ਜਲਾਲਪੁਰ ਦੇ ਪੀੜਤ ਪਰਿਵਾਰ ਨੂੰ ਪੰਜਾਬ ਸਰਕਾਰ ਇੱਕ ਕਰੋੜ ਦਾ ਮੁਆਵਜ਼ਾ ਦੇਵੇ : ਸਿਮਰਜੀਤ ਬੈਂਸ

10/27/2020 6:48:11 PM

ਟਾਂਡਾ ਉੜਮੁੜ,(ਮੋਮੀ, ਪੰਡਿਤ) : ਲੋਕ ਇਨਸਾਫ ਪਾਰਟੀ ਦੇ ਕੌਮੀ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਜਲਾਲਪੁਰ 'ਚ ਦਰਿੰਦਗੀ ਦਾ ਸ਼ਿਕਾਰ ਹੋਈ 6 ਸਾਲਾ ਪੀੜਤ ਬੱਚੀ ਦੇ ਪਰਿਵਾਰ ਨੂੰ ਅੱਜ ਮਿਲ ਕੇ ਹਮਦਰਦੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਪੀੜਤ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਇਨਸਾਫ਼ ਪਾਰਟੀ ਦੇ ਰਹਿਨੁਮਾ ਤੇ ਵਿਧਾਇਕ ਬੈਂਸ ਨੇ ਇਸ ਅਣਹੋਣੀ ਘਟਨਾ ਨੂੰ ਸਮਾਜ ਦੇ ਮੱਥੇ 'ਤੇ ਕਲੰਕ ਕਰਾਰ ਦਿੰਦੇ ਹੋਏ ਸਖ਼ਤ ਸ਼ਬਦਾਂ 'ਚ ਨਿੰਦਿਆ ਕੀਤੀ ਅਤੇ ਇਸ ਘਿਨੌਣੇ ਅਪਰਾਧ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਇਸ ਮੌਕੇ ਕਿਹਾ ਕਿ ਸੂਬੇ ਅੰਦਰ ਇਸ ਸਮੇਂ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ ਨਿੱਤ ਦਿਹਾੜੇ ਹੀ ਪੰਜਾਬ ਵਿੱਚ ਬਲਾਤਕਾਰ ਕਤਲ, ਲੁੱਟਾਂ-ਖੋਹਾਂ ਦੀਆਂ ਅਪਰਾਧਿਕ ਘਟਨਾਵਾਂ ਵਾਪਰ ਰਹੀਆਂ ਹਨ। ਇੱਥੋਂ ਤੱਕ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਹਲਕੇ ਵਿੱਚ ਵੀ ਉਨ੍ਹਾਂ ਦੇ ਪ੍ਰੋਗਰਾਮ ਉਪਰੰਤ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ। ਉਨ੍ਹਾਂ ਇਸ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਸੂਬੇ ਦਾ ਗ੍ਰਹਿ ਮੰਤਰਾਲਾ ਛੱਡ ਕੇ ਕਿਸੇ ਹੋਰ ਨੂੰ ਦੇ ਦੇਣ ਕਿਉਂਕਿ ਉਹ ਜ਼ਿੰਮੇਵਾਰੀ ਨਾਲ ਆਪਣੇ ਇਸ ਮੰਤਰਾਲੇ ਨਾਲ ਇਨਸਾਫ਼ ਨਹੀਂ ਕਰ ਰਹੇ। ਇਸ ਮੌਕੇ ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਪਰਿਵਾਰ ਦੀ ਹਰੇਕ ਤਰੀਕੇ ਨਾਲ ਮਦਦ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਮੈਂਬਰ ਪੀ. ਏ. ਸੀ. ਅਤੇ ਬੀ. ਸੀ. ਵਿੰਗ ਦੇ ਸੂਬਾ ਪ੍ਰਧਾਨ ਹਰਦੇਵ ਸਿੰਘ ਕੌਂਸਲ, ਜ਼ਿਲ੍ਹਾ ਪ੍ਰਧਾਨ ਜਗਵਿੰਦਰ ਸਿੰਘ ਰਾਮਗੜ੍ਹ, ਜ਼ਿਲ੍ਹਾ ਵਾਈਸ ਪ੍ਰਧਾਨ ਵਿਜੇ ਕੁਮਾਰ, ਗੁਰਿੰਦਰ ਸਿੰਘ ਬੋਦਲ, ਸੋਢੀ ਰਾਮ, ਪ੍ਰਦੀਪ ਸਿੰਘ, ਮੂਨਕਾਂ, ਰਾਜਾ ਸੁਖਵਿੰਦਰ ਸਿੰਘ, ਕਰਮਜੀਤ ਸਿੰਘ ਸਰਕਲ ਪ੍ਰਧਾਨ ਗੜ੍ਹਦੀਵਾਲ, ਮਨਰਾਜ ਸਿੰਘ ਲੁਧਿਆਣਾ, ਹਰਦੇਵ ਸਿੰਘ ਡਾਂਡੀਆ ਆਦਿ ਵੀ ਹਾਜ਼ਰ ਸਨ।


Deepak Kumar

Content Editor

Related News