ਆਗਾਜ਼ ਨੇ ਥੈਲੇਸੀਮੀਆ ਪੀੜਤ ਬੱਚਿਆਂ ਦੀ ਸਹਾਇਤਾ ਲਈ ਲਾਇਆ ਖੂਨਦਾਨ ਕੈਂਪ
Sunday, Jan 05, 2020 - 04:51 PM (IST)
ਜਲੰਧਰ (ਚਾਵਲਾ, ਸੋਨੂੰ) - ਆਗਾਜ਼ ਦਿ ਹੈਲਪਿੰਗ ਹੈਂਡ ਸੋਸਾਇਟੀ ਵਲੋਂ ਸਰਬੰਸਦਾਨੀ, ਸਾਹਿਬ-ਏ-ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਥੈਲੇਸੀਮੀਆ ਬੀਮਾਰੀ ਤੋਂ ਪੀੜਤ ਬੱਚਿਆਂ ਲਈ ਸਿਵਲ ਹਸਪਤਾਲ ਵਿਖੇ ਖੂਨਦਾਨ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਚੰਦਨ ਗਰੇਵਾਲ ਅਤੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਨੇ ਕੀਤਾ। ਇਸ ਦੌਰਾਨ ਆਗਾਜ਼ ਦੇ ਪ੍ਰਧਾਨ ਪਰਮਪ੍ਰੀਤ ਸਿੰਘ ਵਿੱਟੀ ਨੇ ਕਿਹਾ ਕਿ ਹਰ ਇਨਸਾਨ ਨੂੰ ਖੂਨ ਦਾਨ ਸਮਾਜ ਦੀ ਸਹਾਇਤਾ ਲਈ ਕਰਨਾ ਚਾਹੀਦਾ ਹੈ, ਇਹ ਸਭ ਤੋਂ ਉੱਤਮ ਦਾਨ ਹੈ।
ਉਨ੍ਹਾਂ ਕਿਹਾ ਕਿ ਥੈਲੇਸੀਮੀਆ ਦੀ ਬੀਮਾਰੀ ਤੋਂ ਪੀੜਤ ਬੱਚਿਆਂ ਦੀ ਸਹਾਇਤਾ ਲਈ ਭਵਿੱਖ ਵਿਚ ਵੱਡੇ ਪੱਧਰ 'ਤੇ ਇਸ ਤਰ੍ਹਾਂ ਦੇ ਖੂਨ-ਦਾਨ ਕੈਂਪ ਲਾਏ ਜਾਣਗੇ। ਉਨ੍ਹਾਂ ਨੇ ਸਮੂਹ ਸਮਾਜ ਭਲਾਈ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਵੀ ਥੈਲੇਸੀਮੀਆ ਬੀਮਾਰੀ ਤੋਂ ਪੀੜਤ ਬੱਚਿਆਂ ਦੀ ਮਦਦ ਲਈ ਅੱਗੇ ਆਉਣ ਤਾਂ ਜੋ ਇਨ੍ਹਾਂ ਬੱਚਿਆਂ ਨੂੰ ਵਧੀਆ ਜ਼ਿੰਦਗੀ ਜਿਊਣ ਦਾ ਮੌਕਾ ਮਿਲ ਸਕੇ, ਜਦਕਿ ਇਸ ਮੌਕੇ ਖੂਨ-ਦਾਨ ਕੈਂਪ ਦੌਰਾਨ 40 ਨੌਜਵਾਨਾਂ ਨੇ ਖੂਨ ਦਾਨ ਕੀਤਾ, ਜਿਨ੍ਹਾਂ ਨੂੰ ਸੋਸਾਇਟੀ ਨੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਕੌਂਸਲਰ ਦਵਿੰਦਰ ਰੋਨੀ, ਅਮਰਜੀਤ ਸਿੰਘ ਮੰਗਾ, ਯੂਥ ਅਕਾਲੀ ਆਗੂ ਅਮਿਤ ਮੈਣੀ, ਰਣਜੀਤ ਸਿੰਘ ਗੋਲਡੀ, ਪਰਦੀਪ ਸਿੰਘ ਵਿੱਕੀ, ਜਸਦੀਪ ਸਿੰਘ ਸੋਨੂੰ ਆਦਿ ਹਾਜ਼ਰ ਸਨ।