ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 513ਵੇਂ ਟਰੱਕ ਦੀ ਰਾਹਤ ਸਮੱਗਰੀ

Tuesday, Jun 04, 2019 - 04:24 PM (IST)

ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 513ਵੇਂ ਟਰੱਕ ਦੀ ਰਾਹਤ ਸਮੱਗਰੀ

ਜਲੰਧਰ (ਜੁਗਿੰਦਰ ਸੰਧੂ)—ਪਾਕਿਸਤਾਨ ਦੀ ਸਰਹੱਦ ਨੇੜੇ ਸਥਿਤ ਖੇਤਰਾਂ 'ਚ ਰਹਿਣ ਵਾਲੇ ਭਾਰਤੀ ਪਰਿਵਾਰਾਂ ਲਈ ਸਥਿਤੀਆਂ ਹਰ ਵੇਲੇ ਚਿੰਤਾਜਨਕ ਬਣੀਆਂ ਰਹਿੰਦੀਆਂ ਹਨ। ਲੱਖਾਂ ਲੋਕਾਂ ਦੇ ਸਿਰ 'ਤੇ ਜਿਥੇ ਹਰ ਵੇਲੇ ਅੱਤਵਾਦ ਦੇ ਖਤਰੇ ਦੀ ਤਲਵਾਰ ਲਟਕਦੀ ਰਹਿੰਦੀ ਹੈ, ਉੱਥੇ ਪਾਕਿਸਤਾਨੀ ਸੈਨਿਕਾਂ ਵਲੋਂ ਬਿਨਾਂ ਕਾਰਨ ਕੀਤੀ ਜਾਂਦੀ ਗੋਲੀਬਾਰੀ ਨੇ ਵੀ ਉਨ੍ਹਾਂ ਨੂੰ ਅਨੇਕਾਂ ਜ਼ਖਮ ਦਿੱਤੇ ਹਨ।

ਪਾਕਿਸਤਾਨੀ ਇਲਾਕਿਆਂ ਵਿਚ ਚੱਲ ਰਹੇ ਕੈਂਪਾਂ ਤੋਂ ਸਿਖਲਾਈ ਲੈ ਕੇ ਅਤੇ ਗੋਲੀ ਸਿੱਕੇ ਨਾਲ ਲੈਸ ਅੱਤਵਾਦੀਆਂ ਨੂੰ ਭਾਰਤੀ ਸਰਹੱਦੀ ਖੇਤਰਾਂ 'ਚ ਘੁਸਪੈਠ ਕਰਵਾਉਣ ਲਈ ਪਾਕਿਸਤਾਨੀ ਫੌਜ ਅਤੇ ਆਈ.ਐੱਸ. ਆਈ ਦੀ ਪੂਰੀ ਸ਼ਹਿ ਅਤੇ ਹਮਾਇਤ ਪ੍ਰਾਪਤ ਹੁੰਦੀ ਹੈ। ਜੰਮੂ-ਕਸ਼ਮੀਰ ਦੀ ਸਰਹੱਦ 'ਤੇ ਅਕਸਰ ਭਾਰਤੀ ਸੁਰੱਖਿਆ ਬਲਾਂ ਨਾਲ, ਘੁਸਪੈਠ ਕਰਨ ਵਾਲੇ,  ਅੱਤਵਾਦੀਆਂ ਦੀਆਂ ਝੜਪਾਂ ਹੁੰਦੀਆਂ ਰਹਿੰਦੀਆਂ ਹਨ। ਅਤੀਤ 'ਚ ਬਹੁਤ ਸਾਰੇ ਅੱਤਵਾਦੀ ਮਾਰੇ ਵੀ ਗਏ ਪਰ ਉਨ੍ਹਾਂ ਨੇ ਬੇਦੋਸ਼ੇ ਭਾਰਤੀ ਨਾਗਰਿਕਾਂ ਦਾ ਬੇਹੱਦ ਨੁਕਸਾਨ ਕੀਤਾ ਹੈ। 
ਕਈ ਤਰਾ੍ਹਂ ਦੇ ਸੰਕਟਾਂ ਨਾਲ  ਜੂਝ ਰਹੇ ਇਨ੍ਹਾਂ ਸਰਹੱਦੀ ਪਰਿਵਾਰਾਂ ਦੇ ਜ਼ਖਮਾਂ 'ਤੇ ਮਲ੍ਹਮ ਲਾਉਣ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਪਿਛਲੇ  20 ਸਾਲਾਂ ਤੋਂ  ਇਕ ਵਿਸ਼ੇਸ਼  ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ 513ਵੇਂ  ਟਰੱਕ ਦੀ ਰਾਹਤ ਸਮੱਗਰੀ ਬੀਤੇ ਦਿਨੀਂ ਜ਼ਿਲਾ ਪੁੰਛ ਨਾਲ ਸਬੰਧਤ ਸਰਹੱਦੀ ਲੋਕਾਂ  ਲਈ ਭਿਜਵਾਈ ਗਈ ਸੀ।

ਇਸ ਵਾਰ ਦੀ ਰਾਹਤ ਸਮੱਗਰੀ ਦਾ ਯੋਗਦਾਨ ਜਗ ਬਾਣੀ ਦੇ ਪ੍ਰਤੀਨਿਧੀ ਦਵਿੰਦਰ ਸਿੰਘ ਅਕਾਲੀਆਂਵਾਲਾ ਦੀ ਪ੍ਰੇਰਨਾ ਸਦਕਾ ਪਿੰਡ ਅਕਾਲੀਆਂਵਾਲਾ ਦੀ ਪੰਚਾਇਤ, ਯੂਥ ਵੈੱਲਫੇਅਰ ਕਲੱਬ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ 'ਚ ਧੰਨ-ਧੰਨ ਬਾਬਾ ਭਾਈ ਰੂਪ ਚੰਦ ਦਲ ਦੇ  ਜਥੇਦਾਰ ਬਾਬਾ ਗੁਰਦੀਪ ਸਿੰਘ ਭਾਈ ਕੇ, ਬੇਟੀ ਬਚਾਓ ਸੇਵਾ  ਸੰਭਾਲ ਸੰਸਥਾ ਪਿੰਡ ਬੱਲ, ਸਮਾਜ ਸੇਵੀ ਦਲਜੀਤ ਸਿੰਘ ਬਿੱਟੂ ਠੇਕੇਦਾਰ, ਡਾ. ਸੁਭਾਸ਼ ਉੱਪਲ ਚੇਅਰਮੈਨ  ਦੂਨ  ਵੈਲੀ ਸਕੂਲ , ਹਰਦਿਆਲ ਸਿੰਘ ਬੱਲ, ਬਲਵੀਰ ਸਿੰਘ ਉੱਪਲ ਨੰਬਰਦਾਰ ਸੈਦੇ ਸ਼ਾਹ ਵਾਲਾ, ਗੁਲਬਾਗ ਸਿੰਘ  ਸੈਕਟਰੀ ਬਾਕਰਵਾਲਾ ਅਤੇ ਪ੍ਰਗਟ ਸਿੰਘ ਭੁੱਲਰ  ਮੇਲਕ ਨੇ ਵੀ ਵਡਮੁੱਲਾ ਯੋਗਦਾਨ ਪਾਇਆ।  

ਜਲੰਧਰ ਤੋਂ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ 'ਚ 250 ਪਰਿਵਾਰਾਂ ਲਈ ਪ੍ਰਤੀ ਪਰਿਵਾਰ 10 ਕਿਲੋ ਆਟਾ , 5 ਕਿਲੋ ਚਾਵਲ ਅਤੇ ਇਕ ਪੈਕਟ ਘਰੇਲ ੂਵਰਤੋਂ  ਦਾ ਸਾਮਾਨ (1  ਕਿਲੋ ਖੰਡ, ਇਕ ਕਿਲੋ ਸਾਬਣ ਕੱਪੜੇ ਧੋਣ ਵਾਲਾ , ਦੋ ਟਿੱਕੀਆਂ ਸਾਬਣ ਨਹਾਉਣ ਵਾਲਾ , 250 ਗ੍ਰਾਮ ਚਾਹ ਪੱਤੀ, ਇਕ ਪੈਕਟ ਮਾਚਸ ਅਤੇ ਇਕ ਕਿਲੋ ਨਮਕ) ਸ਼ਾਮਿਲ ਸੀ। ਟਰੱਕ ਰਵਾਨਾ ਕਰਨ  ਸਮੇਂ ਪੰਜਾਬ  ਦੇ ਸਾਬਕਾ ਕੈਬਨਿਟ ਮੰਤਰੀ ਸ. ਅਵਤਾਰ ਸਿੰਘ ਹੈਨਰੀ , ਰਾਜਵਿੰਦਰ ਸਿੰਘ ਰਾਜਾ ਕੌਂਸਲਰ, ਨਗਰ ਕੌਂਸਲ ਜ਼ੀਰਾ  ਦੇ ਪ੍ਰਧਾਨ ਸ. ਗੁਰਪ੍ਰੀਤ ਸਿੰਘ ਜੱਜ, ਸ਼੍ਰੋਮਣੀ ਅਕਾਲੀ ਦਲ ਮੱਖੂ ਦੇ ਪ੍ਰਧਾਨ ਸਿਮਰਜੀਤ ਸਿੰਘ ਸੰਧੂ, ਜੁਗਰਾਜ ਸਿੰਘ ਸਰਪੰਚ ਪੀਰ ਮੁਹੰਮਦ ਅਤੇ ਜੋਗਿੰਦਰ ਸਿੰਘ  ਕਾਹਨੇਵਾਲਾ ਸਕੱਤਰ ਅਕਾਲੀ ਦਲ ਵੀ ਮੌਜੂਦ ਸਨ। 

ਪ੍ਰਭਾਵਿਤ ਖੇਤਰਾਂ 'ਚ ਸਮੱਗਰੀ ਦੀ ਵੰਡ ਲਈ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਜਾਣ ਵਾਲੀ ਟੀਮ 'ਚ ਫਿਰੋਜ਼ਪੁਰ ਤੋਂ ਜਗ ਬਾਣੀ ਦੇ  ਪ੍ਰਤੀਨਿਧੀ  ਸ. ਕੁਲਦੀਪ ਸਿੰਘ ਭੁੱਲਰ , ਜਸਵੀਰ  ਸਿੰਘ ਜੋਸਨ ਜ਼ਿਲਾ ਫਿਰੋਜ਼ਪੁਰ ਪ੍ਰਧਾਨ ਲੋਕ ਚੇਤਨਾ ਮੰਚ, ਦਵਿੰਦਰ ਸਿੰਘ  ਅਕਾਲੀਆਂਵਾਲਾ , ਸਰਪੰਚ ਅਰਸ਼ਦੀਪ ਸਿੰਘ, ਹਰਜਿੰਦਰ ਸਿੰਘ ਘਾਰੂ, ਰਜਿੰਦਰ ਕੁਮਾਰ ਸ਼ਰਮਾ (ਭੋਲਾ ਜੀ), ਪੰਜਾਬ ਕੇਸਰੀ ਦਫਤਰ ਜੰਮੂ ਦੇ ਇੰਚਾਰਜ ਡਾ. ਬਲਰਾਮ ਸੈਣੀ, ਆਰ. ਐੱਸ.ਪੁਰਾ ਦੇ  ਪ੍ਰਤੀਨਿਧੀ ਮੁਕੇਸ਼ ਰੈਣਾ ਅਤੇ  ਸੁੰਦਰਬਨੀ ਦੇ ਪ੍ਰਤੀਨਿਧੀ ਰਜਿੰਦਰ ਰੈਣਾ ਵੀ ਸ਼ਾਮਲ ਸਨ।


author

Shyna

Content Editor

Related News