ਪ੍ਰਿਯੰਕਾ ਦੇ ਆਉਣ ਨਾਲ ਭਾਜਪਾ ''ਚ ਬੌਖਲਾਹਟ : ਜਾਖੜ

01/25/2019 9:04:40 AM

ਜਲੰਧਰ (ਧਵਨ) : ਪੰਜਾਬ ਪ੍ਰਦੇਸ਼ ਸੂਬਾ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ 'ਤੇ ਤਿੱਖਾ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਪ੍ਰਿਯੰਕਾ ਗਾਂਧੀ ਦੇ ਰਾਜਨੀਤੀ 'ਚ ਆਉਣ ਤੋਂ ਬਾਅਦ ਭਾਜਪਾ 'ਚ ਬੌਖਲਾਹਟ ਪੈਦਾ ਹੋ ਗਈ ਹੈ ਅਤੇ ਭਾਜਪਾ ਨੇ ਮੁੜ ਪਰਿਵਾਰਵਾਦ ਦਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਹੈ। ਜਾਖੜ ਨੇ ਪੰਜਾਬ ਦੇ ਨਵ-ਨਿਯੁਕਤ ਜ਼ਿਲਾ ਕਾਂਗਰਸ ਪ੍ਰਧਾਨਾਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ, ਜਿਸ 'ਚ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰ ਨੇ ਵੀ ਹਿੱਸਾ ਲਿਆ। 

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਦੀ ਹਰਮਨਪਿਆਰਤਾ ਬੁਲੰਦੀਆਂ 'ਤੇ ਪਹੁੰਚ ਚੁੱਕੀ ਹੈ ਅਤੇ ਉਸ ਨੂੰ ਵੇਖਦਿਆਂ ਭਾਜਪਾ ਦੇ ਦੇਸ਼ ਭਰ ਨੇਤਾ ਸਹਿਮੇ ਨਜ਼ਰ ਆ ਰਹੇ ਹਨ। ਇਸ ਲਈ ਉਹ ਕਾਂਗਰਸ ਲੀਡਰਸ਼ਿਪ ਦੇ ਖਿਲਾਫ ਬਿਆਨਬਾਜ਼ੀ 'ਤੇ ਉਤਰ ਆਏ ਹਨ। ਉਨ੍ਹਾਂ ਕਿਹਾ ਕਿ ਪ੍ਰਿਯੰਕਾ ਇਕ  ਸੁਲਝੀ ਹੋਈ ਆਗੂ ਹੈ, ਜਿਨ੍ਹਾਂ ਦਾ ਮੁਕਾਬਲਾ ਭਾਜਪਾ ਨਹੀਂ ਕਰ ਸਕੇਗੀ। 1980 'ਚ ਦੇਸ਼ ਭਰ 'ਚ ਇੰਦਰਾ ਗਾਂਧੀ ਦੇ ਪੱਖ 'ਚ ਇਕ ਤਰਫਾ ਲਹਿਰ ਚੱਲੀ ਸੀ। ਹੁਣ ਉਸੇ ਤਰ੍ਹਾਂ 2019 'ਚ ਪ੍ਰਿਯੰਕਾ ਗਾਂਧੀ ਦੇ ਪੱਖ 'ਚ ਹੋਰ ਵੀ ਤੇਜ਼ ਲਹਿਰ ਚੱਲਣ ਦੇ ਆਸਾਰ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰਾਂ 'ਚ ਪ੍ਰਿਯੰਕਾ ਦੇ ਆਉਣ ਨਾਲ ਖੁਸ਼ੀ ਦੀ ਲਹਿਰ ਦੇਸ਼ ਭਰ 'ਚ ਵੇਖਣ ਨੂੰ ਮਿਲ ਰਹੀ ਹੈ।


Baljeet Kaur

Content Editor

Related News