ਰੈਲੀ ’ਚ ਹਿੰਦੂ ਧਰਮ ਦਾ ਅਪਮਾਨ, ਭਾਜਪਾ ਵਰਕਰਾਂ ਵਲੋਂ ਵਿਰੋਧ
Tuesday, Apr 16, 2019 - 04:12 AM (IST)

ਜਲੰਧਰ (ਗੁਲਸ਼ਨ)-ਬੂਟਾ ਮੰਡੀ ’ਚ ਰੱਖੀ ਗਈ ਅਕਾਲੀ ਦਲ ਤੇ ਭਾਜਪਾ ਦੀ ਇਕ ਰੈਲੀ ’ਚ ਇਕ ਕਲਾਕਾਰ ਨੇ ਸਟੇਜ ’ਤੇ ਪ੍ਰਫਾਰਮ ਕਰਦਿਆਂ ਹਿੰਦੂ ਧਰਮ ’ਤੇ ਅਪਮਾਨਜਨਕ ਟਿੱਪਣੀ ਕਰ ਦਿੱਤੀ, ਜਿਸ ਕਾਰਨ ਉਥੇ ਮੌਜੂਦ ਭਾਜਪਾ ਵਰਕਰ ਭੜਕ ਗਏ ਤੇ ਇਸ ਦਾ ਸਖਤ ਵਿਰੋਧ ਕੀਤਾ। ਵਿਰੋਧ ਤੋਂ ਬਾਅਦ ਉਕਤ ਕਲਾਕਾਰ ਨੂੰ ਤੁਰੰਤ ਸਟੇਜ ਤੋਂ ਉਤਾਰ ਦਿੱਤਾ ਗਿਆ। ਇਸ ਘਟਨਾ ਦੇ ਕੁਝ ਦੇਰ ਬਾਅਦ ਡਿਪਟੀ ਸੀ. ਐੱਮ. ਸੁਖਬੀਰ ਬਾਦਲ ਤੇ ਸੂਬਾ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਵੀ ਰੈਲੀ ’ਚ ਪਹੁੰਚੇ।ਜਾਣਕਾਰੀ ਮੁਤਾਬਕ ਰੈਲੀ ’ਚ ਲੋਕਾਂ ਨੂੰ ਇਕੱਠੇ ਕਰਨ ਲਈ ਇਕ ਕਲਾਕਾਰ ਨੂੰ ਬੁਲਾਇਆ ਗਿਆ ਸੀ। ਉਸ ਨੇ ਸਕਿੱਟ ਪੇਸ਼ ਕਰਦਿਆਂ ਭਗਵਾਨ ਸ੍ਰੀ ਰਾਮ, ਲਕਸ਼ਮਣ ਤੇ ਹਨੂਮਾਨ ਜੀ ’ਤੇ ਇਤਰਾਜ਼ਯੋਗ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਹ ਸਕਿੱਟ ਦੇਖ ਕੇ ਮੰਚ ’ਤੇ ਮੌਜੂਦ ਅਕਾਲੀ-ਭਾਜਪਾ ਨੇਤਾਵਾਂ ’ਚੋਂ ਕਿਸੇ ਨੇ ਇਤਰਾਜ਼ ਨਹੀਂ ਜਤਾਇਆ ਪਰ ਪਿੱਛੇ ਬੈਠੇ ਭਾਜਪਾ ਵਰਕਰ ਅਸ਼ੋਕ ਸਰੀਨ, ਅਜੇ ਗੁਪਤਾ ਜਗੋਤਾ, ਕਮਲ ਸ਼ਰਮਾ ਤੇ ਸੰਨੀ ਸ਼ਰਮਾ ਨੇ ਇਸ ਦਾ ਸਖਤ ਵਿਰੋਧ ਕੀਤਾ। ਉਥੇ ਮੌਜੂਦ ਨੇਤਾਵਾਂ ਨੇ ਤੁਰੰਤ ਮੌਕਾ ਸੰਭਾਲਦਿਆਂ ਉਕਤ ਕਲਾਕਾਰ ਨੂੰ ਸਟੇਜ ਤੋਂ ਉਤਾਰ ਕੇ ਮਾਮਲਾ ਸ਼ਾਂਤ ਕੀਤਾ।