ਸ਼ਹਿਰ ਦੇ ਫੜ੍ਹੀ, ਰੇਹੜੀ ਤੇ ਖੋਖੇ ਵਾਲੇ ਵੀ ਲੈ ਸਕਣਗੇ 10 ਹਜ਼ਾਰ ਤੱਕ ਦਾ ਬੈਂਕ ਲੋਨ

06/30/2020 7:55:45 AM

ਜਲੰਧਰ, (ਖੁਰਾਣਾ)– ਕੋਰੋਨਾ ਵਾਇਰਸ ਕਾਰਨ ਕਈ ਮਹੀਨੇ ਲੰਬੇ ਚੱਲੇ ਲਾਕਡਾਊਨ ਕਾਰਣ ਅਰਥਵਿਵਸਥਾ ਵਿਚ ਚਿੰਤਾਜਨਕ ਹੱਦ ਤੱਕ ਗਿਰਾਵਟ ਆਈ ਸੀ, ਜਿਸ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਉਪਲਬਧ ਕਰਵਾਉਣ ਲਈ 20 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਸੀ, ਜਿਸ ਦੇ ਤਹਿਤ ਉਨ੍ਹਾਂ ਨੇ ਰੇਹੜੀ, ਫੜ੍ਹੀ ਅਤੇ ਖੋਖੇ ਵਾਲਿਆਂ ਲਈ ਪੀ. ਐੱਮ. ਸਵਨਿਧੀ ਯੋਜਨਾ ਵੀ ਲਾਂਚ ਕੀਤੀ ਸੀ, ਜਿਸ ਦੇ ਤਹਿਤ ਸ਼ਹਿਰੀ ਖੇਤਰਾਂ ਵਿਚ ਰੇਹੜੀ, ਫੜ੍ਹੀ ਤੇ ਖੋਖੇ ਲਾਉਣ ਵਾਲੇ ਸਟ੍ਰੀਟ ਵੇਂਡਰ ਬੈਂਕਾਂ ਤੋਂ 10 ਹਜ਼ਾਰ ਤੱਕ ਦਾ ਲੋਨ ਬਿਨਾਂ ਸਕਿਓਰਿਟੀ ਲੈ ਸਕਣਗੇ।

ਹੁਣ ਜਲੰਧਰ ਵਿਚ ਵੀ ਇਸ ਯੋਜਨਾ ਨੂੰ ਲਾਗੂ ਕਰਨ ਦੇ ਯਤਨ ਚਲ ਰਹੇ ਹਨ, ਜਿਸ ਕਾਰਣ ਬੀਤੇ ਦਿਨ ਨਿਗਮ ਕਮਿਸ਼ਨਰ ਕਰਣੇਸ਼ ਸ਼ਰਮਾ ਦੀ ਪ੍ਰਧਾਨਗੀ ਵਿਚ ਇਕ ਬੈਠਕ ਹੋਈ। ਬੈਠਕ ਦੌਰਾਨ ਤਹਿਬਾਜ਼ਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਸ਼ਹਿਰ ਵਿਚ ਜਿਨ੍ਹਾਂ 12014 ਸਟ੍ਰੀਟ ਵੇਂਡਰਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਉਨ੍ਹਾਂ ਦੇ ਆਈ ਕਾਰਡ ਬਣ ਚੁੱਕੇ ਹਨ, ਉਨ੍ਹਾਂ ਨੂੰ 10 ਦਿਨ ਦੇ ਅੰਦਰ ਆਈ ਕਾਰਡ ਵੰਡ ਦਿੱਤੇ ਜਾਣਗੇ ਅਤੇ ਜਿਸ ਸਟ੍ਰੀਟ ਵੈਂਡਰ ਦੀ ਪਛਾਣ ਨਹੀਂ ਹੋ ਸਕੀ ਉਸ ਨੂੰ ਪਬਲਿਕ ਨੋਟਿਸ ਰਾਹੀਂ ਸੂਚਿਤ ਕੀਤਾ ਜਾਵੇ।

ਕਮਿਸ਼ਨਰ ਕਰਣੇਸ਼ ਸ਼ਰਮਾ ਨੇ ਦੱਸਿਆ ਕਿ ਨਵੇਂ ਬਣ ਰਹੇ ਸਟ੍ਰੀਟ ਵੈਂਡਿੰਗ ਜ਼ੋਨ ਵਿਚ ਸਿਰਫ ਰਜਿਸਟਰਡ ਸਟ੍ਰੀਟ ਵੈਂਡਰਾਂ ਨੂੰ ਹੀ ਸਥਾਨ ਅਲਾਟ ਕੀਤਾ ਜਾਵੇਗਾ ਅਤੇ ਜਲਦ ਹੀ ਨਿਗਮ ਇਕ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ, ਜਿਸ ਦੇ ਬਾਅਦ ਹੀ ਇਹ ਸਟ੍ਰੀਟ ਵੈਂਡਰ ਬੈਂਕ ਤੋਂ ਲੋਨ ਪ੍ਰਾਪਤ ਕਰਨ ਦੇ ਹੱਕਦਾਰ ਹੋਵੇਗਾ। ਅੱਜ ਹੋਈ ਬੈਠਕ ਦੌਰਾਨ ਲੀਡ ਬੈਂਕ ਮੈਨੇਜਰ ਤੇ ਮਾਈਕ੍ਰੋ ਫਾਈਨਾਂਸ ਵਿਭਾਗ ਦੇ ਪ੍ਰਤੀਨਿਧੀਆਂ ਵੀ ਮੌਜੂਦ ਸਨ।

2016 ਵਿਚ ਦਾਰਾਸ਼ਾਹ ਐਂਡ ਕੰਪਨੀ ਨੇ ਸ਼ਹਿਰ ਦੇ ਜਿਨ੍ਹਾਂ 12014 ਸਟ੍ਰੀਟ ਵੈਂਡਰਾਂ ਦਾ ਸਰਵੇ ਦੌਰਾਨ ਪਤਾ ਲਾਇਆ ਸੀ, ਉਸ ਸਰਵੇ ਦੌਰਾਨ ਪਤਾ ਚਲੇ ਮੁੱਖ ਅੰਸ਼ :-

-40 ਫੀਸਦੀ ਜਲੰਧਰ ਨਿਵਾਸੀ ਜਾਂ ਪੰਜਾਬੀ ਹੈ।

-60 ਫੀਸਦੀ ਪ੍ਰਵਾਸੀ ਸ਼੍ਰੇਣੀ ਅਰਥਾਤ ਦੂਸਰੇ ਸੂਬਿਆਂ ਤੋਂ ਹੈ।

-52 ਫੀਸਦੀ ਸਟ੍ਰੀਟ ਵੈਂਡਰ ਸਥਿਰ ਯਾਨੀ ਪੱਕੇ ਅਤੇ ਇਕ ਸਥਾਨ ’ਤੇ ਅੱਡੇ ਲਾਉਂਦੇ ਹਨ।

-48 ਫੀਸਦੀ ਵੈਂਡਰ ਮੋਬਾਇਲ ਹੈ ਯਾਨੀ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਆਉਂਦੇ-ਜਾਂਦੇ ਹਨ।

-70 ਫੀਸਦੀ ਸਟ੍ਰੀਟ ਵੈਂਡਰ 35 ਸਾਲ ਤੋਂ ਘੱਟ ਉਮਰ ਦੇ ਹਨ।

-7 ਵਾਰਡਾਂ ਵਿਚ 50 ਫੀਸਦੀ ਤੋਂ ਜ਼ਿਆਦਾ ਸਟ੍ਰੀਟ ਵੈਂਡਰ ਰਜਿਟਰਡ ਹਨ।

-ਫੋਕਲ ਪੁਆਇੰਟ ਵਾਰਡ ਵਿਚ ਸਭ ਤੋਂ ਜ਼ਿਆਦਾ 3000 ਵੈਂਡਰ ਰਜਿਸਟਰਡ ਹਨ।

-ਸ਼ਹਿਰ ਦੇ 12000 ਤੋਂ ਜ਼ਿਆਦਾ ਸਟ੍ਰੀਟ ਵੈਂਡਰ 100 ਤਰ੍ਹਾਂ ਦਾ ਸਾਮਾਨ ਵੇਚਦੇ ਹਨ।


Lalita Mam

Content Editor

Related News