ਨਵੇਂ ਸਾਲ ਦੇ ਪ੍ਰੋਗਰਾਮ ''ਚ ਸਿਆਸੀ ਲੀਡਰਾਂ ਦੇ ਭੇਸ ''ਚ ਬੱਚਿਆਂ ਨੇ ਪਾਏ ਹਾਸੇ
Friday, Jan 03, 2020 - 12:28 PM (IST)

ਜਲੰਧਰ (ਸੋਨੂੰ): ਸ਼੍ਰੀ ਮਹਾਵੀਰ ਜੈਨ ਨੌਜਵਾਨ ਮੰਡਲ ਤੇ ਜੈਨ ਮਿਲਨ ਵਲੋਂ ਸਾਂਝੇ ਤੌਰ 'ਤੇ ਨਵੇਂ ਸਾਲ ਦਾ ਸਮਾਗਮ ਕਰਵਾਇਆ ਗਿਆ। ਜਲੰਧਰ ਦੇ ਦੇਸ਼ਭਗਤ ਯਾਦਗਾਰ ਹਾਲ 'ਚ ਕਰਵਾਏ ਗਏ ਇਸ ਸਮਾਗਮ 'ਚ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ 'ਚ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰ ਸਮਾਂ ਬੰਨ੍ਹ ਦਿੱਤਾ। ਇੰਨਾ ਹੀ ਨਹੀਂ ਵੱਖ-ਵੱਖ ਸਿਆਸਤਦਾਨਾਂ ਦੇ ਭੇਸ 'ਚ ਬੱਚਿਆਂ ਵਲੋਂ ਚਲਾਈ ਗਈ ਸੰਸਦ ਤੇ ਵਿਧਾਨ ਸਭਾ ਦੀ ਖਿਚੜੀ ਨੇ ਸਭ ਦੇ ਢਿੱਡੀਂ ਪੀੜਾਂ ਪਾ ਦਿੱਤੀਆਂ। ਕਿਸੇ ਨੇ ਨਵਜੋਤ ਸਿੱਧੂ ਬਣ ਕੇ ਸ਼ਾਇਰੋ-ਸ਼ਾਇਰੀ ਨਾਲ ਦੇਸ਼ ਦੇ ਸਿਆਸੀ ਹਾਲ 'ਤੇ ਚੋਟਾਂ ਕੀਤੀਆਂ ਤਾਂ ਕਿਸੇ ਨੇ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ 'ਤੇ ਟਿੱਪਣੀਆਂ ਕੀਤੀਆਂ। ਭਗਵੰਤ ਮਾਨ ਵੀ ਖਾਸ ਆਕਰਸ਼ਣ ਦਾ ਕੇਂਦਰ ਰਹੇ।
ਇਸ ਮੌਕੇ ਸਾਬਕਾ ਪ੍ਰਧਾਨ ਵਿਕਰਮ ਜੈਨ ਨੂੰ 'ਯੁਵਾ ਰਤਨ', ਅਨਿਲ ਜੈਨ ਨੂੰ ਖੇਡ ਰਤਨ ਤੇ ਮੁਸਕਾਨ ਜੈਨ ਨੂੰ ਮਾਨਵ ਸੇਵ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ 'ਅਲੀ ਬਾਬਾ ਕਾ ਖਜ਼ਾਨਾ' ਪ੍ਰੋਗਰਾਮ ਤਹਿਤ ਕਈ ਆਕਰਸ਼ਕ ਉਪਹਾਰ ਕੱਢੇ ਗਏ। ਸ਼੍ਰੀ ਵਿਜੇ ਚੋਪੜਾ ਜੀ ਵਲੋਂ ਪਰਚੀ ਕੱਢ ਦੋ ਗੋਲਡ ਕੁਆਇਨ ਕੱਢੇ ਗਏ। ਨੌਜਵਾਨ ਮੰਡਲ ਵਲੋਂ 45 ਸਾਲ ਤੋਂ ਉਪਰ ਦੇ ਸੀਨੀਅਰ ਮੈਂਬਰਾਂ ਨੂੰ ਸਨਮਾਨਿਤ ਕਰਕੇ ਰਿਟਾਇਰਡ ਕੀਤਾ ਗਿਆ। ਅਖੀਰ 'ਚ ਸਾਰੇ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ, ਜਦਕਿ ਪ੍ਰਬੰਧਕਾਂ ਵਲੋਂ ਸ਼੍ਰੀ ਵਿਜੇ ਚੋਪੜਾ ਜੀ ਨੂੰ ਦੋਸ਼ਾਲਾ ਭੇਟ ਕਰ ਸਨਮਾਨਿਤ ਕੀਤਾ ਗਿਆ। ਸਮਾਗਮ ਉਪਰੰਤ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ।