ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ 487ਵੇਂ ਟਰੱਕ ਦੀ ਰਾਹਤ ਸਮੱਗਰੀ

12/22/2018 10:19:09 AM

ਜਲੰਧਰ (ਜੁਗਿੰਦਰ ਸੰਧੂ)—ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪੰਜਾਬ ਤੇ ਜੰਮੂ-ਕਸ਼ਮੀਰ ਦੇ ਰਿਹਾਇਸ਼ੀ ਇਲਾਕਿਆਂ 'ਤੇ ਹਮੇਸ਼ਾ ਸੰਕਟ ਦੇ ਬਾਦਲ ਛਾਏ ਰਹਿੰਦੇ ਹਨ। ਪਾਕਿਸਤਾਨੀ ਸੈਨਿਕਾਂ ਵਲੋਂ ਬਿਨਾਂ ਕਾਰਨ ਕੀਤੀ ਜਾਣ ਵਾਲੀ ਗੋਲੀਬਾਰੀ ਜਾਂ ਅੱਤਵਾਦੀਆਂ ਦੀ ਘੁਸਪੈਠ ਦੇ ਡਰ ਕਾਰਨ ਸਰਹੱਦੀ ਪਿੰਡਾਂ ਦੇ ਲੋਕ ਆਮ ਵਾਂਗ ਆਪਣੇ ਕੰਮਕਾਰ ਨਹੀਂ ਕਰ ਸਕਦੇ। ਇਨ੍ਹਾਂ ਖੇਤਰਾਂ ਵਿਚ ਸਰਕਾਰ ਵਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਵੀ ਰੜਕਦੀ ਰਹਿੰਦੀ ਹੈ। ਕਿਸੇ ਹੱਦ ਤੱਕ ਸਰਹੱਦੀ ਪਿੰਡਾਂ ਦੇ ਲੋਕ ਅਣਗੌਲੇ ਤੇ ਨਜ਼ਰਅੰਦਾਜ਼ ਜਿਹੇ ਰਹਿੰਦੇ ਹਨ। ਅਜਿਹੇ ਪ੍ਰਭਾਵਿਤ ਪਰਿਵਾਰਾਂ ਦਾ ਦੁੱਖ-ਦਰਦ ਪਛਾਣਦਿਆਂ ਹੀ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਪਿਛਲੇ 20 ਸਾਲਾਂ ਤੋਂ ਇਨ੍ਹਾਂ ਦੀ ਮਦਦ ਲਈ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ।

ਇਸ ਮੁਹਿੰਮ ਅਧੀਨ ਪਿਛਲੇ ਦਿਨੀਂ 487ਵੇਂ ਟਰੱਕ ਦੀ ਰਾਹਤ ਸਮੱਗਰੀ ਗੁਰਦਾਸਪੁਰ ਜ਼ਿਲੇ ਦੇ ਉਨ੍ਹਾਂ ਪਰਿਵਾਰਾਂ ਲਈ ਭਿਜਵਾਈ ਗਈ, ਜਿਹੜੇ ਸਰਹੱਦ ਤੇ ਰਾਵੀ ਦਰਿਆ ਨਾਲ ਲੱਗਦੇ ਖੇਤਰਾਂ  'ਚ ਜੀਵਨ ਬਸਰ ਕਰ ਰਹੇ ਹਨ। ਇਸ ਵਾਰ ਦੀ ਰਾਹਤ ਸਮੱਗਰੀ ਦਾ ਯੋਗਦਾਨ ਲੁਧਿਆਣਾ ਤੋਂ ਕੁਲਦੀਪ ਓਸਵਾਲ ਹੌਜ਼ਰੀ ਦੇ ਮਾਲਕ ਸ਼੍ਰੀ ਕੁਲਦੀਪ ਜੈਨ ਵਲੋਂ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਇਸ ਪੁੰਨ ਦੇ ਕਾਰਜ ਵਿਚ ਸ਼੍ਰੀ ਬੀ. ਡੀ. ਗੋਇਲ ਤੇ ਸੁਰੇਸ਼ ਧੀਰ ਰਾਜਾ ਵਲੋਂ ਵੀ ਸਹਿਯੋਗ ਦਿੱਤਾ ਗਿਆ। ਇਸ ਟਰੱਕ ਦੀ ਸਮੱਗਰੀ ਵਿਚ ਸਰਦੀ ਦੀ ਰੁੱਤ ਨੂੰ ਦੇਖਦਿਆਂ 360 ਰਜਾਈਆਂ ਭਿਜਵਾਈਆਂ ਗਈਆਂ।

ਪਦਮਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਰਾਹਤ ਸਮੱਗਰੀ ਦੇ ਇਸ ਟਰੱਕ ਨੂੰ, ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਵਜ਼ੀਫਾ ਵੰਡ ਸਮਾਗਮ ਮੌਕੇ ਰਵਾਨਾ ਕੀਤਾ ਗਿਆ ਸੀ। ਇਸ ਮੌਕੇ 'ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ, ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਪੰਜਾਬ ਦੇ ਜੰਗਲਾਤ ਮੰਤਰੀ ਡਾ. ਸਾਧੂ ਸਿੰਘ ਧਰਮਸੋਤ, ਪੰਜਾਬ ਦੇ ਉੱਚ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ, ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਸਾਬਕਾ ਮੰਤਰੀ ਜੈ ਕਿਸ਼ਨ ਸੈਣੀ, ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਤੇ ਸੁਰਿੰਦਰ ਸੇਠ ਵੀ ਮੌਜੂਦ ਸਨ।

ਪ੍ਰਭਾਵਿਤ ਖੇਤਰਾਂ 'ਚ ਸਮੱਗਰੀ ਦੀ ਵੰਡ ਲਈ ਰਾਹਤ ਮੁਹਿੰਮ ਦੇ ਆਗੂ ਲਾਇਨ ਜੇ. ਬੀ. ਸਿੰਘ ਚੌਧਰੀ ਅੰਬੈਸਡਰ ਆਫ ਗੁਡਵਿੱਲ ਦੀ ਅਗਵਾਈ ਹੇਠ ਜਾਣ ਵਾਲੀ ਟੀਮ ਵਿਚ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ, ਇਕਬਾਲ ਸਿੰਘ ਅਰਨੇਜਾ, ਲਾਲਾ ਜਗਤ ਨਾਰਾਇਣ ਧਰਮਸ਼ਾਲਾ ਚਿੰਤਪੂਰਨੀ ਦੇ ਪ੍ਰਧਾਨ ਐੈੱਮ. ਡੀ. ਸੱਭਰਵਾਲ ਤੇ ਸੀ. ਆਰ. ਪੀ. ਐੈੱਫ. ਦੇ ਰਿਟਾਇਰਡ ਕਰਮਚਾਰੀਆਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਸ. ਸੁਲਿੰਦਰ ਸਿੰਘ ਕੰਡੀ ਵੀ ਸ਼ਾਮਲ ਸਨ।


Shyna

Content Editor

Related News