ਇਸ ਵਾਰ ਵੀ ਨਿਗਮ ਲਈ ਇਕ ਚੈਲੰਜ ਹੈ ਸੋਢਲ ਦਾ ਮੇਲਾ
Sunday, Sep 08, 2019 - 03:33 PM (IST)

ਜਲੰਧਰ (ਖੁਰਾਣਾ) : ਉੱਤਰੀ ਭਾਰਤ ਦਾ ਪ੍ਰਸਿੱਧ ਸ਼੍ਰੀ ਸਿੱਧ ਬਾਬਾ ਸੋਢਲ ਦਾ ਮੇਲਾ ਸ਼ੁਰੂ ਹੋ ਚੁੱਕਾ ਹੈ। ਆਉਣ ਵਾਲੇ ਇਕ ਹਫਤੇ ਦੌਰਾਨ ਲੱਖਾਂ ਸ਼ਰਧਾਲੂਆਂ ਵਲੋਂ ਬਾਬਾ ਸੋਢਲ ਦੇ ਦਰਬਾਰ 'ਤੇ ਨਤਮਸਤਕ ਹੋਣ ਦਾ ਪ੍ਰੋਗਰਾਮ ਜਾਰੀ ਰਹੇਗਾ। ਸੋਢਲ ਮੇਲੇ ਦੌਰਾਨ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਨੂੰ ਸਾਫ-ਸੁਥਰਾ ਮਾਹੌਲ ਦੇਣ 'ਚ ਨਿਗਮ ਨੂੰ ਪਿਛਲੇ ਕਈ ਸਾਲਾਂ ਤੋਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਵਾਰ ਵੀ ਬਾਬਾ ਸੋਢਲ ਦਾ ਮੇਲਾ ਨਿਗਮ ਲਈ ਇਕ ਚੈਲੰਜ ਦੇ ਤੌਰ 'ਤੇ ਆਇਆ ਹੈ ਕਿਉਂਕਿ ਮੇਲੇ ਨੂੰ ਲੈ ਕੇ ਨਿਗਮ ਨੇ ਪਹਿਲਾਂ ਕੋਈ ਤਿਆਰੀ ਨਹੀਂ ਕੀਤੀ ਕੇਵਲ 6 ਸਤੰਬਰ ਨੂੰ ਹੀ ਕੁਝ ਸੜਕਾਂ 'ਤੇ ਪੈਚਵਰਕ ਲਗਵਾਏ। ਅਜੇ ਵੀ ਚੰਦਨ ਨਗਰ ਫਾਟਕ ਅਤੇ ਮੇਲਾ ਖੇਤਰ ਦੀਆਂ ਕਈ ਸੜਕਾਂ ਟੁੱਟੀਆਂ ਹੋਈਆਂ ਹਨ, ਜੋ ਸ਼ਰਧਾਲੂਆਂ ਦੀਆਂ ਪ੍ਰੇਸ਼ਾਨੀਆਂ ਦਾ ਕਾਰਣ ਬਣਨਗੀਆਂ।
ਕੂੜੇ ਦੀ ਗੱਲ ਕਰੀਏ ਤਾਂ ਨਿਗਮ ਤੋਂ ਸੋਢਲ ਮੇਲਾ ਖੇਤਰ ਵੀ ਪੂਰੀ ਤਰ੍ਹਾਂ ਸਾਫ ਨਹੀਂ ਹੋ ਰਿਹਾ। ਪਿਛਲੇ 4 ਦਿਨਾਂ ਤੋਂ ਸ਼ਹਿਰ ਦੇ ਨਾਲ-ਨਾਲ ਸੋਢਲ ਖੇਤਰ 'ਚ ਵੀ ਕੂੜਾ ਨਹੀਂ ਚੁੱਕਿਆ ਜਾ ਸਕਿਆ, ਜਿਸ ਕਾਰਣ ਸੋਢਲ ਮੰਦਰ ਦੇ ਸਾਹਮਣੇ ਲੀਡਰ ਫੈਕਟਰੀ ਦੇ ਪਿੱਛੇ ਮੇਨ ਸੜਕ ਹੀ ਕੂੜੇ ਦੇ ਕਾਰਣ ਲਗਭਗ ਬਲਾਕ ਹੋ ਗਈ। ਇਸ ਸੜਕ 'ਤੇ ਅੱਜ ਕਈ ਟਨ ਕੂੜਾ ਜਮ੍ਹਾ ਸੀ ਅਤੇ ਇਸ 'ਤੇ ਆਵਾਰਾ ਪਸ਼ੂ ਮੂੰਹ ਮਾਰ ਰਹੇ ਸਨ। ਵਰਣਨਯੋਗ ਹੈ ਕਿ ਰਾਮ ਨਗਰ, ਗਾਂਧੀ ਕੈਂਪ ਤੇ ਗਾਜੀਗੁੱਲਾ ਖੇਤਰਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਇਸ ਸੜਕ ਤੋਂ ਹੋ ਕੇ ਸੋਢਲ ਮੰਦਰ ਮੱਥਾ ਟੇਕਣ ਜਾਂਦੇ ਹਨ। ਕੂੜੇ ਦੇ ਢੇਰ ਲੱਗੇ ਰਹਿਣਾ ਨਗਰ ਨਿਗਮ ਦੀ ਕਾਰਜ ਪ੍ਰਣਾਲੀ 'ਤੇ ਵੱਡਾ ਸਵਾਲੀਆ ਨਿਸ਼ਾਨ ਹੈ।
ਇਸ ਵਾਰ ਨਿਗਮ ਨੇ ਸੋਢਲ ਮੇਲਾ ਖੇਤਰ ਵਿਚ ਸੀਵਰ ਲਾਈਨਾਂ ਤੇ ਰੋਡ ਗਲੀਆਂ ਦੀ ਸਫਾਈ ਵੀ ਨਹੀਂ ਕਰਵਾਈ ਹੈ, ਇਸ ਲਈ ਜੇ ਮੇਲੇ ਦੇ ਦਿਨਾਂ ਵਿਚ ਵਰਖਾ ਹੁੰਦੀ ਹੈ ਤਾਂ ਪੂਰੇ ਖੇਤਰ ਦੀਆਂ ਸੜਕਾਂ ਕਈ-ਕਈ ਫੁੱਟ ਪਾਣੀ ਵਿਚ ਡੁੱਬ ਜਾਣਗੀਆਂ। ਹੁਣ ਸੋਢਲ ਮੇਲੇ ਦੇ ਚੈਲੰਜ ਨੂੰ ਨਿਗਮ ਕਿਵੇਂ ਪਾਰ ਕਰਦਾ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ।