ਜਲੰਧਰ ’ਚ ਦਿਨ-ਦਿਹਾੜੇ ਵੱਡੀ ਵਾਰਦਾਤ, ਮਨਾਪੁਰਮ ਗੋਲਡ ਲੋਨ ਦੀ ਬਰਾਂਚ ’ਤੇ ਲੱਖਾਂ ਦੀ ਲੁੱਟ

Saturday, Jul 24, 2021 - 06:08 PM (IST)

ਜਲੰਧਰ ’ਚ ਦਿਨ-ਦਿਹਾੜੇ ਵੱਡੀ ਵਾਰਦਾਤ, ਮਨਾਪੁਰਮ ਗੋਲਡ ਲੋਨ ਦੀ ਬਰਾਂਚ ’ਤੇ ਲੱਖਾਂ ਦੀ ਲੁੱਟ

ਜਲੰਧਰ (ਸੋਨੂੰ, ਵਰੁਣ)— ਜਲੰਧਰ ’ਚ ਲੁੱਟ ਦੀ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਸਭ ਤੋਂ ਸੁਰੱਖਿਅਤ ਅਤੇ ਪਾਸ਼ ਸਥਾਨਾਂ ’ਚੋਂ ਇਕ ਅਰਬਨ ਫੇਜ਼-2 ’ਚ ਲੁਟੇਰਿਆਂ ਨੇ ਦਿਨ-ਦਿਹਾੜੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਇਥੋਂ ਦੇ ਫੇਜ਼-2 ’ਚ ਸਥਿਤ ਮਨਾਪੁਰਮ ਗੋਲਡ ਲੋਨ ਦੀ ਬਰਾਂਚ ’ਚ ਲੁਟੇਰਿਆਂ ਨੇ ਪਹਿਲਾਂ ਮਾਲਕ ਨੂੰ ਬੰਧਕ ਬਣਾਇਆ ਅਤੇ ਲੱਖਾਂ ਦਾ ਕੈਸ਼ ਅਤੇ ਸੋਨਾ ਲੁੱਟ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਕੁੱਲ 5 ਲੁਟੇਰੇ ਚੋਰੀ ਦੀ ਨੀਅਤ ਨਾਲ ਦਾਖ਼ਲ ਹੋਏ ਸਨ, ਜਿਨ੍ਹਾਂ ਨੇ ਸਟਾਫ਼ ਦੇ ਇਕ ਮੈਂਬਰ ਨੂੰ ਵੀ ਜ਼ਖ਼ਮੀ ਕਰ ਦਿੱਤਾ। ਫਿਲਹਾਲ ਸੂਚਨਾ ਮਿਲਣ ਦੇ ਬਾਅਦ ਸਬੰਧਤ ਥਾਣਾ ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਨੇ ਇਸ ਪੂਰੀ ਵਾਰਦਾਤ ਦੀ ਸੀ. ਸੀ. ਟੀ. ਵੀ. ਫੁਟੇਜ਼ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਦਿਨ-ਦਿਹਾੜੇ ਮਨਾਪੁਰਮ ਗੋਲਡ ਲੋਨ ਦੇ ਦਫ਼ਤਰ ਵਿਚ ਦਾਖ਼ਲ ਹੋ ਕੇ 6 ਲੁਟੇਰਿਆਂ ਨੇ ਸਟਾਫ਼ ਨੂੰ ਗੰਨ ਪੁਆਇੰਟ ’ਤੇ ਲੈ ਕੇ 4 ਕਿਲੋ ਤੋਂ ਵੀ ਵੱਧ ਸੋਨੇ ਦੇ ਗਹਿਣੇ ਅਤੇ ਲਗਭਗ 2 ਲੱਖ 35 ਹਜ਼ਾਰ ਰੁਪਏ ਲੁੱਟ ਲਏ। ਲੁੱਟੇ ਹੋਏ ਗਹਿਣਿਆਂ ਦੀ ਕੀਮਤ ਢਾਈ ਕਰੋੜ ਦੇ ਲਗਭਗ ਹੈ।

ਇਹ ਵੀ ਪੜ੍ਹੋ: ਡਿਪਟੀ ਕਤਲ ਕਾਂਡ: ਬੰਬੀਹਾ ਗਰੁੱਪ ਦੇ ਸਹਿਯੋਗੀ ਗੈਂਗ 'ਤੇ ਪੁਲਸ ਦਾ ਸ਼ੱਕ, ਗੁਰੂਗ੍ਰਾਮ ਦੇ ਗੈਂਗਸਟਰ ਨਾਲ ਜੁੜੇ ਤਾਰ

PunjabKesari

ਦਫ਼ਤਰ ਵਿਚ ਪਹਿਲਾਂ 2 ਲੁਟੇਰੇ ਗਾਹਕ ਬਣ ਕੇ ਦਾਖ਼ਲ ਹੋਏ ਪਰ ਵੇਖਦੇ ਹੀ ਵੇਖਦੇ 6 ਹੋਰ ਲੁਟੇਰੇ ਦਫ਼ਤਰਵਿਚ ਆ ਗਏ। ਇਨ੍ਹਾਂ ਵਿਚੋਂ 4 ਦੇ ਕੋਲ ਗੰਨ ਸੀ। ਇਹ ਦਫ਼ਤਰ ਪਹਿਲੀ ਮੰਜ਼ਿਲ ’ਤੇ ਬਣਿਆ ਹੋਇਆ ਹੈ। ਲੁਟੇਰਿਆਂ ਨੇ ਦਫ਼ਤਰ ਵਿਚ ਮੌਜੂਦ 3 ਔਰਤਾਂ ਅਤੇ 1 ਮਰਦ ਕਰਮਚਾਰੀ ਨੂੰ ਗੰਨ ਪੁਆਇੰਟ ’ਤੇ ਬੰਦੀ ਬਣਾ ਲਿਆ। ਇਕ ਲੁਟੇਰੇ ਨੇ ਮਰਦ ਕਰਮਚਾਰੀ ਦੇ ਸਿਰ ’ਤੇ ਪਿਸਤੌਲ ਦਾ ਬੱਟ ਮਾਰ ਕੇ ਉਸ ਨੂੰ ਜ਼ਖ਼ਮੀ ਵੀ ਕਰ ਦਿੱਤਾ। 20 ਮਿੰਟਾਂ ਅੰਦਰ ਹੋਈ ਵਾਰਦਾਤ ਦੌਰਾਨ ਆਫਿਸ ਵਿਚ ਸਕਿਓਰਿਟੀ ਗਾਰਡ ਵੀ ਨਹੀਂ ਸੀ, ਜਦੋਂ ਕਿ ਮੇਨ ਮੈਨੇਜਰ ਛੁੱਟੀ ’ਤੇ ਸੀ। ਲੁਟੇਰੇ ਬੜੇ ਆਰਾਮ ਨਾਲ ਆਪਣੇ ਨਾਲ ਲਿਆਂਦੇ ਬੈਗ ਵਿਚ ਸੋਨਾ ਅਤੇ ਕੈਸ਼ ਪਾ ਕੇ ਫ਼ਰਾਰ ਹੋ ਗਏ।

ਦਿਨ-ਦਿਹਾੜੇ ਹੋਈ ਵਾਰਦਾਤ ਤੋਂ ਬਾਅਦ ਤੁਰੰਤ ਡੀ. ਸੀ. ਪੀ. (ਇਨਵੈਸਟੀਗੇਸ਼ਨ) ਗੁਰਮੀਤ ਸਿੰਘ, ਸੀ. ਆਈ. ਏ. ਸਟਾਫ਼ ਦੀ ਟੀਮ, ਏ. ਡੀ. ਸੀ. ਪੀ. ਸਰੋਆ, ਏ. ਸੀ. ਪੀ. ਕ੍ਰਾਈਮ ਕੰਵਲਜੀਤ ਸਿੰਘ, ਥਾਣਾ ਨੰਬਰ 7 ਅਤੇ 6 ਦੀ ਪੁਲਸ ਤੋਂ ਬਾਅਦ ਡੀ. ਸੀ. ਪੀ. ਲਾਅ ਐਂਡ ਆਰਡਰ ਜਗਮੋਹਨ ਸਿੰਘ ਸਮੇਤ ਏ. ਡੀ. ਸੀ. ਪੀ. ਕ੍ਰਾਈਮ ਬੈਨੀਪਾਲ ਮੌਕੇ ’ਤੇ ਪਹੁੰਚ ਗਏ। ਸ਼ਨੀਵਾਰ ਦੁਪਹਿਰੇ 3 ਵਜੇ ਜਦੋਂ ਅਰਬਨ ਅਸਟੇਟ ਫੇਜ਼-2 ਵਿਚ ਸਥਿਤ ਮਾਰਕੀਟ ਵਿਚ ਮਨਾਪੁਰਮ ਗੋਲਡ ਦੇ ਲੋਨ ਆਫਿਸ ਵਿਚ 3 ਔਰਤਾਂ ਅਤੇ ਇਕ ਮਰਦ ਕਰਮਚਾਰੀ ਕੰਮ ਕਰ ਰਹੇ ਸਨ ਤਾਂ 2 ਨੌਜਵਾਨ ਮਾਸਕ ਪਹਿਨੀ ਆਫਿਸ ਦਾਖਲ ਹੋਏ। ਕੁਝ ਸੈਕਿੰਡ ਉਨ੍ਹਾਂ ਕਾਊਂਟਰ ’ਤੇ ਬੈਠੀਆਂ ਔਰਤ ਕਰਮਚਾਰੀਆਂ ਕੋਲੋਂ ਗੋਲਡ ਲੋਨ ਬਾਰੇ ਜਾਣਕਾਰੀ ਲਈ। ਉਨ੍ਹਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਇਕ ਹੋਰ ਔਰਤ ਕਰਮਚਾਰੀ ਨੂੰ ਬੁਲਾ ਲਿਆ ਅਤੇ ਨਾਲ ਹੀ ਪਰਵਿੰਦਰ ਸਿੰਘ ਨਾਂ ਦਾ ਅਸਿਸਟੈਂਟ ਮੈਨੇਜਰ ਵੀ ਆ ਗਿਆ। ਸ਼ੱਕ ਪੈਣ ’ਤੇ ਪਰਵਿੰਦਰ ਬਾਹਰ ਦੇਖਣ ਗਿਆ ਪਰ ਇਸੇ ਦੌਰਾਨ ਬਾਹਰੋਂ 2 ਹੋਰ ਲੁਟੇਰੇ ਆਫਿਸ ਵਿਚ ਦਾਖਲ ਹੋਏ, ਜਿਨ੍ਹਾਂ ਕੋਲ ਗੰਨ ਸੀ। ਆਫਿਸ ਦੇ ਅੰਦਰ ਪਹਿਲਾਂ ਹੀ ਖੜ੍ਹੇ 2 ਲੁਟੇਰਿਆਂ ਨੇ ਵੀ ਗੰਨ ਕੱਢ ਲਈ। ਜਿਉਂ ਹੀ ਇਕ ਔਰਤ ਕਰਮਚਾਰੀ ਹੂਟਰ ਵਜਾਉਣ ਲਈ ਅੰਦਰ ਵੱਲ ਭੱਜੀ ਤਾਂ ਇਕ ਲੁਟੇਰੇ ਨੇ ਉਸਨੂੰ ਕਾਬੂ ਕਰ ਲਿਆ। ਚਾਰਾਂ ਨੇ ਔਰਤਾਂ ਨੂੰ ਧੌਣਾਂ ਤੋਂ ਫੜ ਕੇ ਗੰਨ ਦਿਖਾਈ ਅਤੇ ਬੈਠਣ ਨੂੰ ਕਿਹਾ।

ਇਹ ਵੀ ਪੜ੍ਹੋ: ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ, ਗੋਰਾਇਆ ਵਿਖੇ ਨਵ-ਜਨਮੇ ਬੱਚੇ ਦੀ ਪਤੀਲੇ ‘ਚ ਪਾ ਕੇ ਸੁੱਟੀ ਲਾਸ਼

PunjabKesari

ਇਕ ਲੁਟੇਰੇ ਨੇ ਪਰਵਿੰਦਰ ਸਿੰਘ ਦੇ ਸਿਰ ’ਤੇ ਪਿਸਤੌਲ ਦਾ ਬੱਟ ਮਾਰ ਕੇ ਉਸਨੂੰ ਜ਼ਖ਼ਮੀ ਕਰ ਦਿੱਤਾ। ਲੁਟੇਰੇ ਇਕ ਔਰਤ ਨੂੰ ਧਮਕਾਉਂਦਿਆਂ ਅੰਦਰ ਸੇਫ ਰੂਮ ਤੱਕ ਲੈ ਗਏ। 2 ਹੋਰ ਲੁਟੇਰੇ ਅੰਦਰ ਆ ਗਏ। ਜਦੋਂ ਕਿ ਇਕ ਬਾਹਰ ਖੜ੍ਹਾ ਬਾਹਰਲੀ ਮੂਵਮੈਂਟ ’ਤੇ ਨਜ਼ਰ ਰੱਖ ਰਿਹਾ ਸੀ। ਔਰਤ ਕਰਮਚਾਰੀ ਨੂੰ ਸੇਫ ਰੂਮ ਵਿਚ ਲਿਜਾ ਕੇ ਲਾਕ ਖੁਲ੍ਹਵਾਉਣ ਤੋਂ ਬਾਅਦ ਸੇਫ (ਤਿਜੌਰੀ) ਵਿਚ ਰੱਖਿਆ 4 ਕਿਲੋ ਤੋਂ ਵੱਧ ਗੋਲਡ ਅਤੇ 2 ਲੱਖ 35 ਹਜ਼ਾਰ ਰੁਪਏ ਕੈਸ਼ ਬੈਗ ਵਿਚ ਪਾ ਕੇ ਫ਼ਰਾਰ ਹੋ ਗਏ। 3.20 ਵਜੇ 6 ਲੁਟੇਰੇ ਮਨਾਪੁਰਮ ਗੋਲਡ ਲੋਨ ਆਫਿਸ ਵਿਚੋਂ ਬਾਹਰ ਨਿਕਲੇ। ਛੇਵਾਂ ਲੁਟੇਰਾ ਬਾਹਰ ਨਿਕਲਿਆ ਤਾਂ ਉਸਨੇ ਆਫਿਸ ਦਾ ਕੈਂਚੀ ਗੇਟ ਬੰਦ ਕਰ ਦਿੱਤਾ ਅਤੇ ਕਾਫੀ ਸਪੀਡ ਨਾਲ ਹੇਠਾਂ ਨੂੰ ਭੱਜ ਗਏ।

ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਥਾਣਾ ਨੰਬਰ 7 ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਸਾਰੇ ਲੁਟੇਰਿਆਂ ਨੇ ਮਾਸਕ ਪਹਿਨੇ ਹੋਏ ਸਨ। ਸਕਿਓਰਿਟੀ ਗਾਰਡ ਨਾ ਹੋਣ ਕਾਰਨ ਏ. ਸੀ. ਪੀ. ਹਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਹ ਕੰਪਨੀ ਦੀ ਲਾਪ੍ਰਵਾਹੀ ਹੈ। ਮਾਮਲਾ ਟਰੇਸ ਹੋਣ ਤੋਂ ਬਾਅਦ ਉਸ ’ਤੇ ਵੀ ਕਾਰਵਾਈ ਹੋਵੇਗੀ। ਹੈਰਾਨੀ ਦੀ ਗੱਲ ਇਸ ਤਰ੍ਹਾਂ ਦੇ ਸਾਰੇ ਗੋਲਡ ਲੋਨ ਦੇ ਦਫ਼ਤਰਾਂ ਦੇ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਲਾਈਵ ਹੈੱਡ ਆਫਿਸ ਵਿਚ ਚੱਲਦੇ ਹਨ ਪਰ ਸਹੂਲਤ ਨਾ ਹੋਣ ਕਾਰਨ ਕੰਪਨੀ ਦੀ ਲਾਪ੍ਰਵਾਹੀ ਪੁਲਸ ਲਈ ਮੁਸੀਬਤ ਬਣ ਗਈ ਹੈ। ਡੀ. ਸੀ. ਪੀ. ਗੁਰਮੀਤ ਸਿੰਘ ਨੇ ਕਿਹਾ ਕਿ ਸੀ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਵੱਖ-ਵੱਖ ਟੀਮਾਂ ਬਣਾਈਆਂ ਹਨ, ਜਿਹੜੀਆਂ ਹਰੇਕ ਐਂਗਲ ਤੋਂ ਜਾਂਚ ਕਰ ਰਹੀਆਂ ਹਨ। ਜਲਦ ਮੁਲਜ਼ਮ ਕਾਬੂ ਕਰ ਲਏ ਜਾਣਗੇ।
 

PunjabKesari

ਲੁਟੇਰਿਆਂ ਨੇ 2 ਵਾਰ ਹੱਥ ਜੋੜੇ, ਫਿਰ ਗੰਨ ਦਿਖਾ ਕੇ ਪੁੱਛਿਆ ਸੇਫ ਕਿਥੇ ਹੈ
ਸੀ. ਸੀ. ਟੀ. ਵੀ. ਕੈਮਰੇ ਵਿਚ ਦਿਖਾਈ ਦੇ ਰਿਹਾ ਸੀ ਕਿ ਪਹਿਲਾਂ ਆਫਿਸ ਵਿਚ ਦਾਖ਼ਲ ਹੋਏ 4 ਲੁਟੇਰਿਆਂ ਵਿਚੋਂ ਇਕ ਲੁਟੇਰੇ ਨੇ ਔਰਤ ਕਰਮਚਾਰੀ ਨੂੰ 2 ਵਾਰ ਹੱਥ ਜੋੜੇ। ਉਹ ਕਹਿ ਰਿਹਾ ਸੀ ਕਿ ਉਹ ਉਨ੍ਹਾਂ ਨੂੰ ਕੁਝ ਨਹੀਂ ਕਹਿਣਗੇ। ਲੁਟੇਰੇ ਨੇ ਪਹਿਲਾਂ ਸੇਫ ਬਾਰੇ ਪੁੱਛਿਆ, ਜਿਸ ਵਿਚ ਗੋਲਡ ਤੇ ਕੈਸ਼ ਰੱਖਿਆ ਹੋਇਆ ਸੀ। ਉਸ ਤੋਂ ਬਾਅਦ ਦੂਜੇ ਲੁਟੇਰੇ ਨੇ ਗੰਨ ਦਿਖਾਈ, ਜਿਸ ਤੋਂ ਬਾਅਦ ਔਰਤ ਕਰਮਚਾਰੀ ਨੇ ਲੁਟੇਰਿਆਂ ਨੂੰ ਸੇਫ ਬਾਰੇ ਦੱਸ ਦਿੱਤਾ।

ਲੁਟੇਰੇ ਦੂਜੇ ਸੂਬੇ ਦੇ, ਲੋਕਲ ਸਾਥੀ ਹੋਣ ਦਾ ਵੀ ਸ਼ੱਕ
ਪੁਲਸ ਦੀ ਮੰਨੀਏ ਤਾਂ ਲੁਟੇਰੇ ਸਟਾਫ ਨਾਲ ਹਿੰਦੀ ਵਿਚ ਗੱਲ ਕਰ ਰਹੇ ਸਨ। ਅਜਿਹੇ ਵਿਚ ਸ਼ੱਕ ਹੈ ਕਿ ਲੁਟੇਰੇ ਦੂਜੇ ਸੂਬੇ ਦੇ ਹੋ ਸਕਦੇ ਹਨ। ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਜੇਕਰ ਲੁਟੇਰੇ ਬਾਹਰੋਂ ਆਏ ਤਾਂ ਰੇਕੀ ਕਰਨ ਲਈ ਜਲੰਧਰ ਵਿਚ ਕਿਸੇ ਹੋਟਲ ਵਿਚ ਰੁਕੇ ਹੋਣਗੇ। ਪੁਲਸ ਹੋਟਲਾਂ ਦੇ ਰਿਕਾਰਡ ਦੀ ਵੀ ਜਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਪੁਲਸ ਨੂੰ ਇਹ ਸ਼ੱਕ ਹੈ ਕਿ ਲੁਟੇਰਿਆਂ ਦਾ ਲੋਕਲ ਕੋਈ ਸਾਥੀ ਵੀ ਹੋ ਸਕਦਾ ਹੈ। ਫਿਲਹਾਲ ਦੇਰ ਸ਼ਾਮ ਪੁਲਸ ਨੂੰ ਕੁਝ ਸੁਰਾਗ ਮਿਲੇ ਸਨ, ਜਿਨ੍ਹਾਂ ਦੇ ਆਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ। ਜ਼ਖ਼ਮੀ ਹੋਏ ਸਟਾਫ਼ ਮੈਂਬਰ ਪਰਵਿੰਦਰ ਸਿੰਘ ਦੀ ਦੇਰ ਰਾਤ ਹਾਲਤ ਸਥਿਰ ਸੀ।

ਦਫ਼ਤਰ ਦੇ ਆਲੇ-ਦੁਆਲੇ ਸਭ ਕੁਝ ਬੰਦ ਸੀ, ਉਪਰ ਚੱਲ ਰਿਹਾ ਸੀ ਸੈਲੂਨ
ਜਿਸ ਸਮੇਂ ਵਾਰਦਾਤ ਹੋਈ, ਉਦੋਂ ਮਨਾਪੁਰਮ ਗੋਲਡ ਲੋਨ ਆਫਿਸ ਦੇ ਆਲੇ-ਦੁਆਲੇ ਸਥਿਤ 2 ਬੈਂਕ ਸ਼ਨੀਵਾਰ ਹੋਣ ਕਾਰਨ ਬੰਦ ਸਨ। ਪਹਿਲੀ ਮੰਜ਼ਿਲ ’ਤੇ ਸਥਿਤ ਆਫਿਸ ਦੇ ਉੱਪਰ ਇਕ ਸੈਲੂਨ ਅਤੇ ਸਾਹਮਣੇ ਰੈਸਟੋਰੈਂਟ ਵੀ ਖੁੱਲ੍ਹਾ ਹੋਇਆ ਸੀ ਪਰ ਉਨ੍ਹਾਂ ਨੂੰ ਇਸ ਵਾਰਦਾਤ ਦੀ ਭਿਣਕ ਤੱਕ ਨਹੀਂ ਲੱਗੀ।

ਅਗਸਤ 2016 ’ਚ ਇਸੇ ਤਰ੍ਹਾਂ ਰਾਮਾ ਮੰਡੀ ’ਚ ਵੀ ਹੋਈ ਸੀ ਵਾਰਦਾਤ
29 ਅਗਸਤ 2016 ਨੂੰ ਬਿਲਕੁਲ ਇਸੇ ਤਰ੍ਹਾਂ ਰਾਮਾ ਮੰਡੀ ਵਿਚ ਮੇਨ ਰੋਡ ’ਤੇ ਸਥਿਤ ਮਨਾਪੁਰਮ ਗੋਲਡ ਲੋਨ ਦੇ ਦਫ਼ਤਰ ਵਿਚੋਂ ਵੀ ਕਰੋੜਾਂ ਰੁਪਏ ਦੀ ਕੀਮਤ ਦੇ ਗਹਿਣੇ ਲੁੱਟ ਲਏ ਗਏ ਸਨ। ਇਹ ਵਾਰਦਾਤ ਓਡਿਸ਼ਾ ਅਤੇ ਯੂ. ਪੀ. ਦੇ ਮੁਜਰਿਮਾਂ ਨੇ ਕੀਤੀ ਸੀ। ਪੁਲਸ ਨੇ ਉਦੋਂ 6 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਨ੍ਹਾਂ ਕੋਲੋਂ 3 ਕਿਲੋ 60 ਗ੍ਰਾਮ ਸੋਨਾ ਬਰਾਮਦ ਹੋ ਗਿਆ ਸੀ। ਉਦੋਂ ਉਨ੍ਹਾਂ ਲੁਟੇਰਿਆਂ ਨਾਲ ਲੋਕਲ ਵਿਅਕਤੀ ਵੀ ਸੀ। ਉਦੋਂ ਵੀ ਲੁਟੇਰਿਆਂ ਨੇ ਸਟਾਫ ਨੂੰ ਬੰਦੀ ਬਣਾਇਆ ਸੀ ਅਤੇ ਆਫਿਸ ਦੇ ਬਾਹਰ ਸਕਿਓਰਟੀ ਗਾਰਡ ਨਹੀਂ ਸੀ।
ਨੋਟ : ਜਲੰਧਰ ਵਿਚ ਵਾਪਰ ਰਹੀਆਂ ਲੁੱਟ ਦੀਆਂ ਅਜਿਹੀਆਂ ਘਟਨਾਵਾਂ ਸਬੰਧੀ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News