ਸੰਭਾਵਿਤ ਹਾਦਸੇ ਵਾਲੇ 21 ਐਕਸੀਡੈਂਟ ਜ਼ੋਨਾਂ ਨੂੰ ਜਲਦ ਬੰਦ ਕਰਵਾਇਆ ਜਾਵੇਗਾ : ਡੀ. ਸੀ.
Friday, Nov 29, 2019 - 01:26 PM (IST)

ਜਲੰਧਰ (ਚੋਪੜਾ) - ਪੁਲਸ ਅਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ ਇਨਸਾਨੀ ਜੀਵਨ ਨੂੰ ਬਚਾਉਣ ਲਈ ਸ਼ਹਿਰ ’ਚ 21 ਸੰਵੇਦਨਸ਼ੀਲ ਐਕਸੀਡੈਂਟ ਜ਼ੋਨਾਂ ਨੂੰ ਤੁਰੰਤ ਬੰਦ ਕਰਵਾਉਣ । ਉਕਤ ਨਿਰਦੇਸ਼ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲਾ ਸੜਕ ਸੁਰੱਖਿਆ ਸਮਿਤੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਦਿੱਤੇ ਹਨ। ਵਰਿੰਦਰ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਐਕਸੀਡੈਂਟ ਜ਼ੋਨਾਂ ਦੀ ਪੂਰਨ ਰਿਪੋਰਟ ਜਲਦ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਅਤੇ ਪੁਲਸ ਵਿਭਾਗ ਨੂੰ ਭੇਜੀ ਜਾਵੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਜਲਦੀ ਤੋਂ ਜਲਦੀ ਇਸ ਮਾਮਲੇ ਦਾ ਹੱਲ ਕੱਢਿਆ ਜਾਵੇ ਅਤੇ ਉਨ੍ਹਾਂ ਵਲੋਂ ਇਸ ਮਾਮਲੇ ਨੂੰ ਸਮਰੱਥ ਅਧਿਕਾਰੀਆਂ ਕੋਲ ਚੁੱਕਿਆ ਜਾਵੇਗਾ।
ਡੀ.ਸੀ. ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਯਾਤਰੀਆਂ ਦੀ ਸੁਵਿਧਾ ਲਈ ਰਾਸ਼ਟਰੀ ਰਾਜ ਮਾਰਗ ’ਤੇ ਸੜਕਾਂ ਦੀ ਮੁਰੰਮਤ ਲਈ ਕਿਹਾ ਜਾਏਗਾ, ਜਿਸ ਦੇ ਸਬੰਧਤੀ ਜ਼ਰੂਰੀ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਇਕ ਹੋਰ ਮਾਮਲੇ ’ਤੇ ਡੀ.ਸੀ. ਨੇ ਸੈਕਰੇਟਰੀ ਰੀਜਨਲ ਟਰਾਂਸਪੋਰਟ ਅਥਾਰਟੀ ਅਤੇ ਟ੍ਰੈਫਿਕ ਪੁਲਸ ਨੂੰ ਕਿਹਾ ਕਿ ਸ਼ਹਿਰ ’ਚ ਓਵਰਲੋਡਿਡ ਵਾਹਨਾਂ ’ਤੇ ਵੱਡੀ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਨੂੰ ਸਖ਼ਤੀ ਨਾਲ ਪੂਰੀ ਕਰਨ ਦੀ ਲੋੜ ਹੈ, ਜਿਸ ਨਾਲ ਸ਼ਹਿਰ ’ਚ ਵਾਹਨਾਂ ਦੀਆਂ ਵੱਡੀਆਂ ਕਤਾਰਾਂ ਨੂੰ ਲੱਗਣ ਤੋਂ ਰੋਕਿਆ ਜਾ ਸਕਦਾ ਹੈ। ਵਰਿੰਦਰ ਸ਼ਰਮਾ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਡਰਾਈਵਰਾਂ ਅਤੇ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਲਈ ਵੀ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵੀ ਕਿਹਾ ਕਿ ਸੜਕਾਂ ਖਾਸ ਕਰ ਮੁੱਖ ਸੜਕਾਂ ’ਤੇ ਅਸਥਾਈ ਅਤੇ ਨਾਜਾਇਜ਼ ਕਬਜ਼ਿਆਂ ਨੂੰ ਜਲਦ ਤੋਂ ਜਲਦ ਹਟਾਵੇ।
21 ਐਕਸੀਡੈਂਟ ਜ਼ੋਨ ਕੀਤੇ ਮਾਰਕ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਹੜੇ 21 ਸਥਾਨਾਂ ਨੂੰ ਐਕਸੀਡੈਂਟ ਜ਼ੋਨ ਮਾਰਕ ਕੀਤਾ ਗਿਆ, ਉਨ੍ਹਾਂ ਵਿਚੋਂ ਫੇਅਰ ਫਾਰਮ ਰਿਜ਼ਾਰਟ, ਪੁਲ ਥੱਲੇ ਵੇਰਕਾ ਮਿਲਕ ਪਲਾਂਟ, ਵਾਈ ਪੁਆਇੰਟ ਭਗਤ ਸਿੰਘ ਕਾਲੋਨੀ, ਟੀ-ਪੁਆਇੰਟ ਹਿਲ ਵਿਊ ਕਾਲੀਆ ਕਾਲੋਨੀ, ਪੁਲਸ ਸਟੇਸ਼ਨ 8 ਥੱਲੇ ਬੂਟਾ ਸਿੰਘ ਬਿਲਡਿੰਗ ਮਟੀਰੀਅਲ ਸਟੋਰ, ਪਠਾਨਕੋਟ ਚੌਕ, ਲੰਬਾ ਪਿੰਡ ਚੌਕ, ਟੀ-ਪੁਆਇੰਟ ਸੁੱਚੀ ਪਿੰਡ ਚੌਕ ਸਾਹਮਣੇ ਜੇ. ਸੀ. ਰਿਜ਼ਾਰਟ, ਪੀ. ਏ. ਪੀ. ਚੌਕ, ਰਾਮਾਮੰਡੀ ਚੌਕ, ਬੜਿੰਗ ਗੇਟ, ਦਕੋਹਾ ਫਾਟਕ, ਮੋਦੀ ਰਿਜ਼ਾਰਟ, ਧੰਨੋਵਾਲੀ ਰੋਡ, ਗੜ੍ਹਾ ਰੋਡ ਸਾਹਮਣੇ ਜਵਾਹਰ ਨਗਰ ਬੱਸ ਸਟੈਂਡ, ਚੁਨਮੁਨ ਚੌਕ, ਅਵਤਾਰ ਨਗਰ, ਜੋਤੀ ਚੌਕ, ਸ਼ੀਤਲ ਨਗਰ ਮਕਸੂਦਾਂ, ਟੈਗੋਰ ਹਸਪਤਾਲ, ਟੀ- ਪੁਆਇੰਟ ਜ਼ਿੰਦਾ ਰੋਡ ਅਤੇ ਰੇਰੂ ਸ਼ਾਮਲ ਹਨ।