''ਜ਼ਿਲਾ ਕਾਂਗਰਸ ਸ਼ਹਿਰੀ ਦੀ 250 ਅਹੁਦੇਦਾਰਾਂ ਦੀ ਕਾਰਜਕਾਰਨੀ ਦਾ ਜਲਦ ਹੋਵੇਗਾ ਐਲਾਨ''

08/02/2019 4:03:47 PM

ਜਲੰਧਰ (ਚੋਪੜਾ) – ਜ਼ਿਲਾ ਕਾਂਗਰਸ ਦੀ 250 ਅਹੁਦੇਦਾਰਾਂ ਦੀ ਕਾਰਜਕਾਰਨੀ ਦਾ ਐਲਾਨ ਜਲਦ ਹੋਵੇਗਾ, ਜਿਸ ਉਪਰੰਤ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਹਿਰੀ ਹਲਕਿਆਂ 'ਚ ਮਿਸ਼ਨ 2020 ਨੂੰ ਸਫਲ ਬਣਾਉਣ ਲਈ ਜ਼ੋਰਾਂ-ਸ਼ੋਰਾਂ ਨਾਲ ਜੁਟ ਜਾਵੇਗੀ।ਉਕਤ ਵਿਚਾਰਾਂ ਪ੍ਰਗਟਾਵਾ ਜ਼ਿਲਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਬਲਦੇਵ ਸਿੰਘ ਦੇਵ ਵਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਜ਼ਿਲਾ ਕਾਂਗਰਸ ਸ਼ਹਿਰੀ 'ਚ ਕੀਤੀਆਂ ਗਈਆਂ ਨਿਯੁਕਤੀਆਂ 'ਤੇ ਪੰਜਾਬ ਸੂਬਾ ਕਾਂਗਰਸ ਨੇ ਉਨ੍ਹਾਂ ਨੂੰ ਜੋ ਨੋਟਿਸ ਜਾਰੀ ਕੀਤਾ ਸੀ, ਉਸ ਦਾ ਜਵਾਬ ਉਨ੍ਹਾਂ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਜਨਰਲ ਸਕੱਤਰ ਇੰਚਾਰਜ ਸੂਬਾ ਕਾਂਗਰਸ ਕੈਪਟਨ ਸੰਦੀਪ ਸੰਧੂ ਨੂੰ ਦੇ ਦਿੱਤਾ ਸੀ। ਉਨ੍ਹਾਂ ਕੈਪਟਨ ਸੰਧੂ ਦੇ ਧਿਆਨ 'ਚ ਸਾਰਾ ਮਾਮਲਾ ਲਿਆ ਦਿੱਤਾ ਹੈ ਕਿ ਉਨ੍ਹਾਂ ਦੇ ਪ੍ਰਧਾਨ ਬਣਨ ਤੋਂ ਬਾਅਦ ਜ਼ਿਲਾ ਕਾਂਗਰਸ ਦੀ ਕਾਰਜਕਾਰਨੀ ਭੰਗ ਕਰ ਦਿੱਤੀ ਸੀ ਪਰ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਵਲੋਂ ਸੂਬਾ ਕਾਂਗਰਸ ਨੂੰ ਭੇਜੀ ਨਵੀਂ ਅਹੁਦੇਦਾਰਾਂ ਦੀ ਸੂਚੀ ਨੂੰ ਅਪਰੂਵਲ ਨਹੀਂ ਮਿਲ ਸਕੀ ਸੀ, ਜਿਸ ਕਾਰਨ ਕਾਂਗਰਸ ਦੇ ਮਿਹਨਤੀ ਅਤੇ ਈਮਾਨਦਾਰ ਵਰਕਰ ਨਿਰਾਸ਼ ਹੋ ਰਹੇ ਸਨ। 

ਜ਼ਿਕਰਯੋਗ ਹੈ ਕਿ ਸੂਬਾ ਕਾਂਗਰਸ ਤੋਂ ਅਪਰੂਵਲ ਲਏ ਬਿਨਾਂ ਨਿਯੁਕਤੀਆਂ ਦੀ ਸ਼ਿਕਾਇਤ ਮਿਲਣ 'ਤੇ ਬਲਦੇਵ ਦੇਵ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਉਨ੍ਹਾਂ ਪਹਿਲਾਂ ਸੂਬਾ ਕਾਂਗਰਸ ਦੀ 80 ਅਹੁਦੇਦਾਰਾਂ ਦੀ ਸੂਚੀ ਅਪਰੂਵਲ ਲਈ ਭੇਜੀ ਸੀ ਪਰ ਹੁਣ ਇਸ ਸੂਚੀ ਦੇ ਨਾਲ ਜਲੰਧਰ ਸੈਂਟਰਲ , ਨਾਰਥ, ਕੈਂਟ ਤੇ ਵੈਸਟ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ 170 ਵਰਕਰਾਂ ਨੂੰ ਬਣਦੀ ਨੁਮਾਇੰਦਗੀ ਦਿੰਦਿਆਂ ਲਿਸਟ 'ਚ ਸ਼ਾਮਲ ਕੀਤਾ। ਨਵੀਂ ਸੂਚੀ ਨੂੰ ਕੁਝ ਦਿਨਾਂ ਵਿਚ ਮਨਜ਼ੂਰੀ ਮਿਲ ਜਾਵੇਗੀ।

ਕਾਂਗਰਸ 'ਚ ਧੜੇਬਾਜ਼ੀ ਸਿਖਰਾਂ 'ਤੇ, ਵਿਧਾਇਕ ਸੁਸ਼ੀਲ ਰਿੰਕੂ ਤੇ ਬਲਦੇਵ ਦੇਵ ਵਿਚ ਨਹੀਂ ਘੱਟ ਹੋ ਰਹੇ ਮੱਤਭੇਦ
ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਬਲਦੇਵ ਸਿੰਘ ਦੇਵ ਤੇ ਵਿਧਾਇਕ ਸੁਸ਼ੀਲ ਰਿੰਕੂ ਦਰਮਿਆਨ ਮੱਤਭੇਦ ਘੱਟ ਹੋਣ ਦਾ ਨਾਂ ਨਹੀਂ ਲੈ ਰਹੇ। ਜ਼ਿਕਰਯੋਗ ਹੈ ਕਿ ਦੇਵ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਲਕਾ ਵਿਧਾਇਕਾਂ ਕੋਲੋਂ 15-15 ਵਰਕਰਾਂ ਦੇ ਨਾਵਾਂ ਦੀ ਸਿਫਾਰਸ਼ੀ ਸੂਚੀ ਮੰਗੀ ਸੀ। ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਜੂਨੀਅਰ ਅਵਤਾਰ ਹੈਨਰੀ, ਵਿਧਾਇਕ ਪ੍ਰਗਟ ਸਿੰਘ ਨੇ ਆਪਣੀਆਂ ਸਿਫਾਰਸ਼ੀ ਸੂਚੀਆਂ ਜ਼ਿਲਾ ਪ੍ਰਧਾਨ ਨੂੰ ਸੌਂਪ ਦਿੱਤੀਆਂ ਪਰ ਵਿਧਾਇਕ ਸੁਸ਼ੀਲ ਰਿੰਕੂ ਨੇ ਇਹ ਕਹਿ ਕੇ ਸੂਚੀ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਕਿ ਜ਼ਿਲਾ ਪ੍ਰਧਾਨ ਨੂੰ ਸ਼ਹਿਰ ਦੇ ਵਰਕਰਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਹੁਣ 170 ਨਵੇਂ ਅਹੁਦੇਦਾਰਾਂ ਲਈ ਸੈਂਟਰਲ, ਨਾਰਥ ਤੇ ਕੈਂਟ ਹਲਕੇ ਦੇ ਵਿਧਾਇਕਾਂ ਨੇ ਆਪਣੇ ਸੰਬਧਤ ਹਲਕਿਆਂ ਤੋਂ ਸਮਰਥਕਾਂ ਦੇ ਨਾਂ ਜ਼ਿਲਾ ਪ੍ਰਧਾਨ ਨੂੰ ਸੌਂਪੇ ਹਨ ਪਰ ਵਿਧਾਇਕ ਰਿੰਕੂ ਨਾਲ ਸਬੰਧਤ ਹਲਕੇ ਵਿਚੋਂ ਦੇਵ ਨੇ ਇਕ ਵਾਰ ਫਿਰ ਵਰਕਰਾਂ ਨੂੰ ਸੂਚੀ 'ਚ ਜਗ੍ਹਾ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਨਗਰ ਨਿਗਮ ਵਿਚ ਕਾਂਗਰਸ ਜਦੋਂ ਵਿਰੋਧੀ ਧਿਰ ਦੀ ਭੂਮਿਕਾ ਅਦਾ ਕਰ ਰਹੀ ਸੀ ਤਾਂ ਤਦ ਕਾਂਗਰਸ ਵਿਚ ਵਿਰੋਧੀ ਧਿਰ ਦੇ ਦੋ ਧੜੇ ਬਣ ਗਏ ਸਨ। ਇਕ ਧੜੇ ਦੀ ਅਗਵਾਈ ਵਿਰੋਧੀ ਧਿਰ ਦੇ ਆਗੂ ਅਤੇ ਨਗਰ ਨਿਗਮ ਦੇ ਮੌਜੂਦਾ ਮੇਅਰ ਜਗਦੀਸ਼ ਰਾਜ ਰਾਜਾ ਕਰਦੇ ਸਨ, ਜਦੋਂਕਿ ਤਤਕਾਲੀਨ ਕੌਂਸਲਰ ਸੁਸ਼ੀਲ ਰਿੰਕੂ ਦੀ ਅਗਵਾਈ ਵਿਚ ਕੁੱਝ ਕੌਂਸਲਰਾਂ ਨੇ ਪੈਰਲਰ ਡਾਇਨੈਮਿਕ ਗਰੁੱਪ ਆਫ ਕੌਂਸਲਰਜ਼ ਬਣਾਇਆ ਹੋਇਆ ਸੀ। ਉਸ ਸਮੇਂ ਦੇ ਕੌਂਸਲਰ ਬਲਦੇਵ ਸਿੰਘ ਦੇਵ ਅਤੇ ਡਾ. ਪ੍ਰਦੀਪ ਰਾਏ ਜੋ ਕਿ ਰਾਜਾ ਗਰੁੱਪ 'ਚ ਸ਼ਾਮਲ ਸਨ। ਦੋਵਾਂ ਦੇ ਵੈਸਟ ਹਲਕੇ ਨਾਲ ਸਬੰਧਤ ਹੋਣ ਕਾਰਨ ਸੁਸ਼ੀਲ ਰਿੰਕੂ ਅਤੇ ਬਲਦੇਵ ਦੇਵ ਦਰਮਿਆਨ ਕਈ ਮੁੱਦਿਆਂ ਨੂੰ ਲੈ ਕੇ ਮਤਭੇਦ ਪੈਦਾ ਹੋ ਗਏ ਸਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਦੋਵਾਂ ਵਿਚ ਫਾਸਲਾ ਉਸ ਸਮੇਂ ਹੋਰ ਵਧ ਗਿਆ, ਜਦੋਂ ਵੈਸਟ ਹਲਕੇ ਤੋਂ ਕਾਂਗਰਸੀ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਸੁਸ਼ੀਲ ਰਿੰਕੂ ਨੇ ਤਤਕਾਲੀਨ ਕੌਂਸਲਰਾਂ ਬਲਦੇਵ ਦੇਵ ਅਤੇ ਡਾ. ਪ੍ਰਦੀਪ ਰਾਏ 'ਤੇ ਉਨ੍ਹਾਂ ਦੇ ਵਿਰੋਧ ਕਰਨ ਦੇ ਦੋਸ਼ ਲਾਏ। ਭਾਵੇਂ ਬਲਦੇਵ ਦੇਵ ਅਤੇ ਪ੍ਰਦੀਪ ਰਾਏ ਵਲੋਂ ਹਮੇਸ਼ਾ ਹੀ ਰਿੰਕੂ ਦਾ ਸਮਰਥਨ ਕਰਨ ਦਾ ਦਾਅਵਾ ਕੀਤਾ ਜਾਂਦਾ ਰਿਹਾ।

ਵਿਧਾਇਕ ਬਣਨ ਉਪਰੰਤ ਰਿੰਕੂ ਨੇ ਨਗਰ ਨਿਗਮ ਚੋਣਾਂ ਵਿਚ ਦੇਵ ਅਤੇ ਡਾ. ਪ੍ਰਦੀਪ ਦੋਵਾਂ ਦਾ ਪੱਤਾ ਕਟਵਾ ਦਿੱਤਾ। ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿਚ ਚੱਲੀ ਤਿਕੜਮਬਾਜ਼ੀ ਵਿਚ ਦੇਵ ਜ਼ਿਲਾ ਕਾਂਗਰਸ ਸ਼ਹਿਰੀ ਦੀ ਪ੍ਰਧਾਨਗੀ ਹਾਸਲ ਕਰਨ ਵਿਚ ਬਾਜ਼ੀ ਮਾਰ ਗਏ। ਲੋਕ ਸਭਾ ਚੋਣਾਂ 'ਚ ਸੰਸਦ ਮੈਂਬਰ ਸੰਤੋਖ ਚੌਧਰੀ ਜਦੋਂ ਵਿਧਾਇਕ ਰਿੰਕੂ ਨੂੰ ਮਨਾਉਣ ਉਨ੍ਹਾਂ ਦੇ ਘਰ ਪਹੁੰਚੇ ਤਾਂ ਰਿੰਕੂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਸੰਸਦ ਮੈਂਬਰ ਚੌਧਰੀ ਸਾਹਮਣੇ ਵੀ ਦੇਵ ਦਾ ਜ਼ੋਰਦਾਰ ਵਿਰੋਧ ਕਰਦਿਆਂ ਉਨ੍ਹਾਂ ਨੂੰ ਪ੍ਰਧਾਨ ਅਹੁਦੇ ਤੋਂ ਉਤਾਰਨ ਦੀ ਮੰਗ ਰੱਖੀ ਸੀ ਪਰ ਚੋਣ ਪ੍ਰਚਾਰ ਦੇ ਦਿਨਾਂ 'ਚ ਪਾਰਟੀ ਦੇ ਅਜਿਹਾ ਕੋਈ ਵੱਡਾ ਫੈਸਲਾ ਨਾ ਕਰ ਸਕਣ ਕਾਰਣ ਇਸ ਮਾਮਲੇ ਨੂੰ ਪੈਂਡਿੰਗ ਰੱਖ ਦਿੱਤਾ ਗਿਆ ਸੀ। ਇਹ ਹੀ ਕਾਰਣ ਹੈ ਕਿ ਵਿਧਾਇਕ ਰਿੰਕੂ ਅਤੇ ਜ਼ਿਲਾ ਪ੍ਰਧਾਨ ਦੇਵ ਦਰਮਿਆਨ ਸਾਲਾਂ ਪੁਰਾਣੀ ਖਟਾਸ ਅਜੇ ਵੀ ਉਸੇ ਤਰ੍ਹਾਂਬਣੀ ਹੋਈ ਹੈ।


rajwinder kaur

Content Editor

Related News