ਭੁੱਲਰ ਦੇ ਰਾਜ ''ਚ ਡਿੱਗਿਆ ਕ੍ਰਾਈਮ ਗ੍ਰਾਫ

05/10/2019 12:35:51 PM

ਜਲੰਧਰ (ਬੁਲੰਦ)—ਜਲੰਧਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਸ਼ਾਸਨ ਦੌਰਾਨ ਸਿਟੀ ਵਿਚ ਕ੍ਰਾਈਮ ਦਾ ਅੰਕੜਾ ਹੇਠਾਂ ਆਉਣ ਨਾਲ ਵਿਭਾਗ ਵਿਚ ਖੁਸ਼ੀ ਦੀ ਲਹਿਰ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਵਿਭਾਗ ਵਲੋਂ ਕੇਂਦਰੀ ਏਜੰਸੀ ਨੂੰ ਭੇਜੇ ਗਏ ਮਹੀਨਾਵਾਰ ਡਾਟਾ ਵਿਚ ਜਲੰਧਰ ਦਾ ਕ੍ਰਾਈਮ ਗ੍ਰਾਫ ਹੇਠਾਂ ਨਜ਼ਰ ਆਇਆ ਹੈ। ਇਸ ਬਾਰੇ ਪੁਲਸ ਦੇ ਵੱਖ-ਵੱਖ ਵਿੰਗਾਂ ਵਿਚ ਚਰਚਾ ਹੈ ਕਿ ਭੁੱਲਰ ਦੀਆਂ ਆਮ ਜਨਤਾ ਨਾਲ ਖੁੱਲ੍ਹ ਕੇ ਕੀਤੀਆਂ ਜਾਣ ਵਾਲੀਆਂ ਮੁਲਾਕਾਤਾਂ ਅਤੇ ਹਰ ਹਫਤੇ ਸ਼ਹਿਰ ਦੇ ਕ੍ਰਾਈਮ ਡਾਟਾ ਦੇ ਰੀਵਿਊ ਕਰਨ ਦੀ ਆਦਤ ਕਾਰਨ ਅਜਿਹਾ ਹੋ ਸਕਿਆ। ਵਿਭਾਗ ਵਲੋਂ ਕੇਂਦਰੀ ਏਜੰਸੀ ਨੂੰ ਭੇਜੇ ਗਏ ਡਾਟਾ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੌਰਾਨ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਵਿਚ ਭਾਰੀ ਕਮੀ ਵੇਖਣ ਨੂੰ ਮਿਲੀ ਹੈ।

ਮਾਮਲੇ ਬਾਰੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਅਸਲ ਵਿਚ ਅਪਰਾਧ ਦਰ ਵਿਚ ਆਈ ਕਮੀ ਦਾ ਮੁੱਖ ਕਾਰਨ ਇਹ ਹੈ ਕਿ ਅਸੀਂ ਪੁਲਸ ਫੋਰਸ ਨੂੰ ਗਰਾਊਂਡ ਵਿਚ ਉਤਾਰਿਆ ਹੈ। ਸ਼ਹਿਰ ਵਿਚ ਥਾਂ-ਥਾਂ ਨਾਕੇ ਲਾ ਕੇ ਚੈਕਿੰਗ ਵਧਾਈ ਗਈ ਹੈ। ਪੁਰਾਣੇ ਅਪਰਾਧੀਆਂ 'ਤੇ ਰੈਗੂਲਰ ਨਜ਼ਰ ਰੱਖੀ ਜਾ ਰਹੀ ਹੈ। ਸਾਰੇ ਪੁਲਸ ਥਾਣਿਆਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਅਪਰਾਧੀਆਂ ਦਾ ਸਾਰਾ ਡਾਟਾ ਤਿਆਰ ਕਰ ਕੇ ਉਸਨੂੰ ਲਗਾਤਾਰ ਰੀਵਿਊ ਕੀਤਾ ਜਾਵੇ। ਜੋ ਪੁਰਾਣੇ ਅਪਰਾਧੀ ਹਨ, ਉਨ੍ਹਾਂ ਦੀ ਹਾਜ਼ਰੀ ਥਾਣਿਆਂ ਵਿਚ ਰੈਗੂਲਰ ਲਗਵਾਈ ਜਾਵੇ। ਇਸ ਤੋਂ ਇਲਾਵਾ ਪੁਲਸ ਅਧਿਕਾਰੀਆਂ ਦੀ ਪਰਫਾਰਮੈਂਸ ਵੇਖੀ ਜਾ ਰਹੀ ਹੈ ਅਤੇ ਉਸ ਆਧਾਰ 'ਤੇ ਹੀ ਉਨ੍ਹਾਂ ਦੀ ਪੋਸਟਿੰਗ ਕੀਤੀ ਜਾ ਰਹੀ ਹੈ। ਔਰਤਾਂ ਲਈ 3 ਕਾਊਂਸਲਿੰਗ ਸੀਟਾਂ ਮਹਿਲਾ ਥਾਣੇ ਵਿਚ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸਾਰੇ ਪੁਲਸ ਵਿਭਾਗ ਦੀ ਮਿਹਨਤ ਨਾਲ ਅਪਰਾਧ ਦਰ ਘੱਟ ਕੀਤੀ ਜਾ ਰਹੀ ਹੈ।

ਥਾਣਾ ਪੱਧਰ 'ਤੇ ਚੈਕਿੰਗ ਵਧਾਈ ਗਈ : ਭੰਡਾਲ
ਏ. ਡੀ. ਸੀ. ਪੀ. 1 ਪਰਮਿੰਦਰ ਸਿੰਘ ਭੰਡਾਲ ਦਾ ਕਹਿਣਾ ਹੈ ਕਿ ਅਸਲ ਵਿਚ ਪੁਲਸ ਕਮਿਸ਼ਨਰ ਦੇ ਹੁਕਮਾਂ ਤੋਂ ਬਾਅਦ ਥਾਣਾ ਪੱਧਰ 'ਤੇ ਚੈਕਿੰਗ ਵਧਾਈ ਗਈ ਹੈ। ਹਰ ਹਫਤੇ ਪੁਲਸ ਥਾਣਿਆਂ ਤੋਂ ਉਨ੍ਹਾਂ ਦਾ ਸਾਰਾ ਰਿਕਾਰਡ ਮੰਗਵਾ ਕੇ ਚੈੱਕ ਕੀਤਾ ਜਾਂਦਾ ਹੈ। ਜਿੱਥੇ ਕੋਈ ਕਮੀ ਪੇਸ਼ੀ ਲੱਗਦੀ ਹੈ, ਉਸਨੂੰ ਦੂਰ ਕਰਨ ਬਾਰੇ ਹੁਕਮ ਜਾਰੀ ਕੀਤੇ ਹਨ। ਇਹੀ ਕਾਰਨ ਹੈ ਕਿ ਛੋਟੇ ਅਪਰਾਧ ਜਿਵੇਂ ਲੁੱਟ-ਖੋਹ, ਚੋਰੀਆਂ ਆਦਿ 'ਚ ਕਮੀ ਆਈ ਹੈ।

ਅਧਿਕਾਰੀਆਂ ਤੱਕ ਲੋਕਾਂ ਦੀ ਪਹੁੰਚ ਹੋਈ ਸੁਖਾਲੀ : ਸੂਡਰਵਿਜੀ
ਏ. ਡੀ. ਸੀ. ਪੀ.-2 ਡੀ. ਸੂਡਰਵਿਜੀ ਦਾ ਇਸ ਬਾਰੇ ਕਹਿਣਾ ਹੈ ਕਿ ਪੁਲਸ ਕਮਿਸ਼ਨਰ ਦੇ ਹੁਕਮਾਂ 'ਤੇ ਪੁਲਸ ਅਧਿਕਾਰੀ ਜ਼ਿਆਦਾ ਸਮਾਂ ਆਮ ਲੋਕਾਂ ਨੂੰ ਮਿਲਦੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਆਪਣੀ ਕੋਈ ਵੀ ਸਮੱਸਿਆ ਲੈ ਕੇ ਪੁਲਸ ਕਮਿਸ਼ਨਰ ਤੋਂ ਲੈ ਕੇ ਕਿਸੇ ਵੀ ਹੋਰ ਅਧਿਕਾਰੀ ਨੂੰ ਮਿਲ ਸਕਦੇ ਹਨ, ਜਿਸ ਨਾਲ ਉਨ੍ਹਾਂ ਦੇ ਪੈਂਡਿੰਗ ਕੇਸਾਂ ਨੂੰ ਹੱਲ ਕਰਨ ਵਿਚ ਆਸਾਨੀ ਹੁੰਦੀ ਹੈ।
 

ਅਪਰਾਧ, ਸਾਲ 2018, ਸਾਲ 2019,
ਹੱਤਿਆਵਾਂ 5 ਹੱਤਿਆਵਾਂ, 3 ਕੇਸ ਹੱਲ; 3 ਹੱਤਿਆਵਾਂ, 3 ਕੇਸ ਹੱਲ
ਕਾਤਲਾਨਾ ਹਮਲੇ 7 ਹਮਲੇ, 5 ਹੱਲ; 4 ਹਮਲੇ, 4 ਹੱਲ
ਕੁੱਟ-ਮਾਰ 41 ਕੇਸ, 41 ਹੱਲ; 32 ਕੇਸ, 32 ਹੱਲ
ਚੋਰੀਆਂ 107 ਕੇਸ, 15 ਹੱਲ; 57 ਕੇਸ, 14 ਹੱਲ
ਲੁੱਟ-ਖੋਹ 126 ਕੇਸ, 36 ਹੱਲ; 31 ਕੇਸ, 18 ਹੱਲ
ਸਰਕਾਰੀ ਕੰਮ 12 ਕੇਸ, 11 ਹੱਲ; 2 ਕੇਸ, 2 ਹੱਲ
ਕਿਡਨੈਪਿੰਗ/ਮਿਸਿੰਗ 63 ਕੇਸ, 55 ਹੱਲ; 45 ਕੇਸ, 45 ਹੱਲ
ਐੱਨ. ਡੀ. ਪੀ. ਐੱਸ. 101 ਕੇਸ, 100 ਹੱਲ; 83 ਕੇਸ, 82 ਹੱਲ
ਜਬਰ-ਜ਼ਨਾਹ 5 ਕੇਸ, 5 ਹੱਲ;  15 ਕੇਸ, 15 ਹੱਲ
ਆਬਕਾਰੀ 188 ਕੇਸ, 188 ਹੱਲ;  124 ਕੇਸ, 124 ਹੱਲ

 


Shyna

Content Editor

Related News