ਸ਼੍ਰੋਮਣੀ ਅਕਾਲੀ ਦਲ ਅਤੇ ''ਆਪ'' ਤੋਂ ਕਾਂਗਰਸ ਨੂੰ ਕੋਈ ਖਤਰਾ ਨਹੀਂ : ਕੈਪਟਨ ਅਮਰਿੰਦਰ ਸਿੰਘ

Sunday, Mar 03, 2019 - 09:27 AM (IST)

ਸ਼੍ਰੋਮਣੀ ਅਕਾਲੀ ਦਲ ਅਤੇ ''ਆਪ'' ਤੋਂ ਕਾਂਗਰਸ ਨੂੰ ਕੋਈ ਖਤਰਾ ਨਹੀਂ : ਕੈਪਟਨ ਅਮਰਿੰਦਰ ਸਿੰਘ

ਜਲੰਧਰ(ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬੇ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੋਵੇਂ ਹੀ ਵੱਖ-ਵੱਖ ਅਵਸਥਾ 'ਚ ਹਨ ਇਸ ਲਈ ਕਾਂਗਰਸ ਨੂੰ ਦੋਵਾਂ ਪਾਰਟੀਆਂ ਤੋਂ ਆਉਣ ਵਾਲੀਆਂ ਚੋਣਾਂ 'ਚ ਕੋਈ ਖਤਰਾ ਨਹੀਂ ਹੈ ਪਰ ਫਿਰ ਵੀ ਕਾਂਗਰਸ ਕੋਈ ਵੀ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੀ ਇਸ ਲਈ ਸੂਬੇ 'ਚ ਪਾਰਟੀ ਨੇਤਾਵਾਂ ਅਤੇ ਵਰਕਰਾਂ ਨੂੰ ਚੋਣਾਂ ਲਈ ਪੂਰੀ ਤਰ੍ਹਾਂ ਗਤੀਸ਼ੀਲ ਕੀਤਾ ਜਾ ਰਿਹਾ ਹੈ। ਮੁੱਖ  ਮੰਤਰੀ ਨੇ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ 'ਆਪ' ਵਿਚ ਲੀਡਰਸ਼ਿਪ ਨੂੰ ਲੈ ਕੇ ਖਦਸ਼ਿਆਂ ਭਰਪੂਰ ਸਥਿਤੀ ਬਣੀ ਹੋਈ ਹੈ ਅਤੇ ਵੱਖ-ਵੱਖ ਨੇਤਾ ਇਨ੍ਹਾਂ ਪਾਰਟੀਆਂ 'ਚ ਲੀਡਰਸ਼ਿਪ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਕੋਲ ਪੰਜਾਬ ਨੂੰ ਅੱਗੇ ਲਿਜਾਣ ਲਈ ਕੋਈ ਏਜੰਡਾ ਨਹੀਂ ਹੈ। ਪੰਜਾਬ ਦੇ ਲੋਕ ਅਕਾਲੀ ਦਲ ਦਾ 10 ਸਾਲਾਂ ਤਕ ਸ਼ਾਸਨ ਦੇਖ ਚੁੱਕੇ ਹਨ। ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਨੂੰ ਵੀ ਪੰਜਾਬੀਆਂ ਨੇ ਪਰਖ ਲਿਆ ਹੈ। ਉਨ੍ਹਾਂ ਨੇ ਕਿਹਾ ਕਿ  ਉਨ੍ਹਾਂ ਨੂੰ ਨਹੀਂ ਲੱਗਦਾ ਕਿ ਨੇੜੜੇ ਭਵਿੱਖ 'ਚ ਇਨ੍ਹਾਂ ਦੋਵਾਂ ਪਾਰਟੀਆਂ 'ਚੋਂ ਕੋਈ ਵੀ ਪਾਰਟੀ ਦੁਬਾਰਾ ਉੱਭਰ ਸਕੇਗੀ ਕਿਉਂਕਿ ਜਨਤਾ ਦਾ ਪਿਆਰ ਕਾਂਗਰਸ ਨੂੰ ਮਿਲ ਰਿਹਾ ਹੈ। ਸੂਬੇ ਦੀ ਜਨਤਾ ਕਾਂਗਰਸ ਸ਼ਾਸਨਕਾਲ 'ਚ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਦੀ ਹੈ। ਮੁੱਖ  ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ 31000 ਕਰੋੜ ਰੁਪਏ ਦੇ ਵਿਰਾਸਤ 'ਚ ਮਿਲੇ ਸੀ. ਸੀ. ਐੱਲ. ਕਰਜ਼ੇ ਦੇ ਨਿਪਟਾਰੇ ਲਈ ਕੇਂਦਰ ਸਰਕਾਰ ਨੂੰ ਕਈ ਵਾਰ ਕਿਹਾ ਹੈ ਪਰ ਅਜੇ ਤਕ ਕੇਂਦਰ ਇਸ ਮਸਲੇ ਦਾ ਹੱਲ ਨਹੀਂ ਕੱਢ ਸਕਿਆ ਹੈ। ਭਾਵੇਂ 15ਵੇਂ ਵਿੱਤ ਕਮੀਸ਼ਨ ਨੇ ਸੂਬਾ ਸਰਕਾਰ ਦੀ ਬੇਨਤੀ ਨੂੰ ਸਵੀਕਾਰ ਕੀਤਾ ਹੈ ਅਤੇ ਇਸ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਹੱਲ  ਕਰਨ ਲਈ ਇਕ ਕਮੇਟੀ ਦਾ ਵੀ ਗਠਨ ਕਰ ਦਿੱਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ  ਦੇ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਲੋਕ ਸਭਾ ਚੋਣਾਂ ਨੂੰ ਜਿੱਤਣ ਲਈ ਪੂਰੀਆਂ ਤਿਆਰੀਆਂ ਕਰ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵਲੋਂ ਛੱਤੀਸਗੜ੍ਹ,  ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਧਾਨ ਸਭਾਵਾਂ ਦੀਆਂ ਚੋਣਾਂ ਜਿੱਤਣ ਦੇ ਪਿੱਛੇ ਮੁੱਖ ਕਾਰਨ ਇਹ ਵੀ ਸੀ ਕਿ ਕੇਂਦਰ ਦੀ ਭਾਜਪਾ ਸਰਕਾਰ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ 'ਚ ਅਸਮਰੱਥ ਰਹੀ ਸੀ। ਹੁਣ ਵੀ ਲੋਕਾਂ 'ਚ ਇਨ੍ਹਾਂ ਮੁੱਦਿਆਂ ਦਾ ਅਸਰ ਲੋਕ ਸਭਾ ਚੋਣਾਂ 'ਚ ਦਿਖਾਈ ਦੇਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਇਸ ਸਮੇਂ ਇਕ ਧਰਮ ਨਿਰਪੱਖ ਸਰਕਾਰ ਦੀ ਲੋੜ ਹੈ ਜੋ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਅੱਗੇ ਵਧ ਸਕੇ। ਪੰਜਾਬ ਦੀ ਚਰਚਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੂਬੇ 'ਚ ਲੋਕ ਕਦੇ ਵੀ ਵੱਖ-ਵੱਖ ਸ਼ਕਤੀਆਂ ਨੂੰ ਅੱਗੇ ਨਹੀਂ ਆਉਣ ਦੇਣਗੇ, ਜਿਨ੍ਹਾਂ ਨੇ 10 ਸਾਲਾਂ ਤਕ ਲਗਾਤਾਰ ਪੰਜਾਬ ਨੂੰ ਤਬਾਹੀ ਵਲ ਧੱਕਣ 'ਚ  ਕੋਈ ਕਸਰ ਬਾਕੀ ਨਹੀਂ ਛੱਡੀ। ਪੰਜਾਬ ਹੁਣ ਸ਼ਾਂਤੀ ਅਤੇ ਸਥਿਰਤਾ ਦੇ ਮਾਰਗ 'ਤੇ ਅੱਗੇ ਆਰਥਿਕ ਪ੍ਰਗਤੀ  ਵੱਲ ਵਧ ਰਿਹਾ ਹੈ। ਇਸ ਲਈ ਪੰਜਾਬੀ ਕਾਂਗਰਸ ਨੂੰ ਮਜ਼ਬੂਤੀ ਦੇਣਾ ਚਾਹੁੰਦੇ ਹਨ।


author

cherry

Content Editor

Related News