ਕਾਂਗਰਸ-ਆਪ ਗਠਜੋੜ ਦੇ ਰਾਹ ''ਚ 5 ਵੱਡੀਆਂ ਰੁਕਾਵਟਾਂ

Friday, Mar 08, 2019 - 10:06 AM (IST)

ਕਾਂਗਰਸ-ਆਪ ਗਠਜੋੜ ਦੇ ਰਾਹ ''ਚ 5 ਵੱਡੀਆਂ ਰੁਕਾਵਟਾਂ

ਜਲੰਧਰ (ਚੋਪੜਾ) : 'ਮਿਸ਼ਨ 2019' ਨੂੰ ਸਫਲ ਬਣਾਉਣ ਦੀ ਕਵਾਇਦ 'ਚ ਹਰ ਪਾਰਟੀ ਜ਼ੋਰ-ਸ਼ੋਰ ਨਾਲ ਸਰਗਰਮ ਹੈ। ਇਸ ਲੜੀ ਅਧੀਨ ਹਰ ਛੋਟੀ ਵੱਡੀ ਪਾਰਟੀ ਗਠਜੋੜ ਦੇ ਰਾਹ 'ਤੇ ਚੱਲ ਕੇ ਚੋਣਾਂ 'ਚ ਆਪਣੀ ਸਥਿਤੀ ਮਜ਼ਬੂਤ ਬਣਾਉਣਾ ਚਾਹੁੰਦੀ ਹੈ ਪਰ ਲੋਕ ਸਭਾ ਦੀਆਂ ਚੋਣਾਂ 'ਚ ਕਾਂਗਰਸ ਅਤੇ 'ਆਪ' ਨਾਲ ਗਠਜੋੜ ਨੂੰ ਲੈ ਕੇ ਲਗਾਤਾਰ ਬਣੀ ਖਿੱਚੋਤਾਣ ਕਾਰਨ ਪਿਛਲੇ 2 ਮਹੀਨਿਆਂ 'ਚ ਦੋਹਾਂ ਪਾਰਟੀਆਂ ਦਰਮਿਆਨ 6 ਮਾਰਚ ਨੂੰ ਹੋਈ ਬੈਠਕ 'ਚ ਗਠਜੋੜ ਨੂੰ ਅਮਲੀਜਾਮਾ ਪਹਿਨਾਏ ਜਾਣ ਦਾ ਤੀਜਾ ਯਤਨ ਵੀ ਫੇਲ ਹੋ ਗਿਆ। ਲਗਾਤਾਰ ਹੋਈਆਂ ਕੋਸ਼ਿਸ਼ਾਂ ਦੇ ਬਾਵਜੂਦ ਗਠਜੋੜ ਸਿਰੇ ਨਾ ਚੜ੍ਹਨ ਦੇ ਵੱਖ-ਵੱਖ ਕਾਰਨ ਦੱਸੇ ਜਾ ਰਹੇ ਹਨ। ਕਾਂਗਰਸ ਅਤੇ 'ਆਪ' ਦੋਹਾਂ ਪਾਰਟੀਆਂ 'ਚ ਕੁਝ ਅਜਿਹੇ ਗਰੁੱਪ ਸਨ ਜੋ ਉਕਤ ਪਾਰਟੀਆਂ ਦਰਮਿਆਨ ਗਠਜੋੜ ਦੇ ਹਮਾਇਤੀ ਨਹੀਂ ਸਨ। ਦੋਹਾਂ ਪਾਰਟੀਆਂ ਦੇ ਕੁਝ ਸੀਨੀਅਰ ਆਗੂਆਂ ਵਲੋਂ ਆਪਣੀਆਂ-ਆਪਣੀਆਂ ਪਾਰਟੀਆਂ ਦੀ ਚੋਟੀ ਦੀ ਲੀਡਰਸ਼ਿਪ ਨੂੰ ਇਸ ਸਬੰਧੀ ਜਾਣੂ ਕਰਵਾਇਆ ਗਿਆ ਸੀ। ਉਸ ਤੋਂ ਬਾਅਦ ਵੀ ਗੱਲਬਾਤ ਦਾ ਸਿਲਸਿਲਾ ਤਾਂ ਜਾਰੀ ਰਿਹਾ ਪਰ ਕਦੇ ਦਿੱਲੀ-ਪੰਜਾਬ 'ਚ ਸੀਟਾਂ ਦੀ ਵੰਡ ਅਤੇ ਕਦੇ ਸੂਬਾਈ ਇਕਾਈ ਦੇ ਵਿਰੋਧ ਕਾਰਨ ਗਠਜੋੜ ਤੋਂ ਦੋਹਾਂ ਪਾਰਟੀਆਂ ਨੂੰ ਪਿੱਛੇ ਹਟਣਾ ਪਿਆ। ਪਾਰਟੀ ਵਲੋਂ ਇਸ ਸਬੰਧੀ ਅਧਿਕਾਰਤ ਤੌਰ 'ਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਪਰ ਗਠਜੋੜ ਨੂੰ ਲੈ ਕੇ 5 ਅਜਿਹੀਆਂ ਮੁੱਖ ਰੁਕਾਵਟਾਂ ਹਨ, ਜਿਨ੍ਹਾਂ ਕਾਰਨ ਦੋਹਾਂ ਪਾਰਟੀਆਂ 'ਚ ਗਠਜੋੜ ਬਾਰੇ ਸਹਿਮਤੀ ਨਹੀਂ ਬਣ ਸਕੀ। 

1. ਸ਼ੀਲਾ ਦੀਕਸ਼ਿਤ ਸਮੇਤ ਦਿੱਲੀ ਪ੍ਰਦੇਸ਼ ਕਾਂਗਰਸ ਦੇ ਆਗੂਆਂ ਦਾ ਇਤਰਾਜ਼
ਦਿੱਲੀ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਸ਼ੀਲਾ ਦੀਕਸ਼ਿਤ ਅਤੇ ਸੂਬਾਈ ਇਕਾਈ ਦੇ ਕਈ ਅਜਿਹੇ ਨੇਤਾ 'ਆਪ' ਨਾਲ ਗਠਜੋੜ ਦਾ ਵਿਰੋਧ ਪ੍ਰਗਟ ਕਰ ਰਹੇ ਹਨ। ਉਕਤ ਆਗੂਆਂ ਨੇ ਰਾਹੁਲ ਸਮੇਤ ਹਾਈ ਕਮਾਨ 'ਤੇ ਦਬਾਅ ਵੀ ਰਣਨੀਤੀ ਬਣਾਈ ਰੱਖੀ, ਜਿਸ ਕਾਰਨ ਤੀਜੀ ਬੈਠਕ 'ਚ ਦੋਹਾਂ ਪਾਰਟੀਆਂ 'ਚ ਗਠਜੋੜ 'ਤੇ ਸਰਬਸੰਮਤੀ ਨਹੀਂ ਬਣ ਸਕੀ। ਦਿੱਲੀ ਕਾਂਗਰਸ ਦੇ ਆਗੂਆਂ ਦਾ ਕਹਿਣਾ ਹੈ ਕਿ ਜੇ 'ਆਪ' ਨਾਲ ਸਮਝੌਤਾ ਹੋਇਆ ਤਾਂ ਕਾਂਗਰਸ ਦਾ ਰਵਾਇਤੀ ਵੋਟ ਬੈਂਕ ਕਾਂਗਰਸ ਤੋਂ ਦੂਰ ਹੋ ਜਾਵੇਗਾ।

2. ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਅਤੇ ਪੰਜਾਬ 'ਚ ਸੀਟਾਂ ਦੀ ਵੰਡ 'ਤੇ ਵਿਵਾਦ
'ਆਪ' ਨਾਲ ਗਠਜੋੜ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਨਕਾਰ ਚੁੱਕੇ ਹਨ। ਦੂਜੇ ਪਾਸੇ ਸੂਬੇ 'ਚ ਸੀਟਾਂ ਦੀ ਵੰਡ ਨੂੰ ਲੈ ਕੇ ਉੱਠਿਆ ਵਿਵਾਦ ਵੀ ਇਕ ਵੱਡਾ ਕਾਰਨ ਸਾਬਤ ਹੋਇਆ। ਦਿੱਲੀ ਦੇ 3-3-1 ਦੇ ਫਾਰਮੂਲੇ ਵਾਂਗ 'ਆਪ' ਪੰਜਾਬ 'ਚ ਵੀ 6-6-1 ਦੇ ਫਾਰਮੂਲੇ 'ਤੇ ਸੀਟਾਂ ਦੀ ਵੰਡ ਚਾਹੁੰਦੀ ਹੈ ਪਰ ਪੰਜਾਬ 'ਚ ਕਾਂਗਰਸ ਦੀ ਹਾਲਤ ਮਜ਼ਬੂਤ ਹੋਣ ਕਾਰਨ ਮੁੱਖ ਮੰਤਰੀ ਸਮੇਤ ਸੀਨੀਅਰ ਨੇਤਾ ਕਿਸੇ ਪਾਰਟੀ ਨਾਲ ਗਠਜੋੜ ਕਰਨ ਦੀ ਬਜਾਏ ਇਕੱਲੇ ਹੀ ਚੋਣਾਂ ਲੜਨ ਦੇ ਹੱਕ 'ਚ ਹਨ। ਇਸ ਲਈ ਗਠਜੋੜ ਨੂੰ ਲੈ ਕੇ ਦੋਹਾਂ ਪਾਰਟੀਆਂ 'ਚ ਸਹਿਮਤੀ ਨਹੀਂ ਬਣ ਰਹੀ।

3. ਰਾਜੀਵ ਗਾਂਧੀ ਕੋਲੋਂ ਭਾਰਤ ਰਤਨ ਵਾਪਸ ਲੈਣ ਦੇ ਪ੍ਰਸਤਾਵ ਨੇ ਪਾਇਆ ਅੜਿੱਕਾ 
ਦਿੱਲੀ ਵਿਧਾਨ ਸਭਾ 'ਚ ਦੋ ਮਹੀਨੇ ਪਹਿਲਾਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ  ਦੀ ਮੰਗ ਵਾਲਾ ਇਕ ਪ੍ਰਸਤਾਵ ਆਇਆ ਹੈ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਮਰਨ ਪਿੱਛੋਂ ਮਿਲੇ ਭਾਰਤ ਰਤਨ ਨੂੰ ਵਾਪਸ ਲਏ ਜਾਣ ਦਾ ਪ੍ਰਸਤਾਵ ਦਿੱਲੀ ਵਿਧਾਨ ਸਭਾ 'ਚ ਪਾਸ ਹੋ ਗਿਆ ਪਰ ਆਮ ਆਦਮੀ ਪਾਰਟੀ ਨੇ ਬਾਅਦ 'ਚ ਅਸੈਂਬਲੀ ਤੋਂ ਬਾਹਰ ਐਲਾਨ ਕੀਤਾ ਕਿ ਪ੍ਰਸਤਾਵ 'ਚ ਤਕਨੀਕੀ ਨੁਕਸ ਸੀ, ਜਿਸ ਕਾਰਨ ਰਾਜੀਵ 'ਤੇ ਲਿਆਂਦੀ ਗਈ ਸੋਧ ਪਾਸ ਨਹੀਂ ਹੋ ਸਕੀ। ਇਸ ਨੂੰ ਧਿਆਨ 'ਚ ਰੱਖ ਕੇ ਵੀ ਕਾਂਗਰਸ ਦੇ ਕੁਝ ਸੀਨੀਅਰ ਨੇਤਾ ਗਠਜੋੜ 'ਤੇ 'ਆਪ' ਨੂੰ ਵਧੇਰੇ ਅਹਿਮੀਅਤ ਦੇਣ ਦੇ ਮੂਡ 'ਚ ਨਜ਼ਰ ਨਹੀਂ ਆ ਰਹੇ। ਇਸ ਪ੍ਰਸਤਾਵ ਨੇ ਵੀ ਗਠਜੋੜ ਦੇ ਰਾਹ 'ਚ ਰੋੜੇ ਅਟਕਾਏ।

4. ਦਿੱਲੀ 'ਚ ਸੀਟਾਂ ਦੀ ਵੰਡ 'ਤੇ ਵੀ ਨਹੀਂ ਬਣੀ ਸਹਿਮਤੀ 
ਲੋਕ ਸਭਾ ਦੀਆਂ ਚੋਣਾਂ 'ਚ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਦਿੱਲੀ 'ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਰਮਿਆਨ ਸਹਿਮਤੀ ਨਹੀਂ ਬਣ ਸਕੀ। ਸੀਟਾਂ ਦੀ ਵੰਡ ਨੂੰ ਲੈ ਕੇ ਦੋਹਾਂ ਪਾਰਟੀਆਂ 'ਚ ਵੱਡੇ ਮਤਭੇਦ ਰਹੇ ਦਿੱਲੀ 'ਚ ਯਮੁਨਾ ਪਾਰ ਦੀਆਂ ਦੋ ਲੋਕ ਸਭਾ ਸੀਟਾਂ 'ਤੇ ਕਾਂਗਰਸ ਦਾ ਵਧੀਆ ਪ੍ਰਭਾਵ ਹੈ। ਇਨ੍ਹਾਂ 'ਚੋਂ ਇਕ ਸੀਟ 'ਤੇ ਕਾਂਗਰਸ ਆਪਣਾ ਉਮੀਦਵਾਰ ਖੜ੍ਹਾ ਕਰਨਾ ਚਾਹੁੰਦੀ ਜਦਕਿ 'ਆਪ' ਪਹਿਲਾਂ ਤੋਂ ਹੀ ਦੋਹਾਂ ਸੀਟਾਂ 'ਤੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ। ਉਕਤ ਉਮੀਦਵਾਰਾਂ ਨੇ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

5. ਸੰਸਦ ਮੈਂਬਰ ਭਗਵੰਤ ਮਾਨ ਸਮੇਤ ਕਈ ਨੇਤਾ ਗਠਜੋੜ ਦੇ ਵਿਰੋਧੀ
ਆਮ ਆਦਮੀ ਪਾਰਟੀ ਅੰਦਰ ਵੀ ਇਕ ਧੜਾ ਅਜਿਹਾ ਹੈ, ਜੋ ਕਾਂਗਰਸ ਨਾਲ ਗਠਜੋੜ ਨੂੰ ਲੈ ਕੇ ਖੁਸ਼ ਨਹੀਂ ਪੰਜਾਬ ਤੋਂ ਸੰਸਦ ਮੈਂਬਰ ਭਗਵੰਤ ਮਾਨ ਸਮੇਤ ਵੱਖ-ਵੱਖ ਆਗੂਆਂ ਨੇ ਕਈ ਵਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਪਣੀ ਰਾਇ ਦਿੱਤੀ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਜੇ ਆਮ ਆਦਮੀ ਪਾਰਟੀ ਕਾਂਗਰਸ ਨਾਲ ਗਠਜੋੜ ਕਰਦੀ ਹੈ ਤਾਂ ਲੋਕਾਂ ਅੰਦਰ ਗਲਤ ਸੰਦੇਸ਼ ਜਾਵੇਗਾ ਕਿਉਂਕਿ 'ਆਪ' ਜਦੋਂ ਹੋਂਦ 'ਚ ਆਈ ਸੀ ਤਾਂ ਉਸ ਨੇ ਸਭ ਤੋਂ ਪਹਿਲਾਂ ਕਾਂਗਰਸ ਦੀਆਂ ਨੀਤੀਆਂ ਦੀ ਹੀ ਵਿਰੋਧਤਾ ਕੀਤੀ ਸੀ। 

ਗਠਜੋੜ ਲਈ ਇਨਕਾਰ ਤੋਂ  ਬਾਅਦ ਵੀ ਉਮੀਦ ਖਤਮ ਨਹੀਂ ਹੋਈ : ਗੋਪਾਲ ਰਾਏ
ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਗੋਪਾਲ ਰਾਏ ਦਾ ਕਹਿਣਾ ਹੈ ਕਿ ਕਾਂਗਰਸ ਵਲੋਂ 3 ਵਾਰ ਗਠਜੋੜ ਤੋਂ ਨਾ ਕਰਨ ਦੇ ਬਾਵਜੂਦ ਅਜੇ ਵੀ ਉਮੀਦ ਖਤਮ ਨਹੀਂ ਹੋਈ। ਉਨ੍ਹਾਂ ਕਿਹਾ ਕਿ ਗਠਜੋੜ ਹੋਵੇਗਾ ਜਾਂ ਨਹੀਂ ਇਸ ਬਾਰੇ ਅਜੇ ਕੁਝ ਵੀ ਕਹਿਣਾ ਜਲਦਬਾਜ਼ੀ ਨਹੀਂ। ਕਾਂਗਰਸ ਨਾਲ ਗਠਜੋੜ ਦੇਸ਼ ਦੇ ਹਿੱਤਾਂ 'ਚ ਕਰਨਾ ਚਾਹੁੰਦੇ ਹਾਂ। ਮਹਾਗਠਜੋੜ 'ਚ ਸ਼ਾਮਲ ਪਾਰਟੀਆਂ ਦਾ ਫੈਸਲਾ ਸੀ ਕਿ ਨਰਿੰਦਰ ਮੋਦੀ ਅਤੇ ਭਾਜਪਾ ਵਿਰੁੱਧ ਲੋਕ ਸਭਾ ਦੀਆਂ ਚੋਣਾਂ ਦੀ ਜੰਗ ਦੌਰਾਨ ਵਿਰੋਧੀ ਪਾਰਟੀ ਵਿਚਾਲੇ ਵੋਟਾਂ ਦੀ ਵੰਡ ਨਾ ਹੋਵੇ। ਜਿਹੜੀ ਪਾਰਟੀ ਜਿੱਥੇ ਮਜ਼ਬੂਤ ਹੈ, ਉਹ ਉਥੇ ਹੋਰਨਾਂ ਪਾਰਟੀਆਂ ਨਾਲ ਮਿਲ ਕੇ ਚੋਣਾਂ ਲੜੇ ਪਾਰਟੀ ਦੇ ਇਕ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਕਾਂਗਰਸ ਨਾਲ ਗਠਜੋੜ ਦੇ ਦਰਵਾਜ਼ੇ ਅਜੇ ਪੂਰੀ ਤਰ੍ਹਾਂ ਬੰਦ ਨਹੀ ਹੋਏ। ਦੇਸ਼ ਹਿੱਤਾਂ 'ਚ ਜੇ ਲੋੜ ਪਈ ਅਤੇ ਕਿਸੇ ਇਕ ਫਾਰਮੂਲੇ 'ਤੇ ਗੱਲ ਬਣੀ ਤਾਂ ਇਹ ਗਠਜੋੜ ਸੰਭਵ ਹੈ। ਆਗੂ ਦਾ ਕਹਿਣਾ ਸੀ ਕਿ ਜੋ ਵੀ ਫਾਰਮੂਲਾ ਬਣੇਗਾ, ਨੂੰ ਦਿੱਲੀ ਦੇ ਨਾਲ ਹੀ ਪੰਜਾਬ 'ਚ ਵੀ ਲਾਗੂ ਕੀਤਾ ਜਾਵੇਗਾ। ਦਿੱਲੀ ਦੇ ਨਾਲ ਪੰਜਾਬ 'ਚ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਦੋਹਾਂ ਪਾਰਟੀਆਂ 'ਚ ਸਹਿਮਤੀ ਨਹੀਂ ਹੈ। ਪਾਰਟੀ ਦਾ ਕਹਿਣਾ ਹੈ ਕਿ ਫਿਲਹਾਲ ਸੀਟਾਂ ਦੀ ਵੰਡ ਬਾਰੇ ਕਾਂਗਰਸ ਨਾਲ ਕੋਈ ਗੱਲਬਾਤ ਨਹੀਂ ਹੋਈ।
 


author

Baljeet Kaur

Content Editor

Related News