ਸਾਲੀ ਨੂੰ ਘਰ ਨੂੰ ਛੱਡਣ ਜਾ ਰਹੇ ਕੈਮੀਕਲ ਇੰਜੀਨੀਅਰ ਨਾਲ ਵਾਪਰਿਆ ਭਾਣਾ, ਦਰਦਨਾਕ ਮੌਤ
Monday, Nov 09, 2020 - 09:33 AM (IST)
ਜਲੰਧਰ(ਵਰੁਣ): ਪਠਾਨਕੋਟ ਚੌਕ ਤੋਂ ਕੁਝ ਦੂਰੀ 'ਤੇ ਇਕ ਤੇਜ਼ ਰਫ਼ਤਾਰ ਟਰੱਕ ਨੇ 33 ਸਾਲਾ ਕੈਮੀਕਲ ਇੰਜੀਨੀਅਰ ਨੂੰ ਕੁਚਲ ਦਿੱਤਾ। ਇਸ ਹਾਦਸੇ 'ਚ ਕੈਮੀਕਲ ਇੰਜੀਨੀਅਰ ਦੀ ਮੌਤ ਹੋ ਗਈ, ਜਦਕਿ ਉਸ ਦੇ ਮੋਟਰਸਾਈਕਲ ਦੇ ਪਿਛਲੇ ਪਾਸੇ ਬੈਠੀ ਸਾਲੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਮ੍ਰਿਤਕ ਆਪਣੀ ਸਾਲੀ ਨੂੰ ਪੀ. ਏ. ਪੀ. ਚੌਕ 'ਚ ਛੱਡਣ ਜਾ ਰਿਹਾ ਸੀ। ਮ੍ਰਿਤਕ ਕੈਮੀਕਲ ਇੰਜੀਨੀਅਰ ਦੀ ਪਛਾਣ ਪੰਜਾਬੀ ਬਾਗ ਵਾਸੀ ਅਨੁਰਾਗ ਸ਼ਰਮਾ (33) ਪੁੱਤਰ ਸੋਹਣ ਲਾਲ ਵਜੋਂ ਹੋਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੜਕ ਖ਼ਰਾਬ ਹੋਣ ਕਾਰਣ ਅਨੁਰਾਗ ਦਾ ਮੋਟਰਸਾਈਕਲ ਸਲਿੱਪ ਕਰ ਗਿਆ ਅਤੇ ਉਹ ਟਰੱਕ ਦੀ ਲਪੇਟ 'ਚ ਆ ਗਏ। ਥਾਣਾ ਨੰਬਰ 8 ਦੀ ਪੁਲਸ ਨੇ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ ਹੈ।
ਇਹ ਵੀ ਪੜ੍ਹੋ : ਫਿਲੀਪੀਨ ਦੇ ਨੰਬਰ ਤੋਂ ਸ਼ਿਵ ਸੈਨਾ ਨੇਤਾ ਨੂੰ 10ਵੀਂ ਵਾਰ ਮਿਲੀ ਜਾਨ ਤੋਂ ਮਾਰਨ ਦੀ ਧਮਕੀ
ਏ. ਐੱਸ. ਆਈ. ਪ੍ਰੇਮ ਸਹੋਤਾ ਨੇ ਦੱਸਿਆ ਕਿ ਅਨੁਰਾਗ ਸ਼ਰਮਾ ਦੇ ਘਰ ਉਸ ਦੀ ਪਟਿਆਲਾ ਵਿਚ ਰਹਿੰਦੀ ਸਾਲੀ ਮਨਪ੍ਰੀਤ ਆਈ ਹੋਈ ਸੀ। ਐਤਵਾਰ ਸ਼ਾਮੀਂ ਮਨਪ੍ਰੀਤ ਨੇ ਵਾਪਸ ਪਟਿਆਲਾ ਜਾਣਾ ਸੀ, ਜਿਸ ਨੂੰ ਪੀ. ਏ. ਪੀ. ਚੌਕ 'ਚ ਛੱਡਣ ਲਈ ਅਨੁਰਾਗ ਆਪਣੇ ਮੋਟਰਸਾਈਕਲ 'ਤੇ ਜਾ ਰਿਹਾ ਸੀ ਤਾਂ ਪਠਾਨਕੋਟ ਚੌਕ ਨੇੜੇ ਪਿੱਛਿਓਂ ਆਏ ਇਕ ਤੇਜ਼ ਰਫ਼ਤਾਰ ਟਰੱਕ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਅਨੁਰਾਗ ਸ਼ਰਮਾ ਅਤੇ ਮਨਪ੍ਰੀਤ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਦੋਵਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਅਨੁਰਾਗ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਅਨੁਰਾਗ ਦੀ ਸਾਲੀ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ। ਟਰੱਕ ਡਰਾਈਵਰ ਆਦਿਲ ਅਹਿਮਦ ਵਾਸੀ ਜੰਮੂ ਨੂੰ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ, ਜਿਸ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਮੋਦੀ ਖ਼ਾਨੇ ਦਾ ਵਿਰੋਧ ਕਰਨ ਵਾਲੀ ਡਾਕਟਰ ਗੁਰਪ੍ਰੀਤ ਦੀ ਭੇਤਭਰੀ ਹਾਲਤ 'ਚ ਮੌਤ
ਥਾਣਾ ਨੰਬਰ 8 ਦੇ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਅਨੁਰਾਗ ਸ਼ਰਮਾ ਦਾ ਭਰਾ ਅਮਨਦੀਪ ਸ਼ਰਮਾ ਉਸ ਦੇ ਪਿੱਛੇ ਹੀ ਆ ਰਿਹਾ ਸੀ, ਜਿਸ ਦੇ ਬਿਆਨਾਂ 'ਤੇ ਟਰੱਕ ਡਰਾਈਵਰ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਹੈ। ਅਨੁਰਾਗ ਸ਼ਰਮਾ ਇਕ ਫੈਕਟਰੀ 'ਚ ਕੈਮੀਕਲ ਇੰਜੀਨੀਅਰ ਵਜੋਂ ਨੌਕਰੀ ਕਰਦਾ ਸੀ।