਰੂਰੀ ਹਨ। ਇਸ ਮਕਸਦ ਲਈ ਸੁਰੱਖਿਆ ਕਰਮਚਾਰੀ ਵੀ ਸਹਿਯੋਗ ਦੇਣ ਲਈ ਤਿਆਰ ਹਨ। 
ਲੋੜ ਇਸ ਗੱਲ ਦੀ ਹੈ ਕਿ ਰੁੱਖਾਂ ਦੀ ਵਾੜ ਲਾਉਣ ਦੇ ਮਾਮਲੇ 'ਚ ਸਰਕਾਰ ਨੂੰ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ ਅਤੇ ਇਸ ਕੰਮ ਲਈ ਸਬੰਧਤ ਪਿੰਡਾਂ ਦੇ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਸਮਾਜ-ਸੇਵੀ ਸੰਸਥਾਵਾਂ ਅਤੇ ਗੈਰ-ਸਰਕਾਰੀ ਸੰਗਠਨ ਵੀ ਇਸ ਮਾਮਲੇ 'ਚ ਅਹਿਮ ਯੋਗਦਾਨ ਪਾ ਸਕਦੇ ਹਨ। ਇਸ ਨਾਲ ਨਾਗਰਿਕਾਂ ਦੀ ਸੁਰੱਖਿਆ ਹੋ ਸਕੇਗੀ ਅਤੇ ਵਾਤਾਵਰਣ ਨੂੰ ਸਵੱਛ ਰੱਖਣ ਵਿਚ ਵੀ ਮਦਦ ਮਿਲ ਸਕੇਗੀ। ਇਸ ਦੇ ਮਹੱਤਵ ਨੂੰ ਧਿਆਨ 'ਚ ਰੱਖਦਿਆਂ ਇਹ ਕੰਮ ਤੁਰੰਤ ਕੀਤਾ ਜਾਣਾ ਚਾਹੀਦਾ ਹੈ। 

sandhujs00@gmail.com

9417402327


Shyna

Content Editor

Related News