... ਤੇ ਹੁਣ ਉਡਾਣ ''ਚ ਦੇਰੀ ਹੋਣ ''ਤੇ ਮਿਲੇਗਾ ''ਮੁਆਵਜ਼ਾ''

01/13/2019 10:09:46 AM

ਜਲੰਧਰ (ਬਿ. ਡੈ.) : ਉਡਾਣ 'ਚ ਦੇਰੀ ਜਾਂ ਕੈਂਸਲੇਸ਼ਨ ਹੋਣ 'ਤੇ ਸਾਰੀਆਂ ਏਅਰਲਾਈਨਸ ਦੇ ਯਾਤਰੀਆਂ ਨੂੰ ਮੁਆਵਜ਼ਾ ਦੇਣ ਦਾ ਕਾਨੂੰਨ ਹੈ ਪਰ ਇਹ ਮੁਆਵਜ਼ਾ ਤੁਹਾਨੂੰ ਕਿਵੇਂ ਮਿਲੇਗਾ, ਇਸ ਬਾਰੇ ਆਮ ਯਾਤਰੀ ਨੂੰ ਪੂਰੀ ਜਾਣਕਾਰੀ ਨਹੀਂ ਹੈ। ਏਅਰ ਹੈਲਪ ਹਵਾਈ ਜਹਾਜ਼ ਦੇ ਯਾਤਰੀਆਂ ਨੂੰ ਦੇਰੀ, ਰੱਦ ਜਾਂ ਓਵਰ ਬੁਕਿੰਗ ਵਾਲੀਆਂ ਉਡਾਣਾਂ ਤੋਂ ਮੁਆਵਜ਼ਾ ਪ੍ਰਾਪਤ ਕਰਨ ਦੇ ਮੌਕੇ ਪ੍ਰਦਾਨ ਕਰਦੀ ਹੈ। ਯੂਰਪੀ ਉਡਾਣ ਵਿਚ ਦੇਰੀ ਹੋਣ 'ਤੇ ਜੇਕਰ ਏਅਰਲਾਈਨਸ ਪ੍ਰਭਾਵਿਤ ਹੁੰਦੀ ਹੈ ਤਾਂ ਕਲੇਮ ਦੇ ਰੂਪ 'ਚ ਯਾਤਰੀ ਨੂੰ 700 ਡਾਲਰ ਤੱਕ ਮਿਲ ਸਕਦੇ ਹਨ। ਉਥੇ ਹੀ ਯੂ. ਐੱਸ. ਉਡਾਣਾਂ ਲਈ ਇਹ ਰਾਸ਼ੀ 1300 ਡਾਲਰ ਹੈ। ਜੇਕਰ ਉਡਾਣ 'ਚ ਦੇਰ ਹੁੰਦੀ ਹੈ ਤਾਂ ਯਾਤਰੀਆਂ ਨੂੰ ਅਧਿਕਾਰ ਹੈ ਕਿ ਉਹ ਅਗਲੀ ਉਡਾਣ ਲਈ ਇੰਤਜ਼ਾਰ ਦੇ ਹਰ ਇਕ ਘੰਟੇ ਲਈ 25 ਫ਼ੀਸਦੀ ਦੀ ਦਰ ਨਾਲ ਮੁਆਵਜ਼ੇ ਦੀ ਮੰਗ ਕਰ ਸਕਦੇ ਹਨ। ਭਾਰਤ ਦੀ ਗੱਲ ਕਰੀਏ ਤਾਂ ਦੇਸ਼ ਵਿਚ ਪਿਛਲੇ ਹਫ਼ਤੇ ਹੀ ਧੁੰਦ ਦੀ ਵਜ੍ਹਾ ਨਾਲ ਤਕਰੀਬਨ 200 ਉਡਾਣਾਂ ਵਿਚ ਦੇਰੀ ਹੋਈ ਜਾਂ ਇਹ ਰੱਦ ਕਰਨੀਆਂ ਪਈਆਂ ਸਨ। ਹਵਾਈ ਯਾਤਰਾ 'ਤੇ ਧੁੰਦ ਦਾ ਇਹ ਕਹਿਰ ਅਜੇ ਵੀ ਜਾਰੀ ਹੈ। 

ਐਵੀਏਸ਼ਨ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ. ਜੀ. ਸੀ. ਏ.) ਵਲੋਂ ਯਾਤਰੀ ਹਿੱਤਾਂ ਦੀ ਰਾਖੀ ਲਈ ਬਣਾਏ ਨਿਯਮਾਂ ਮੁਤਾਬਕ ਇਕ ਘੰਟੇ ਦੇ ਬਲਾਕ ਟਾਈਮ ਵਾਲੀ ਫਲਾਈਟ ਲਈ 5000 ਰੁਪਏ ਅਤੇ 2 ਘੰਟੇ ਦੇ ਬਲਾਕ ਟਾਈਮ ਵਾਲੀ ਫਲਾਈਟ ਲਈ 7000 ਜਾਂ ਦੋਵਾਂ ਹਾਲਾਤ ਵਿਚ ਇਕ ਪਾਸੇ ਦੀ ਬੁਕਿੰਗ ਦਾ ਬੇਸਿਕ ਕਿਰਾਇਆ ਅਤੇ ਏਅਰਲਾਈਨ ਦਾ ਫਿਊਲ ਚਾਰਜ, ਇਨ੍ਹਾਂ 'ਚੋਂ ਜੋ ਵੀ ਘੱਟ ਹੋਵੇ ਉਹ ਦਿੱਤਾ ਜਾਵੇਗਾ। 2 ਘੰਟੇ ਤੋਂ ਜ਼ਿਆਦਾ ਦੇ ਬਲਾਕ ਟਾਈਮ ਵਾਲੀ ਫਲਾਈਟ ਲਈ 10,000 ਰੁਪਏ ਜਾਂ ਇਕ ਪਾਸੇ ਦੀ ਬੁਕਿੰਗ ਦੇ ਬੇਸ ਫੇਅਰ 'ਚ ਏਅਰਲਾਈਨ ਦਾ ਫਿਊਲ ਚਾਰਜ ਜੋੜ ਕੇ, ਦੋਵਾਂ 'ਚੋਂ ਜੋ ਘੱਟ ਹੋਵੇ, ਦਿੱਤਾ ਜਾਵੇਗਾ। 

ਜ਼ਿਕਰਯੋਗ ਹੈ ਕਿ ਤੁਹਾਡੀ ਫਲਾਈਟ ਮੰਜ਼ਿਲ ਤੱਕ ਜਾਣ 'ਚ ਜੋ ਸਮਾਂ ਲੈਂਦੀ ਹੈ, ਉਸ ਨੂੰ ਬਲਾਕ ਟਾਈਮ ਕਹਿੰਦੇ ਹਨ। ਜੇਕਰ ਤੁਹਾਡੀ ਹਵਾਈ ਯਾਤਰਾ 'ਚ 24 ਘੰਟੇ ਤੋਂ ਘੱਟ ਦੀ ਦੇਰੀ ਹੁੰਦੀ ਹੈ ਤਾਂ ਤੁਸੀਂ ਏਅਰਪੋਰਟ 'ਤੇ ਭੋਜਨ ਅਤੇ ਰਿਫਰੈਸ਼ਮੈਂਟ ਪਾਉਣ ਦੇ ਹੱਕਦਾਰ ਹੋ। 24 ਘੰਟੇ ਤੋਂ ਜ਼ਿਆਦਾ ਦੀ ਦੇਰੀ ਹੋਣ 'ਤੇ ਤੁਹਾਨੂੰ ਮੁਫਤ 'ਚ ਹੋਟਲ 'ਚ ਰਹਿਣ ਦੀ ਵੀ ਸਹੂਲਤ ਮਿਲਦੀ ਹੈ। ਡੀ. ਜੀ. ਸੀ. ਏ. ਦੇ ਨਿਯਮਾਂ ਅਨੁਸਾਰ ਜੇਕਰ ਹਵਾਈ ਯਾਤਰਾ 'ਚ ਦੇਰੀ ਦੀ ਵਜ੍ਹਾ ਏਅਰਲਾਈਨਸ ਦੇ ਕੰਟਰੋਲ ਤੋਂ ਬਾਹਰ ਹੈ ਤਾਂ ਉਹ ਯਾਤਰੀਆਂ ਨੂੰ ਮੁਆਵਜ਼ਾ ਦੇਣ ਲਈ ਮਜਬੂਰ ਨਹੀਂ ਹੋਵੇਗੀ। ਬਾਹਰੀ ਕਾਰਨਾਂ 'ਚ ਰਾਜਨੀਤਕ ਅਸਥਿਰਤਾ, ਕੁਦਰਤੀ ਹਾਦਸਿਆਂ, ਗ੍ਰਹਿ ਯੁੱਧ, ਬੰਬ ਧਮਾਕੇ, ਦੰਗੇ ਅਤੇ ਉਡਾਣ ਨੂੰ ਪ੍ਰਭਾਵਿਤ ਕਰਨ ਵਾਲੇ ਸਰਕਾਰੀ ਹੁਕਮ ਅਤੇ ਹੜਤਾਲ ਸ਼ਾਮਲ ਹਨ। ਉਥੇ ਹੀ ਜੇਕਰ ਤੁਹਾਡੀ ਹਵਾਈ ਯਾਤਰਾ ਰੱਦ ਹੁੰਦੀ ਹੈ ਤਾਂ ਏਅਰਲਾਈਨਸ ਬਿਨਾਂ ਵਾਧੂ ਕਿਰਾਇਆ ਲਏ ਤੁਹਾਨੂੰ ਯਾਤਰਾ ਦੇ ਦੂਜੇ ਬਦਲ ਦੇਣ ਨੂੰ ਪਾਬੰਦ ਹਨ। ਜੇਕਰ ਤੁਸੀਂ ਦੂਜੀ ਫਲਾਈਟ ਜਾਂ ਦੂਜੇ ਏਅਰਲਾਈਨਸ ਦੀ ਫਲਾਈਟ ਵਿਚ ਯਾਤਰਾ ਨਹੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਟਿਕਟ ਦੀ ਪੂਰੀ ਕੀਮਤ ਵਾਪਸ ਲੈਣ ਦੇ ਹੱਕਦਾਰ ਹੋ। ਜੇਕਰ ਫਲਾਈਟ ਰੱਦ ਹੋਣ ਤੋਂ 3 ਘੰਟੇ ਪਹਿਲਾਂ ਤੁਹਾਨੂੰ ਇਸ ਦੀ ਸੂਚਨਾ ਨਹੀਂ ਦਿੱਤੀ ਜਾਂਦੀ ਹੈ ਤਾਂ ਏਅਰਲਾਈਨਸ ਨੂੰ ਯਾਤਰਾ ਦੇ ਬਲਾਕ ਟਾਈਮ ਅਨੁਸਾਰ ਮੁਆਵਜ਼ਾ ਦੇਣਾ ਪਵੇਗਾ।


Baljeet Kaur

Content Editor

Related News