ਅੰਡਰਬ੍ਰਿਜ ਦੀਆਂ ਕੰਧਾਂ ’ਤੇ ਹੋਏ ਸੁਰਾਖਾਂ ਦਾ ਮਾਮਲਾ ਪੀ. ਡਬਲਯੂ. ਡੀ. ਕੋਲ ਜਾਵੇਗਾ

03/20/2019 3:48:51 AM

ਜਲੰਧਰ (ਖੁਰਾਣਾ)-ਨਗਰ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਦੇ ਨਿਰਦੇਸ਼ਾਂ ’ਤੇ ਨਿਗਮ ਦੇ ਐੱਸ. ਈ. ਅਸ਼ਵਨੀ ਚੌਧਰੀ ਨੇ ਅੱਜ ਐਕਸੀਅਨ ਜੋਗਿੰਦਰ ਸਿੰਘ ਅਤੇ ਜੇ. ਈ. ਤਰਨਪ੍ਰੀਤ ਸਿੰਘ ਨਾਲ ਚੰਦਨ ਨਗਰ ਅੰਡਰਬ੍ਰਿਜ ਦਾ ਦੌਰਾ ਕੀਤਾ, ਜਿਥੇ ਪਿਛਲੇ ਦਿਨੀਂ ਕਾਂਗਰਸੀ ਕੌਂਸਲਰ ਵਿੱਕੀ ਕਾਲੀਆ ਵਲੋਂ ਰਿਟੇਨਿੰਗ ਵਾਲ ’ਤੇ ਨਾਜਾਇਜ਼ ਤੌਰ ’ਤੇ ਸੁਰਾਖ ਕੱਢ ਦਿੱਤੇ ਗਏ ਸਨ। ਭਾਵੇਂ ਬਾਅਦ ਵਿਚ ਵਿੱਕੀ ਕਾਲੀਆ ਨੇ ਉਨ੍ਹਾਂ ਸੁਰਾਖਾਂ ’ਤੇ ਪਾਈਪਾਂ ਲਗਵਾ ਦਿੱਤੀਆਂ ਪਰ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਦੀ ਅਗਵਾਈ ਵਿਚ ਇਲਾਕੇ ਦੇ ਭਾਜਪਾ ਆਗੂਆਂ ਨੇ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਦੋਸ਼ ਲਾਇਆ ਕਿ ਸੁਰਾਖ ਕੱਢੇ ਜਾਣ ਨਾਲ ਜਿਥੇ ਅੰਡਰਬ੍ਰਿਜ ਸਟਰੱਕਚਰ ਨੁਕਸਾਨਿਆ ਗਿਆ ਹੈ, ਉਥੇ ਹੀ ਬਾਹਰੀ ਗਲੀਆਂ ਦਾ ਬਰਸਾਤੀ ਪਾਣੀ ਅੰਡਰਬ੍ਰਿਜ ਦੇ ਅੰਡਰਗਰਾਊਂਡ ਵਾਟਰ ਟੈਂਕਾਂ ਵਿਚ ਪਾਏ ਜਾਣ ਨਾਲ ਭਵਿੱਖ ਵਿਚ ਸਮੱਸਿਆ ਹੋਵੇਗੀ। ਭਾਜਪਾ ਆਗੂਆਂ ਨੇ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਇਕ ਕੌਂਸਲਰ ਵਲੋਂ ਕਰਵਾਏ ਗਏ ਕੰਮ ’ਤੇ ਵੀ ਇਤਰਾਜ਼ ਜਤਾਇਆ। ਦੂਜੇ ਪਾਸੇ ਨਿਗਮ ਦੇ ਐੱਸ. ਈ. ਅਸ਼ਵਨੀ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਪੂਰਾ ਮੌਕਾ ਵੇਖਆਿ ਹੈ ਤੇ ਉਹ ਆਪਣੀ ਰਿਪੋਰਟ ਕਮਿਸ਼ਨਰ ਨੂੰ ਸੌਂਪਣਗੇ। ਸ਼੍ਰੀ ਚੌਧਰੀ ਨੇ ਦੱਸਿਆ ਕਿ ਇਸ ਅੰਡਰਬ੍ਰਿਜ ਦਾ ਡਿਜ਼ਾਈਨ ਅਤੇ ਸਟਰੱਕਚਰ ਪੀ. ਡਬਲਯੂ. ਡੀ. ਵਲੋਂ ਤਿਆਰ ਕੀਤਾ ਗਿਆ ਸੀ ਅਤੇ ਨਗਰ ਨਿਗਮ ਹੁਣ ਇਸ ਅੰਡਰਬ੍ਰਿਜ ਦੀ ਦੇਖਭਾਲ ਕਰ ਰਿਹਾ ਹੈ। ਇਸ ਦੌਰਾਨ ਪਤਾ ਲੱਗਾ ਹੈ ਕਿ ਇਸ ਮਾਮਲੇ ਨੂੰ ਪੀ. ਡਬਲਯੂ. ਡੀ. ਦੇ ਹਵਾਲੇ ਕੀਤਾ ਜਾ ਰਿਹਾ ਹੈ ਤਾਂ ਜੋ ਉਸਦੇ ਅਧਿਕਾਰੀ ਇਹ ਜਾਂਚ ਕਰ ਸਕਣ ਕਿ ਰਿਟੇਨਿੰਗ ਵਾਲ ਵਿਚ ਹੋਏ ਸੁਰਾਖਾਂ ਨਾਲ ਢਾਂਚੇ ਨੂੰ ਕੋਈ ਨੁਕਸਾਨ ਪਹੁੰਚਿਆ ਹੈ ਜਾਂ ਨਹੀਂ।ਬਾਕਸਕੌਂਸਲਰ ਨੂੰ ਅਜਿਹਾ ਕਰਨ ਦਾ ਹੱਕ ਹੈ ਜਾਂ ਨਹੀਂ?ਨਗਰ ਨਿਗਮ ਦੇ ਐੱਸ. ਈ. ਅਸ਼ਵਨੀ ਚੌਧਰੀ ਨੇ ਭਾਵੇਂ ਅੰਡਰਬ੍ਰਿਜ ਦੀ ਜਾਂਚ ਬਾਰੇ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਪਰ ਇੰਨਾ ਜ਼ਰੂਰ ਹੈ ਕਿ ਨਗਰ ਨਿਗਮ ਅਧਿਕਾਰੀ ਇਸ ਜਾਂਚ ਜ਼ਰੂਰ ਕਰਨਗੇ ਕਿ ਇਕ ਕੌਂਸਲਰ ਆਪਣੇ ਪੱਧਰ ’ਤੇ ਅਜਿਹਾ ਕੰਮ ਕਰਵਾ ਸਕਦਾ ਹੈ ਜਾਂ ਨਹੀਂ। ਨਿਗਮ ਅਧਿਕਾਰੀਆਂ ਦੀ ਰਾਏ ਹੈ ਕਿ ਜੇਕਰ ਕੌਂਸਲਰ ਨੂੰ ਬਰਸਾਤੀ ਪਾਣੀ ਜਾਂ ਹੋਰ ਕੋਈ ਸਮੱਸਿਆ ਆ ਰਹੀ ਸੀ ਤਾਂ ਬਜਾਏ ਆਪਣੇ ਪੱਧਰ ’ਤੇ ਕੰਧਾਂ ਵਿਚ ਸੁਰਾਖ ਕਰਨ ਦੇ ਉਹ ਸਬੰਧਤ ਵਿਭਾਗ ਨਾਲ ਸੰਪਰਕ ਕਰ ਕੇ ਸਮੱਸਿਆ ਦਾ ਹੱਲ ਕੱਢਦੇ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਹ ਮਾਮਲਾ ਹੋਰ ਭਖ ਸਕਦਾ ਹੈ।

Related News