ਆਦਿ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਦਰਸ਼ਨਾਂ ਲਈ ਸੰਗਤ ਕਰਤਾਰਪੁਰ ਕਿਲੇ ਪੁੱਜੀ
Tuesday, Apr 16, 2019 - 04:13 AM (IST)

ਜਲੰਧਰ (ਸਾਹਨੀ)-ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਵਸਾਈ ਕਰਤਾਰਪੁਰ ਦੀ ਇਤਿਹਾਸਕ ਧਰਤੀ ’ਤੇ 14 ਅਪ੍ਰੈਲ ਨੂੰ ਖਾਲਸੇ ਦੇ ਸਾਜਨਾ ਦਿਵਸ ਮੌਕੇ ਸਥਾਨਕ ਕਿਲਾ ਕੋਠੀ ਵਿਖੇ 6ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੋਤਰੇ ਅਤੇ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਧੀਰਮਲ ਜੀ ਦੇ ਵੰਸ਼ ਦੀ 17ਵੀਂ ਪੀਡ਼੍ਹੀ ਬਾਬਾ ਕਰਮਜੀਤ ਸਿੰਘ (ਸੋਢੀ ਪਰਿਵਾਰ) ਦੀ ਨਿਗਰਾਨੀ ਹੇਠ ਕਿਲੇ ਦੇ ਤੋਸ਼ੇਖਾਨੇ ਤੋਂ ਸਤਿਕਾਰ ਸਹਿਤ ਹਸਤ ਲਿਖਤ ਸ੍ਰੀ ਆਦਿ ਗ੍ਰੰਥ ਨੂੰ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਸੁੰਦਰ ਪਾਲਕੀ ਸਾਹਿਬ ਵਿਚ ਲਿਆਂਦਾ ਗਿਆ, ਜਿਸ ਦਾ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰ ਕੇ ਸੁਆਗਤ ਕੀਤਾ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਕੇ ਪਾਲਕੀ ਸਾਹਿਬ ਦੇ ਚਾਰੇ ਪਾਸੇ ਪਰਿਕਰਮਾ ਬਣਾ ਕੇ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਹਨ। ਵਰਣਨਯੋਗ ਹੈ ਕਿ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ’ਤੇ 1604 ਈਸਵੀ ਵਿਚ ਭਾਈ ਗੁਰਦਾਸ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖਵਾਇਆ ਗਿਆ ਸੀ, ਜੋ ਕਿ ਪੂਰੀ ਤਰ੍ਹਾਂ ਸੁਰੱਖਿਅਤ ਕਰਤਾਰਪੁਰ ਸਾਹਿਬ ਵਿਖੇ ਕਿਲੇ ਅੰਦਰ ਮੌਜੂਦ ਹੈ। ਇਸ ਦੇ ਪਵਿੱਤਰ ਦਰਸ਼ਨ ਹਰ ਸਾਲ ਵਿਸਾਖੀ ਵਾਲੇ ਦਿਨ ਹੀ ਕਿਲੇ ਵਿਖੇ ਧਾਰਮਿਕ ਦੀਵਾਨ ਸਜਾ ਕੇ ਸੰਗਤਾਂ ਨੂੰ ਕਰਵਾਏ ਜਾਂਦੇ ਹਨ, ਜਿਥੇ ਦੂਰੋਂ-ਦੂਰੋਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਹਨ। ਇਸ ਮੌਕੇ ਭਾਈ ਜਗਤਾਰ ਸਿੰਘ ਸਰਾਏ ਦੇ ਜਥੇ ਵਲੋਂ ਕੀਰਤਨ ਕੀਤਾ ਗਿਆ। ਸੰਗਤਾਂ ਲਈ ਅਤੁੱਟ ਲੰਗਰ ਵੀ ਕਿਲੇ ਵਿਖੇ ਲਾਏ ਗਏ, ਜਿਸ ਨੂੰ ਬਡ਼ੇ ਪਿਆਰ ਨਾਲ ਸੰਗਤਾਂ ਨੂੰ ਛਕਾਇਆ ਗਿਆ। ਕਰਤਾਰਪੁਰ ਵਿਖੇ ਵਿਸਾਖੀ ਦਾ ਮੇਲਾ ਹਰ ਸਾਲ ਬਹੁਤ ਵੱਡੀ ਪੱਧਰ ’ਤੇ ਲੱਗਦਾ ਹੈ।