ਜਲਾਲਪੁਰ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ 'ਆਪ' ਲੀਡਰ ਪੁਲਸ ਨੇ ਲਏ ਹਿਰਾਸਤ 'ਚ

Tuesday, Jun 02, 2020 - 06:01 PM (IST)

ਜਲਾਲਪੁਰ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ 'ਆਪ' ਲੀਡਰ ਪੁਲਸ ਨੇ ਲਏ ਹਿਰਾਸਤ 'ਚ

ਪਟਿਆਲਾ,ਘਨੌਰ,ਸਨੌਰ (ਮਨਦੀਪ ਜੋਸਨ): ਰਾਜਪੁਰਾ ਨੇੜੇ ਨਾਜਾਇਜ਼ ਤੌਰ 'ਤੇ ਚੱਲ ਰਹੀ ਸ਼ਰਾਬ ਫੈਕਟਰੀ ਦੇ ਮਾਮਲੇ ਵਿਚ ਰਹਿੰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਉਣ ਲਈ ਆਮ ਆਦਮੀ ਪਾਰਟੀ ਦੇ ਨੇਤਾ ਤੇ ਵਰਕਰ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਕੋਠੀ ਦਾ ਘਿਰਾਓ ਕਰਨ ਵਿਚ ਅਸਫਲ ਰਹੇ । ਇਨ੍ਹਾਂ ਆਪ ਨੇਤਾਵਾਂ ਤੇ ਵਰਕਰਾਂ ਨੂੰ ਬਹਾਦਰਗੜ੍ਹ ਵਿਖੇ ਹੀ ਹਲਕਾ ਸਨੌਰ ਦੇ ਡੀ.ਐੱਸ.ਪੀ. ਅਜੈਪਾਲ ਸਿੰਘ ਦੀ ਅਗਵਾਈ ਵਿਚ ਗ੍ਰਿਫਤਾਰ ਕਰ ਲਿਆ ਤੇ ਭੁਨਰਹੇੜੀ ਚੌਂਕੀ ਵਿਖੇ ਦੋ ਘੰਟੇ ਰੱਖਣ ਤੋ ਬਾਅਦ ਛੱਡ ਦਿੱਤਾ ਗਿਆ ।ਲਾਅ ਐਂਡ ਆਰਡਰ ਦੀ ਸਥਿਤੀ ਨੂੰ ਧਿਆਨ 'ਚ ਰੱਖਦਿਆਂ ਪੁਲਸ ਦੇ ਸਖਤ ਪਹਿਰੇ ਅੱਗੇ ਪ੍ਰਦਰਸ਼ਨਕਾਰੀ ਹਲਕਾ ਘਨੌਰ ਦੀਆਂ ਹੱਦਾਂ ਵੀ ਪਾਰ ਨਹੀਂ ਕਰ ਸਕੇ। ਵਿਧਾਇਕ ਜਲਾਲਪੁਰ ਦੀ ਕੋਠੀ ਤੋਂ ਕਈ ਕਿਲੋਮੀਟਰ ਦੂਰ ਹਲਕਾ ਸਨੌਰ ਦੇ ਕਸਬਾ ਬਹਾਦਰਗੜ੍ਹ ਵਿਖੇ ਸੋ ਦੇ ਕਰੀਬ ਪ੍ਰਦਰਸ਼ਨਕਾਰੀ ਜਿਉਂ ਹੀ ਤੁਰਨ ਲੱਗੇ ਤਾਂ ਹਲਕਾ ਸਨੌਰ ਦੇ ਡੀ.ਐੱਸ.ਪੀ. ਅਜੈਪਾਲ ਸਿੰਘ , ਸਨੌਰ ਠਾਣੇ ਦੇ ਐੱਸ.ਐੱਚ.ਓ. ਕਰਮਜੀਤ ਸਿੰਘ , ਸਦਰ ਠਾਣੇ ਦੇ ਐੱਸ.ਐੱਚ.ਓ. ਬਿਕਰ ਸਿੰਘ ਦੀ ਅਗਵਾਈ 'ਚ ਚਾਲੀ ਕੁ ਨੇਤਾਵਾਂ ਨੂੰ ਪੁਲਸ ਨੇ ਗ੍ਰਿਫਤਾਰ ਕਰਕੇ ਗੱਡੀਆਂ 'ਚ ਬਿਠਾ ਕੇ ਭੁਨਰਹੇੜੀ ਚੌਂਕੀ ਵਿਖੇ ਲੈ ਆਉਂਦਾ ਤੇ ਬਾਅਦ ਵਿਚ ਛੱਡ ਦਿੱਤਾ।

PunjabKesariਭੁਨਰਹੇੜੀ ਚੌਕੀ ਤੋਂ ਬਾਹਰ ਆਉਂਦੇ ਹੋਏ ਆਪ ਪਾਰਟੀ ਦੀ ਲੀਡਰਸ਼ਿਪ ਵਲੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਕਿਹਾ ਕਿ ਜਿਨ੍ਹਾਂ ਕਾਂਗਰਸੀ ਨੇਤਾਵਾਂ ਵਲੋਂ ਸ਼ਰਾਬ ਦਾ ਨਾਜਾਇਜ਼ ਕਾਰੋਬਾਰ ਕੀਤਾ ਜਾ ਰਿਹਾ ਸੀ, ਉਨ੍ਹਾਂ ਵਿਅਕਤੀਆਂ ਨੂੰ ਜਲਦੀ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।ਆਪ ਪਾਰਟੀ ਦੀ ਜ਼ਿਲ੍ਹਾ ਇੰਚਾਰਜ ਨੀਨਾ ਮਿੱਤਲ ,ਚੇਤਨ ਜੌੜੇਮਾਜਰਾ, ਕੁੰਦਨ ਗੋਗੀਆਂ, ਜਰਨੈਲ ਸਿੰਘ ਮਨੂੰ ਨੇ ਕਿਹਾ ਕਿ ਤਾਲਾਬੰਦੀ ਦੇ ਸਮੇਂ 'ਚ ਵਿਧਾਇਕ ਜਲਾਲਪੁਰ ਅਤੇ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਕੰਬੋਜ ਵੱਲੋਂ ਕਰੋੜਾਂ ਰੁਪਏ ਦੀ ਨਕਲੀ ਸ਼ਰਾਬ ਵੇਚ ਕੇ ਲੋਕਾਂ ਦੀ ਜਾਨ ਨਾਲ ਖਿਲਵਾੜ ਕੀਤਾ ਹੈ। ਜਿੱਥੇ ਕੋਰੋਨਾ ਵਾਇਰਸ ਦੀ ਮਹਾਮਾਰੀ ਕਰਕੇ ਪੰਜਾਬ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਰਾਸ਼ਨ ਤਾਂ ਕੀ ਦੇਣਾ ਸੀ, ਉਨ੍ਹਾਂ ਨੇ ਆਪਣੇ ਹਲਕੇ ਦੇ ਲੋਕਾਂ ਨੂੰ ਨਕਲੀ ਸ਼ਰਾਬ ਵੇਚ ਕੇ ਅਤੇ ਮਾਈਨਿੰਗ ਕਰਕੇ ਕਰੋੜਾਂ ਰੁਪਏ ਇਕੱਠੇ ਕੀਤੇ ਹਨ।

PunjabKesari

ਨੇਤਾਵਾਂ ਨੇ ਕਿਹਾ ਕਿ ਪੰਜਾਬ ਦੀ ਪੁਲਸ ਇਨ੍ਹਾਂ ਦੇ ਹੱਥਾਂ ਦੀ ਕਠਪੁਤਲੀ ਹੈ ਉਹ ਇਨਾਂ ਦੇ ਦੱਸੇ ਬਿਨਾ ਕੁਝ ਨਹੀ ਕਰ ਸਕਦੀ। ਨੇਤਾਵਾਂ ਨੇ ਕਿਹਾ ਕਿ ਅਕਾਲੀ ਤੇ ਕਾਂਗਰਸੀ ਦੋਨੋਂ ਹੀ ਇੱਕੋਂ ਹੀ ਥਾਲੀ ਦੇ ਚੱਟੇ ਵੱਟੇ ਹਨ। ਪੰਜਾਬ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਉਸ ਸਮੇਂ ਵੀ ਪੰਜਾਬ ਦੇ ਨੌਜਵਾਨਾਂ ਦੀ ਜਵਾਨੀ ਨਸ਼ੇ ਨੇ ਖਾ ਲਈ ਸੀ, ਹੁਣ ਪੰਜਾਬ ਵਿੱਚ ਕਾਂਗਰਸ਼ ਦੀ ਸਰਕਾਰ ਹੈ ਹੁਣ ਵੀ ਪੰਜਾਬ ਵਿੱਚ ਦੋ ਨੰਬਰ ਦਾ ਨਸ਼ਾ ਵੇਚਿਆਂ ਜਾ ਰਿਹਾ ਹੈ। ਇਸ ਮੌਕੇ ਤੇ ਨਾਭਾ ਇੰਚਾਰਜ ਦੇਵ ਮਾਨ ਸਿੰਘ, ਚੇਤਨ ਸਿੰਘ ਜੌੜੇਮਾਜਰਾ, ਡਾ. ਬਲਵੀਰ ਸਿੰਘ, ਜਰਨੈਲ ਸਿੰਘ ਮਨੂੰ, ਪ੍ਰੀਤੀ ਸਨੌਰ ਮਹਿਲਾ ਮੰਡਲ ਪ੍ਰਧਾਨ ਹਲਕਾ ਸਨੌਰ, ਜੋਨੀ ਫਤਿਹਪੁਰ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਆਪ ਪਾਰਟੀ ਦੇ ਵਰਕਰ ਹਾਜ਼ਰ ਸਨ।

PunjabKesari


author

Shyna

Content Editor

Related News