ਜਲੰਧਰ : ਅਕਾਲੀ ਦਲ ਨਾਲ ਸਬੰਧਤ ਗੱਡੀ ਵਿਚੋਂ ਲੱਖਾਂ ਰੁਪਏ ਬਰਾਮਦ (ਵੀਡੀਓ)

05/01/2019 11:22:39 AM

ਜਲੰਧਰ (ਵੈਬ ਡੈਸਕ): ਅਕਾਲੀ ਦਲ ਨਾਲ ਸੰਬੰਧਤ ਇਕ ਇਨੋਵਾ ਕਾਰ 'ਚੋਂ ਲੱਖਾਂ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਜਾਣਕਾਰੀ ਮੁਤਾਬਕ ਸਤਲੁਜ ਚੌਕ 'ਤੇ ਪੁਲਸ ਸਣੇ ਐੱਸ. ਐੱਸ. ਟੀ. ਦੇ ਨਾਕੇ 'ਤੇ ਰੋਕੀ ਗਈ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦਾ ਪ੍ਰਚਾਰ ਕਰ ਰਹੀ ਇਨੋਵਾ ਗੱਡੀ 'ਚੋਂ ਸਾਢੇ 3 ਲੱਖ ਰੁਪਏ ਬਰਾਮਦ ਹੋਏ ਹਨ। ਜਿਸ ਇਨੋਵਾ 'ਚੋਂ ਕੈਸ਼ ਬਰਾਮਦ ਹੋਇਆ, ਉਸ ਵਿਚ 7 ਵਿਅਕਤੀ ਸਵਾਰ ਸਨ, ਜਦਕਿ ਇਨੋਵਾ 'ਤੇ ਚਰਨਜੀਤ ਸਿੰਘ ਅਟਵਾਲ ਦਾ ਬੈਨਰ ਤੇ ਅਕਾਲੀ ਦਲ ਦੇ ਝੰਡੇ ਵੀ ਲੱਗੇ ਸਨ। ਐੱਸ. ਐੱਸ. ਟੀ. ਹੁਣ ਇਸ ਗੱਲ ਦਾ ਪਤਾ ਲਾ ਰਹੀ ਹੈ ਕਿ ਇਹ ਕੈਸ਼ ਚੋਣਾਂ 'ਚ ਕਿਸ ਤਰ੍ਹਾਂ ਵਰਤਿਆ ਜਾਣਾ ਸੀ।

ਏ. ਸੀ. ਪੀ. ਮਾਡਲ ਟਾਊਨ ਧਰਮਪਾਲ ਨੇ ਦੱਸਿਆ ਕਿ ਚੌਕੀ ਬੱਸ ਸਟੈਂਡ ਦੇ ਇੰਚਾਰਜ ਮਦਨ ਸਿੰਘ ਤੇ ਐੱਸ. ਐੱਸ. ਟੀ. ਨੇ ਸਤਲੁਜ ਚੌਕ 'ਤੇ ਨਾਕਾਬੰਦੀ ਕੀਤੀ ਸੀ। ਇਸ ਦੌਰਾਨ ਇਨੋਵਾ ਗੱਡੀ ਨੂੰ ਰੋਕਿਆ ਗਿਆ। ਗੱਡੀ ਗੁਰਪ੍ਰੀਤ ਸਿੰਘ ਪੁੱਤਰ ਰਸ਼ਪਾਲ ਸਿੰਘ ਵਾਸੀ ਰਮਨੀਕ ਐਵੇਨਿਊ ਚਲਾ ਰਿਹਾ ਸੀ। ਗੱਡੀ 'ਚ ਕੁਲ 7 ਜਣੇ ਸਵਾਰ ਸਨ। ਤਲਾਸ਼ੀ ਤੋਂ ਪਹਿਲਾਂ ਗੁਰਪ੍ਰੀਤ ਨੇ ਗੱਡੀ ਵਿਚ ਕੈਸ਼ ਹੋਣ ਬਾਰੇ ਕੁਝ ਨਹੀਂ ਦੱਸਿਆ। ਜਿਵੇਂ ਹੀ ਗੱਡੀ ਵਿਚੋਂ ਮਿਲੇ ਕਾਲੇ ਰੰਗ ਦੇ ਬੈਗ ਨੂੰ ਖੋਲ੍ਹਿਆ ਗਿਆ ਤਾਂ ਉਸ ਵਿਚੋਂ ਸਾਢੇ 3 ਲੱਖ ਬਰਾਮਦ ਹੋਏ। ਕੈਸ਼ ਦੀ ਜਾਣਕਾਰੀ ਮੰਗੀ ਗਈ ਤਾਂ ਗੁਰਪ੍ਰੀਤ ਨੇ ਕਿਹਾ ਕਿ ਉਹ ਮੱਥਾ ਟੇਕਣ ਲਈ ਸ਼ਹਿਰ ਤੋਂ ਬਾਹਰ ਜਾ ਰਹੇ ਹਨ ਅਤੇ ਸੱਤਾਂ ਜਣਿਆਂ ਨੇ 50-50 ਹਜ਼ਾਰ ਰੁਪਏ ਆਪਣੇ ਖਰਚੇ ਲਈ ਰੱਖੇ ਹਨ। ਭਾਵੇਂ ਪੁਲਸ ਤੇ ਐੱਸ. ਐੱਸ. ਟੀ. ਨੂੰ ਯਕੀਨ ਨਹੀਂ ਹੋਇਆ ਕਿਉਂਕਿ ਕੈਸ਼ ਨੂੰ ਇਕ ਹੀ ਬੈਗ ਵਿਚ ਲਿਫਾਫੇ ਵਿਚ ਰੱਖਿਆ ਗਿਆ ਸੀ।

ਸੂਚਨਾ ਅਧਿਕਾਰੀ ਤੱਕ ਪਹੁੰਚੀ ਤਾਂ ਏ. ਸੀ. ਪੀ. ਮਾਡਲ ਟਾਊਨ ਧਰਮਪਾਲ ਵੀ ਪਹੁੰਚ ਗਏ। ਜਿਵੇਂ ਹੀ ਕੈਸ਼ ਫੜੇ ਜਾਣ ਦਾ ਮੈਸੇਜ ਪਾਰਟੀ ਆਗੂਆਂ ਤੱਕ ਪਹੁੰਚਿਆ ਤਾਂ ਅਕਾਲੀ ਦਲ ਦਾ ਲੀਡਰ ਸਰਬਜੀਤ ਸਿੰਘ ਮੱਕੜ ਅਤੇ ਹੋਰ ਸਮਰਥਕ ਵੀ ਪਹੁੰਚ ਗਏ। ਮੱਕੜ ਨੇ ਦਾਅਵਾ ਕੀਤਾ ਕਿ ਫੜਿਆ ਗਿਆ ਕੈਸ਼ ਸਹੀ ਹੈ। ਏ. ਸੀ. ਪੀ. ਧਰਮਪਾਲ ਦਾ ਕਹਿਣਾ ਹੈ ਕਿ ਕੈਸ਼ ਸਬੰਧੀ ਕੋਈ ਦਸਤਾਵੇਜ਼ ਪੇਸ਼ ਨਹੀਂ ਹੋ ਸਕੇ, ਜਿਸ ਕਾਰਨ ਕੈਸ਼ ਸੀਜ਼ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਐੱਸ. ਐੱਸ. ਟੀ. ਹੀ ਜਾਂਚ ਕਰੇਗੀ ਕਿ ਇਹ ਕੈਸ਼ ਚੋਣਾਂ ਵਿਚ ਵਰਤਿਆ ਜਾਣਾ ਸੀ ਜਾਂ ਨਹੀਂ।


Arun chopra

Content Editor

Related News