ਮਜੀਠੀਆ ਪ੍ਰਤੀ ਨਰਮ ਰੁਖ਼ ਅਪਣਾਇਆ ਜਾ ਰਿਹੈ ਕੈਪਟਨ ਵਲੋਂ : ਰੰਧਾਵਾ

Tuesday, Dec 24, 2019 - 03:14 PM (IST)

ਮਜੀਠੀਆ ਪ੍ਰਤੀ ਨਰਮ ਰੁਖ਼ ਅਪਣਾਇਆ ਜਾ ਰਿਹੈ ਕੈਪਟਨ ਵਲੋਂ : ਰੰਧਾਵਾ

ਜਲੰਧਰ (ਨਰਿੰਦਰ ਮੋਹਨ) : ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਕ ਵਾਰ ਮੁੜ ਆਪਣੀ ਹੀ ਸਰਕਾਰ ਵਿਰੁੱਧ ਵਾਦ-ਵਿਵਾਦ ਵਾਲਾ ਬਿਆਨ ਦਿੱਤਾ ਹੈ। ਉਨ੍ਹਾਂ ਆਪਣੇ ਬਿਆਨ ਵਿਚ ਕਿਹਾ ਹੈ ਕਿ ਡਰੱਗ ਅਤੇ ਗੈਂਗਸਟਰ ਮਾਮਲੇ ਵਿਚ ਚਰਚਿਤ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਦਾਰ ਰੁਖ਼ ਅਪਣਾਇਆ ਜਾ ਰਿਹਾ ਹੈ ਕਿਉਂਕਿ ਮਜੀਠੀਆ ਪਰਿਵਾਰ ਨਾਲ ਕੈਪਟਨ ਦੇ ਪਰਿਵਾਰਕ ਸਬੰਧ ਰਹੇ ਹਨ।

ਇਕ ਗੱਲਬਾਤ ਦੌਰਾਨ ਮੰਤਰੀ ਰੰਧਾਵਾ ਨੇ ਕਿਹਾ ਕਿ ਪੰਜਾਬ ਵਿਚ ਡਰੱਗ ਅਤੇ ਗੈਂਗਸਟਰਾਂ ਦਾ ਬੋਲਬਾਲਾ ਮਜੀਠੀਆ ਦੇ ਸੱਤਾ ਵਿਚ ਆਉਣ ਤੋਂ ਬਾਅਦ ਹੀ ਹੋਇਆ ਹੈ। ਪੰਜਾਬ ਵਿਚ ਅਜੇ ਵੀ ਬੇਭਰੋਸਗੀ ਵਾਲਾ ਮਾਹੌਲ ਹੈ। ਪਰਿਵਾਰ ਡਰੇ ਹੋਏ ਹਨ ਕਿ ਕਿਤੇ ਉਨ੍ਹਾਂ ਦੇ ਬੱਚੇ ਵੀ ਡਰੱਗ ਦੇ ਜਾਲ ਵਿਚ ਨਾ ਫਸ ਜਾਣ। ਬੱਚੇ ਗੈਂਗਸਟਰਾਂ ਦੇ ਡਰ ਕਾਰਣ ਵਿਦੇਸ਼ਾਂ ਵਲ ਰੁਖ਼ ਕਰ ਰਹੇ ਹਨ। ਇਹ ਵੀ ਡਰ ਮਾਪਿਆਂ ਨੂੰ ਸਤਾ ਰਿਹਾ ਹੈ ਕਿ ਕਿਤੇ ਉਨ੍ਹਾਂ ਦੇ ਬੱਚੇ ਗੈਂਗਸਟਰਾਂ ਵਿਚ ਹੀ ਸ਼ਾਮਲ ਨਾ ਹੋ ਜਾਣ।

ਰੰਧਾਵਾ ਨੇ ਕਿਹਾ ਕਿ ਕੈਪਟਨ ਸਰਕਾਰ 3 ਸਾਲ ਤੋਂ ਸੂਬੇ ਵਿਚ ਭਰੋਸੇ ਵਾਲਾ ਮਾਹੌਲ ਤਿਆਰ ਕਰਨ ਵਿਚ ਲੱਗੀ ਹੋਈ ਹੈ। ਉਨ੍ਹਾਂ ਮੰਨਿਆ ਕਿ ਪੰਜਾਬ ਵਿਚ ਲਗਭਗ 25 ਲੱਖ ਨੌਜਵਾਨ ਬੇਰੋਜ਼ਗਾਰ ਫਿਰ ਰਹੇ ਹਨ। ਉਹ ਇਹ ਗੱਲ ਵੀ ਮੰਨਦੇ ਹਨ ਕਿ ਜੋ ਸੇਵਾਵਾਂ ਸਰਕਾਰ ਨੂੰ ਦੇਣੀਆਂ ਚਾਹੀਦੀਆਂ ਸਨ, ਉਹ ਨਹੀਂ ਦਿੱਤੀਆਂ ਜਾ ਸਕੀਆਂ। ਇਸ ਦਾ ਕਾਰਣ ਇਹ ਹੈ ਕਿ ਸੂਬੇ ਵਿਚ ਸਰਕਾਰੀ ਨੌਕਰੀਆਂ ਸਿਰਫ 40 ਹਜ਼ਾਰ ਹਨ। ਪ੍ਰਾਈਵੇਟ ਖੇਤਰ ਵਿਚ ਨੌਕਰੀਆਂ ਪੈਦਾ ਕਰਨ ਲਈ ਸੂਬੇ ਦੇ ਮਾਹੌਲ ਨੂੰ ਠੀਕ ਕੀਤਾ ਜਾਣਾ ਜ਼ਰੂਰੀ ਹੈ। ਇਸ ਸਬੰਧੀ ਯਤਨ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਸੂਬੇ ਵਿਚ ਦਿੱਲੀ ਅਤੇ ਪਾਕਿਸਤਾਨ ਤੋਂ ਨਸ਼ਾ ਆ ਰਿਹਾ ਹੈ। ਪੰਜਾਬ ਵਿਚ ਤਾਂ ਨਸ਼ੇ ਦਾ ਲੱਕ ਤੋੜ ਦਿੱਤਾ ਗਿਆ ਹੈ। ਅਕਾਲੀ ਦਲ ਵਲੋਂ ਸਰਕਾਰ ਵਿਰੁੱਧ ਕੀਤੇ ਜਾ ਰਹੇ ਅੰਦੋਲਨ ਅਤੇ ਸੱਤਾਧਾਰੀ ਕਾਂਗਰਸ 'ਤੇ ਲਾਏ ਜਾ ਰਹੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਰੰਧਾਵਾ ਨੇ ਕਿਹਾ ਕਿ ਇਹ 'ਚੋਰ ਦੀ ਦਾੜ੍ਹੀ 'ਚ ਤਿਣਕਾ' ਵਾਲੀ ਗੱਲ ਹੈ। ਜਿਹੜੇ ਬੀਤੇ ਸਮੇਂ ਵਿਚ ਖੁਦ ਨਸ਼ੇ ਅਤੇ ਗੈਂਗਸਟਰਾਂ ਨੂੰ ਸ਼ਰਨ ਦਿੰਦੇ ਆਏ ਹਨ, ਉਹ ਅੱਜ ਦੂਜਿਆਂ 'ਤੇ ਝੂਠੇ ਦੋਸ਼ ਲਾ ਰਹੇ ਹਨ। ਮਜੀਠੀਆ ਦੀ ਪ੍ਰੇਸ਼ਾਨੀ ਇਹ ਹੈ ਕਿ ਸਰਕਾਰ ਨੇ ਉਨ੍ਹਾਂ ਦੇ ਪਾਲੇ ਹੋਏ ਗੈਂਗਸਟਰਾਂ ਨੂੰ ਜੇਲਾਂ ਿਵਚ ਸੁੱਟ ਦਿੱਤਾ ਹੈ। ਮਜੀਠੀਆ ਅਜਿਹੇ ਗੈਂਗਸਟਰਾਂ ਰਾਹੀਂ ਹੀ ਆਪਣੀਆਂ ਸਰਗਰਮੀਆਂ ਚਲਾਉਂਦੇ ਸਨ। ਦੱਸਣਯੋਗ ਹੈ ਕਿ ਮਜੀਠੀਆ ਵਲੋਂ ਵੀ ਰੰਧਾਵਾ 'ਤੇ ਗੈਂਗਸਟਰਾਂ ਨੂੰ ਸ਼ਰੇਆਮ ਸ਼ਰਨ ਦੇਣ ਦੇ ਦੋਸ਼ ਕਈ ਵਾਰ ਲਾਏ ਜਾ ਚੁੱਕੇ ਹਨ।


author

cherry

Content Editor

Related News