ਜ਼ਿਲਾ ਕਾਂਗਰਸ ਸ਼ਹਿਰੀ ਤੇ ਦਿਹਾਤੀ ਪ੍ਰਧਾਨ ਕਾਂਗਰਸ ਭਵਨ ਵਿਚ ਹੋਏ ਸਰਗਰਮ, ਵਰਕਰਾਂ ਨਾਲ ਕੀਤੀਆਂ ਬੈਠਕਾਂ

Friday, Jan 18, 2019 - 10:42 AM (IST)

ਜ਼ਿਲਾ ਕਾਂਗਰਸ ਸ਼ਹਿਰੀ ਤੇ ਦਿਹਾਤੀ ਪ੍ਰਧਾਨ ਕਾਂਗਰਸ ਭਵਨ ਵਿਚ ਹੋਏ ਸਰਗਰਮ, ਵਰਕਰਾਂ ਨਾਲ ਕੀਤੀਆਂ ਬੈਠਕਾਂ
ਜਲੰਧਰ (ਚੋਪੜਾ)- ਜ਼ਿਲਾ ਕਾਂਗਰਸ ਦਫਤਰ ’ਚ ਅੱਜ ਕਾਫੀ ਚਹਿਲ-ਪਹਿਲ ਵੇਖਣ ਨੂੰ ਮਿਲੀ। ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਬਲਦੇਵ ਦੇਵ ਤੇ ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਕਾਫੀ ਸਰਗਰਮੀ ਨਾਲ ਕਾਂਗਰਸ ਭਵਨ ਵਿਚ ਮੌਜੂਦ ਰਹੇ ਤੇ ਆਉਣ ਵਾਲੇ ਕਾਂਗਰਸੀ ਵਰਕਰਾਂ ਤੇ ਆਮ ਜਨਤਾ ਨਾਲ ਬੈਠਕਾਂ ਵਿਚ ਰੁੱਝੇ ਰਹੇ। ਜ਼ਿਕਰਯੋਗ ਹੈ ਕਿ ਦੋਵਾਂ ਜ਼ਿਲਾ ਪ੍ਰਧਾਨਾਂ ਵਲੋਂ ਆਪਣੀ ਤਾਜਪੋਸ਼ੀ ਉਪਰੰਤ ਢਿੱਲੀ ਕਾਰਜਸ਼ੈਲੀ ਨੂੰ ‘ਜਗ ਬਾਣੀ’ ਨੇ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ। ਬਲਦੇਵ ਦੇਵ ਨੇ ਦੱਸਿਆ ਕਿ ਪਿਛਲੇ ਦਿਨ ਉਨ੍ਹਾਂ ਦੀ ਰਿਸ਼ਤੇਦਾਰੀ ਵਿਚ ਵਿਆਹ ਪ੍ਰੋਗਰਾਮ ਸੀ, ਜਿਸ ਕਾਰਨ ਉਹ ਕੁੱਝ ਸਮਾਂ ਦਫਤਰ ਵਿਚ ਰੁਕ ਕੇ ਉਥੇ ਚਲੇ ਗਏ ਸਨ। ਪਰ ਉਨ੍ਹਾਂ ਆਫਿਸ ਵਿਚ ਤਾਲਾ ਲਾਉਣ ਵਾਲੇ ਕਰਮਚਾਰੀ ਨੂੰ ਝਿੜਕਦਿਆਂ ਕਿਹਾ ਕਿ ਵਰਕਰਾਂ ਲਈ ਉਨ੍ਹਾਂ ਦੇ ਦਰਵਾਜ਼ੇ ਕਦੀ ਬੰਦ ਨਹੀਂ ਹੋਣਗੇ। ਦੇਵ ਨੇ ਕਿਹਾ ਕਿ ਉਹ ਰੋਜ਼ਾਨਾ 11 ਵਜੇ ਤੋਂ ਲੈ ਕੇ 1 ਵਜੇ ਤੱਕ ਕਾਂਗਰਸ ਭਵਨ ਵਿਚ ਬੈਠਿਆ ਕਰਨਗੇ। ਉਨ੍ਹਾਂ ਕਿਹਾ ਕਿ ਜ਼ਿਲਾ ਕਾਂਗਰਸ ਸ਼ਹਿਰੀ ਨੂੰ ਪਹਿਲਾਂ ਨਾਲੋਂਂ ਵੱਧ ਮਜ਼ਬੂਤ ਬਣਾਉਂਦਿਆਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ ਜਾਵੇਗਾ। ਜਨਤਾ ਨੂੰ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਜਾਣੂ ਕਰਵਾਉਣ ਤੋਂ ਇਲਾਵਾ ਕੈਪਟਨ ਅਮਰਿੰਦਰ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾਵੇਗਾ। ਇਸ ਦੌਰਾਨ ਕੌਂਸਲਰ ਡਾ. ਪਰਦੀਪ ਰਾਏ, ਸੂਬਾ ਕਾਂਗਰਸ ਸਕੱਤਰ ਹਰਕ੍ਰਿਸ਼ਨ ਸਿੰਘ ਬਾਵਾ, ਮਨੋਜ ਅੱਗਰਵਾਲ, ਮਨਪ੍ਰੀਤ ਬੱਬਰ, ਸੰਦੀਪ ਖੋਸਲਾ, ਮਨਪ੍ਰੀਤ ਸਿੰਘ ਮੰਗੂ, ਹੈਰੀ ਤੇ ਹੋਰ ਵੀ ਮੌਜੂਦ ਸਨ।ਉਥੇ ਜ਼ਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਨੇ ਅੱਜ ਆਦਮਪੁਰ, ਭੋਗਪੁਰ, ਕੈਂਟ ਤੇ ਹੋਰ ਹਲਕਿਆਂ ਤੋਂ ਆਏ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ। ਇਸ ਦੌਰਾਨ ਲਾਲੀ ਦੇ ਪ੍ਰਧਾਨ ਬਣਨ ’ਤੇ ਵੱਡੀ ਗਿਣਤੀ ਵਿਚ ਵਰਕਰਾਂ ਨੇ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ। ਲਾਲੀ ਨੇ ਦੱਸਿਆ ਕਿ ਉਹ ਇਕ ਪ੍ਰੋਗਰਾਮ ਕਾਰਨ ਘਰੇਲੂ ਰੁਝੇਵਿਆਂ ਵਿਚ ਫਸੇ ਹਨ ਜਿਸ ਕਾਰਨ ਉਹ ਪਾਰਟੀ ਵਰਕਰਾਂ ਨੂੰ ਕੁੱਝ ਦਿਨਾਂ ਲਈ ਜ਼ਿਆਦਾ ਸਮਾਂ ਨਹੀਂ ਦੇ ਸਕਣਗੇ। ਸਮਾਰੋਹ ਤੋਂ ਬਾਅਦ ਉਹ ਆਪਣਾ ਪੂਰਾ ਸਮਾਂ ਪਾਰਟੀ ਨੂੰ ਦੇਣਗੇ।ਲਾਲੀ ਨੇ ਕਿਹਾ ਕਿ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਉਪਰੰਤ ਪੰਚਾਇਤੀ ਚੋਣਾਂ ’ਚ ਕਾਂਗਰਸ ਦੀ ਹੋਈ ਸ਼ਾਨਦਾਰ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਦਲ ਦਾ ਹੁਣ ਜਨਤਾ ’ਚ ਕੋਈ ਆਧਾਰ ਨਹੀਂ ਬਚਿਆ। ਜਨਤਾ ਭਾਜਪਾ ਦੀ ਅਗਵਾਈ ’ਚ ਕੇਂਦਰ ਸਰਕਾਰ ਦੀਆਂ ਤਾਨਾਸ਼ਾਹੀਆਂ ਤੋਂ ਦੁਖੀ ਹੈ। ਆਮ ਆਦਮੀ ਪਾਰਟੀ ਦਾ ਝਾੜੂ ਤੀਲਾ-ਤੀਲਾ ਹੋ ਚੁੱਕਾ ਹੈ। ਖਹਿਰਾ ਵਲੋਂ ਬਣਾਈ ਪਾਰਟੀ ਦਾ ਕੋਈ ਵਜੂਦ ਨਹੀਂ ਹੈ। ਲੋਕ ਕੈਪਟਨ ਅਮਰਿੰਦਰ ਸਿੰਘ ਦੀਆਂ ਕਾਰਗੁਜ਼ਾਰੀ ਤੋਂ ਬੇਹੱਦ ਖੁਸ਼ ਹਨ, ਜਿਸ ਕਾਰਨ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਉਮੀਦਵਾਰਾਂ ਦੀ ਜਿੱਤ ਪੱਕੀ ਹੈ। ਦਿਹਾਤੀ ਕਾਂਗਰਸ ਨਾਲ ਸਬੰੰਧਤ ਹਲਕਿਆਂ ਵਿਚ ਕਾਂਗਰਸੀ ਉਮੀਦਵਾਰ ਨੂੰ ਵੱਡੀ ਲੀਡ ਦਿਵਾਉਣਾ ਹੀ ਉਨ੍ਹਾਂ ਦਾ ਮੁੱਖ ਉਦੇਸ਼ ਹੋਵੇਗਾ। ਉਨ੍ਹਾਂ ਮੌਜੂਦ ਅਹੁਦੇਦਾਰਾਂ ਨੂੰ ਲੋਕ ਸਭਾ ਚੋਣਾਂ ਲਈ ਕਮਰ ਕੱਸ ਲੈਣ ਦੀ ਅਪੀਲ ਕੀਤੀ। ਇਸ ਮੌਕੇ ਕਿੱਟੂ ਮਾਨ, ਜ਼ਿਲਾ ਪ੍ਰੀਸ਼ਦ ਮੈਂਬਰ ਸੁਰਿੰਦਰ ਸਿੰਘ ਸੁਦਾਣਾ, ਪਰਮਿੰਦਰ ਸਿੰਘ ਮੱਲੀ ਪ੍ਰਧਾਨ ਬਲਾਕ ਕਾਂਗਰਸ ਭੋਗਪੁਰ, ਰਣਜੀਤ ਸਿੰਘ ਰਾਣਾ ਪ੍ਰਧਾਨ ਬਲਾਕ ਕਾਂਗਰਸ ਆਦਮਪੁਰ, ਰਾਜ ਕੁਮਾਰ ਰਾਜਾ, ਚੰਦਰ ਮੋਹਨ ਪਹਾੜਾ, ਮੋਹਨ ਭੰਡਾਰੀ, ਜਸਬੀਰ ਸਿੰਘ ਸੈਣੀ, ਸਤਨਾਮ ਸਿੰਘ, ਹਰਿੰਦਰ ਸਿੰਘ ਮਾਨ, ਲਖਵਿੰਦਰ ਸਿੰਘ ਸਿੱਧੂ ਆਦਿ ਮੌਜੂਦ ਸਨ।

Related News