ਜ਼ਿਲਾ ਪ੍ਰਸ਼ਾਸਨ 15 ਤੇ 21 ਫਰਵਰੀ ਨੂੰ ਲਾਏਗਾ ਜਾਬ ਮੇਲੇ : ਏ. ਡੀ. ਸੀ
Friday, Jan 18, 2019 - 10:44 AM (IST)
ਜਲੰਧਰ (ਅਮਿਤ)-ਏ. ਡੀ. ਸੀ. ਜਤਿੰਦਰ ਜੋਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮਹੱਤਵਪੂਰਨ ਘਰ-ਘਰ ਰੋਜ਼ਗਾਰ ਯੋਜਨਾ ਦੇ ਤਹਿਤ ਚੌਥੇ ਪੜਾਅ ਵਿਚ 15 ਤੇ 21 ਫਰਵਰੀ ਨੂੰ ਪ੍ਰਸ਼ਾਸਨ ਵਲੋਂ ਜ਼ਿਲੇ ਵਿਚ ਮੈਗਾ ਜਾਬ ਮੇਲੇ ਲਾਏ ਜਾ ਰਹੇ ਹਨ। ਜ਼ਿਲਾ ਬਿàਊਰੋ ਆਫ ਰੋਜ਼ਗਾਰ ਵਿਚ ਵੀਰਵਾਰ ਨੂੰ ਇਕ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਹੋਰ ਜਾਣਕਾਰੀ ਦਿੰਦਿਆਂ ਏ. ਡੀ. ਸੀ. ਨੇ ਕਿਹਾ ਕਿ ਪਹਿਲਾ ਜਾਬ ਮੇਲਾ ਸੀ. ਟੀ. ਇੰਸਟੀਚਿਊਟ ਸ਼ਾਹਪੁਰ ਦੇ ਕੈਂਪਸ ਵਿਚ ਤੇ ਦੂਜਾ ਮੇਲਾ 21 ਫਰਵਰੀ ਨੂੰ ਡੀ. ਏ. ਵੀ. ਇੰਸਟੀਚਿਊਟ ਆਫ ਇੰਜੀਨੀਅਰਿੰਗ ਸ਼ਾਹਪੁਰ ਦੇ ਕੈਂਪਸ ਵਿਚ ਆਯੋਜਿਤ ਕੀਤਾ ਜਾਵੇਗਾ। ਏ. ਡੀ. ਸੀ. ਨੇ ਕਿਹਾ ਕਿ ਜਾਬ ਮੇਲੇ ਨੌਜਵਾਨਾਂ ਵਿਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਗੇ ਜਿਸ ਨਾਲ ਉਨ੍ਹਾਂ ਨੂੰ ਆਤਮਨਿਰਭਰ ਹੋਣ ਵਿਚ ਮਦਦ ਮਿਲੇਗੀ। ਏ. ਡੀ. ਸੀ. ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਪੂਰੇ ਵਿਸ਼ਵ ਤੋਂ ਪ੍ਰਮੁੱਖ ਉਦਯੋਗਪਤੀ ਇਸ ਜਾਬ ਮੇਲੇ ਵਿਚ ਹਿੱਸਾ ਲੈਣਗੇ ਤੇ ਇਸ ਖੇਤਰ ਵਿਚ ਲਗਭਗ 5000 ਨੌਜਵਾਨਾਂ ਨੂੰ ਨੌਕਰੀ ਦੇ ਮੌਕੇ ਪ੍ਰਦਾਨ ਕਰਨਗੇ।ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਨ੍ਹਾਂ ਰੋਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ ਜੋ ਕਿ ਉਨ੍ਹਾਂ ਲਈ ਰੋਜ਼ਗਾਰ ਦੇ ਰਸਤੇ ਖੋਲ੍ਹਣ ਵਿਚ ਸਹਾਇਕ ਹੋਣਗੇ।ਏ. ਡੀ. ਸੀ. ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਸਰਕਾਰ ਦੇ ਪੋਰਟਲ ਨਾਲ ਰਜਿਸਟਰਡ ਕਰਨ ਜਾਂ ਪ੍ਰਸ਼ਾਸਨਿਕ ਕੰਪਲੈਕਸ ਦੀ ਤੀਜੀ ਮੰਜ਼ਿਲ ’ਤੇ ਸਥਿਤ ਦਫਤਰ ਵਿਚ ਵੀ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਰੋਜ਼ਗਾਰ ਤੋਂ ਇਲਾਵਾ ਕਰੀਅਰ ਗਾਈਡੈਂਸ, ਸਲਾਹ, ਹੁਨਰ ਵਿਕਾਸ ਤੇ ਮੁਫਤ ਇੰਟਰਨੈੱਟ ਸੇਵਾਵਾਂ ਵੀ ਮੁਹੱਈਆ ਕੀਤੀਆਂ ਜਾ ਰਹੀਆਂ ਹਨ। ਏ. ਡੀ. ਸੀ. ਨੇ ਕਿਹਾ ਕਿ ਨੌਜਵਾਨਾਂ ਨੂੰ ਨੌਕਰੀ ਮੇਲੇ ਵਿਚ ਆਪਣਾ ਕਿੱਤਾ ਸ਼ੁਰੂ ਕਰਨ ਲਈ ਬੈਂਕਾਂ ਤੋਂ ਕਰਜ਼ਾ ਦਿੱਤਾ ਜਾਵੇਗਾ। ਜਿਸਦੇ ਲਈ ਆਉਣ ਵਾਲੇ ਦਿਨਾਂ ਵਿਚ ਕਈ ਬੈਂਕਾਂ ਵਿਚ ਨੌਜਵਾਨਾਂ ਦੀ ਸਹੂਲਤ ਲਈ ਬੈਠਕਾਂ ਆਯੋਜਿਤ ਕੀਤੀਆਂ ਜਾਣਗੀਆਂ। ਇਸ ਮੌਕੇ ਡੀ. ਬੀ. ਈ. ਈ. ਦੀ ਉਪ ਨਿਰਦੇਸ਼ਕਾ ਸੁਨੀਤਾ ਕਲਿਆਣ, ਰੋਜ਼ਗਾਰ ਅਧਿਕਾਰੀ ਰਣਜੀਤ ਕੌਰ ਤੇ ਹੋਰ ਮੌਜੂਦ ਸਨ।
