ਕਮਰੇ ਦੀ ਛੱਤ ਡਿੱਗਣ ਨਾਲ ਔਰਤ ਤੇ 4 ਬੱਚੇ ਹੇਠਾਂ ਦੱਬੇ, 3 ਜ਼ਖਮੀ
Wednesday, Aug 07, 2019 - 06:06 PM (IST)

ਜਲਾਲਾਬਾਦ (ਸੇਤੀਆ, ਸੁਮਿਤ) - ਸ਼ਹਿਰ ਦੇ ਨਾਲ ਲੱਗਦੇ ਪਿੰਡ ਟਿਵਾਨਾ ਕਲਾਂ 'ਚ ਕੁੰਦਨ ਸਿੰਘ ਦੇ ਪਰਿਵਾਰ 'ਤੇ ਦਿਨ ਕਹਿਰ ਬਣ ਕੇ ਉਸ ਸਮੇਂ ਉਨ੍ਹਾਂ 'ਤੇ ਟੁੱਟ ਪਿਆ, ਜਦੋਂ ਉਨ੍ਹਾਂ ਦੇ ਘਰ ਦੇ ਕਮਰੇ ਦੀ ਆਰਜ਼ੀ ਛੱਤ ਅਚਾਨਕ ਡਿੱਗ ਗਈ। ਛੱਡ ਡਿੱਗ ਜਾਣ ਕਾਰਨ ਕੁੰਦਨ ਸਿੰਘ ਦੀ ਬੇਟੀ ਅਤੇ 4 ਬੱਚੇ ਹੇਠਾਂ ਆ ਗਏ। ਇਸ ਘਟਨਾ ਤੋਂ ਬਾਅਦ ਪਰਿਵਾਰ ਵਾਲਿਆਂ 'ਚ ਹਫੜਾ-ਦਫੜੀ ਮਚ ਗਈ ਅਤੇ ਇਕੱਠੇ ਹੋਏ ਆਲੇ-ਦੁਆਲੇ ਦੇ ਲੋਕਾਂ ਨੇ ਬੱਚਿਆਂ ਨੂੰ ਸੁਰੱਖਿਅਤ ਹੇਠੋਂ ਕੱਢ ਲਿਆ। ਛੱਡ ਡਿੱਗਣ ਕਾਰਨ ਸ਼ਿਮਲਾ ਰਾਣੀ, ਹਰਮਨਪ੍ਰੀਤ ਨੂੰ ਮਾਮੂਲੀ ਸੱਟਾਂ ਲੱਗੀਆਂ ਜਦਕਿ ਸੁਖਪ੍ਰੀਤ ਸਿੰਘ ਨੂੰ ਸਿਰ ਦੀ ਸੱਟ ਅਤੇ ਗੁਰਪ੍ਰੀਤ ਸਿੰਘ, ਹਰਪ੍ਰੀਤ ਨੂੰ ਅੰਦਰੂਨੀ ਕਾਫੀ ਸੱਟਾਂ ਲੱਗੀਆਂ, ਜਿਸ ਕਾਰਨ ਉਨ੍ਹਾਂ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ।
ਜਾਣਕਾਰੀ ਦਿੰਦੇ ਹੋਏ ਕੁੰਦਨ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਉਸ ਦੇ ਘਰ ਬੇਟੀ ਅਤੇ ਦੋਤਰੇ ਆਏ ਹੋਏ ਸਨ। ਉਨ੍ਹਾਂ ਦੇ ਕਮਰੇ ਦੀ ਛੱਤ ਬਾਂਸਾਂ ਨਾਲ ਪਾਈ ਹੋਈ ਸੀ, ਜੋ ਕੱਚੀ ਸੀ। ਉਸ ਤੋਂ ਇਕ ਦਿਨ ਪਹਿਲਾਂ ਮੀਂਹ ਵੀ ਪਿਆ ਸੀ। ਦੁਪਹਿਰ ਕਰੀਬ 1.30 ਕੁ ਵਜੇ ਉਸ ਦੀ ਬੇਟੀ ਸ਼ਿਮਲਾ ਰਾਣੀ ਅਤੇ ਪੋਤਰੇ-ਦੋਹਰੇ ਨਾਲ ਕਮਰੇ 'ਚ ਮੰਝਿਆਂ 'ਤੇ ਬੈਠੇ ਸਨ ਕਿ ਅਚਾਨਕ ਛੱਤ ਡਿੱਗ ਪਈ। ਦੂਜੇ ਪਾਸੇ ਇਸ ਸਬੰਧੀ ਜਦੋਂ ਐੱਸ.ਡੀ.ਐੱਮ. ਕੇਸ਼ਵ ਗੋਇਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਮੌਕੇ ਦਾ ਜਾਇਜ਼ਾ ਲੈਣਗੇ ਅਤੇ ਪਰਿਵਾਰ ਦੀ ਹਰ ਸੰਭਵ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।