ਪਾਰਟੀ ਦੀ ਪਿੱਠ ''ਚ ਛੂਰਾ ਮਾਰਨ ਵਾਲੇ ਕੁਝ ਆਗੂ ਕਰ ਰਹੇ ਲੋਕਾਂ ਨੂੰ ਗੁੰਮਰਾਹ: ਘੁਬਾਇਆ
Monday, Aug 05, 2019 - 04:25 PM (IST)

ਜਲਾਲਾਬਾਦ (ਨਿਖੰਜ, ਸੇਤੀਆ) - ਫਿਰੋਜ਼ਪੁਰ ਤੋਂ ਸਾਬਕਾ ਸਾਂਸਦ ਸ਼ੇਰ ਸਿੰਘ ਘੁਬਾਇਆ ਨੇ ਵਰਕਰਾਂ ਨਾਲ ਮੀਟਿੰਗ ਕਰਕੇ ਇਲਾਕੇ ਭਰ ਦੇ ਕਾਂਗਰਸ ਪਾਰਟੀ ਦੇ ਵਰਕਰਾਂ, ਆਗੂਆਂ ਤੇ ਸਮਰਥਕਾਂ ਨੂੰ ਲੋਕ ਸਭਾ ਚੋਣਾਂ 'ਚ ਪਾਰਟੀ ਨੂੰ ਅੰਦਰੂਨੀ ਖੋਰਾਂ ਲਗਾਉਣ ਵਾਲੇ ਆਗੂਆਂ ਤੋਂ ਗੁਰੇਜ਼ ਕਰਨ ਲਈ ਕਿਹਾ ਹੈ। ਵਰਕਰ ਮੀਟਿੰਗ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾ ਹੋਈਆਂ ਲੋਕ ਸਭਾ ਚੋਣਾਂ 'ਚ ਕੁਝ ਕਾਂਗਰਸੀ ਆਗੂਆਂ ਨੇ ਅੰਦਰੂਨੀ ਖਾਤੇ ਵਿਰੋਧੀ ਪਾਰਟੀ ਦੇ ਉਮੀਦਵਾਰ ਦੇ ਹੱਕ 'ਚ ਚੋਣਾਂ ਪ੍ਰਚਾਰ ਕੀਤਾ ਹੈ। ਅੱਜ ਵੀ ਉਹ ਆਗੂ ਆਉਣ ਵਾਲਿਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਹਾਈਕਮਾਨ ਕੋਲ ਆਪਣੀ ਮਜਬੂਤ ਦਾਅਵੇਦਾਰੀ ਪੇਸ਼ ਕਰਨ 'ਚ ਲੱਗੇ ਹੋਏ ਹਨ। ਇਸ ਮੌਕੇ ਉਨ੍ਹਾਂ ਨਾਲ ਡਾ.ਬੀ.ਡੀ ਕਾਲੜਾ, ਗੁਲਸ਼ਨ ਲਾਲ ਗਾਬਾ, ਦਫਤਰ ਇੰਚਰਾਜ ਨੀਲਾ ਮਦਾਨ, ਬੀ.ਐੱਸ.ਭੁੱਲਰ, ਬਿੰਦਰ ਸਿੰਘ ਸਰਪੰਚ, ਚਰਨਜੀਤ ਸਿੰਘ ਆਦਿ ਤੋਂ ਇਲਾਵਾ ਹੋਰ ਆਹੁਦੇਦਾਰ ਵਰਕਰ ਹਾਜ਼ਰ ਸਨ।
ਘੁਬਾਇਆ ਨੇ ਕਿਹਾ ਕਿ ਉਪਰੋਕਤ ਆਗੂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਕਿ ਹਾਈਕਮਾਨ ਵਲੋਂ ਸਾਨੂੰ ਟਿਕਟ ਦਾ ਪੂਰਨ ਭਰੋਸਾ ਦਿੱਤਾ ਗਿਆ ਹੈ, ਜਦਕਿ ਪਾਰਟੀ ਹਾਈਕਮਾਨ ਵਲੋਂ ਕਿਸੇ ਨੂੰ ਟਿਕਟ ਦੇ ਸਬੰਧ 'ਚ ਕੋਈ ਭਰੋਸਾ ਨਹੀਂ ਦਿੱਤਾ ਗਿਆ। ਸਾਬਕਾ ਸਾਂਸਦ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਜੇਕਰ ਇਨ੍ਹਾਂ ਕਾਂਗਰਸੀ ਆਗੂਆਂ ਨੂੰ ਪਾਰਟੀ ਦੀ ਹਾਈਕਮਾਨ ਟਿਕਟ ਦਿੰਦੀ ਹੈ ਤਾਂ ਇਨ੍ਹਾਂ ਦੀ ਡੱਟ ਕੇ ਵਿਰੋਧਤਾ ਕੀਤੀ ਜਾਵੇਗੀ।