ਜਲਾਲਾਬਾਦ ਦੇ ਵਿਧਾਇਕ ਆਵਲਾ ਨੇ ਨਸ਼ਾ ਤਸਕਰਾਂ ਨੂੰ ਦਿੱਤੀ ਸਖਤ ਚਿਤਾਵਨੀ
Thursday, Feb 06, 2020 - 06:01 PM (IST)
ਜਲਾਲਾਬਾਦ (ਟਿੰਕੂ ਨਿਖੰਜ) - ਪਿਛਲੇ ਕਾਫੀ ਸਮੇਂ ਤੋਂ ਜਲਾਲਾਬਾਦ ਦੇ ਨਾਲ ਲੱਗਦੇ ਪਿੰਡ ਟਿਵਾਣਾ ਕਲਾਂ 'ਚ ਚਿੱਟੇ ਨਸ਼ੇ ਦੀ ਤਸਕਰੀ ਦਾ ਕੰਮ ਜ਼ੋਰਾਂ-ਸ਼ੋਰਾਂ 'ਤੇ ਚੱਲ ਰਿਹਾ ਹੈ। ਪਿੰਡ ਦੇ ਲੋਕ ਇਸ ਕੰਮ ਨੂੰ ਬੰਦ ਕਰਵਾਉਣ ਲਈ ਵਾਰ-ਵਾਰ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਕਹਿ ਰਹੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾ ਪੁਲਸ ਦੇ ਵਲੋਂ ਪਿੰਡ 'ਚ ਆਰਜੀ ਚੌਕੀ ਸਥਾਪਿਤ ਕੀਤੀ ਗਈ ਸੀ, ਜਿਸ 'ਚ ਪੁਲਸ ਦੇ ਵਾਧੂ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਨਸ਼ੇ ਦੀ ਤਸਕਰੀ ਨਾ ਰੁਕਣ ਕਾਰਨ ਪਿੰਡ ਦੇ ਲੋਕਾਂ ਨੇ ਆਰਜੀ ਚੌਕੀ ਦੇ ਬਾਹਰ ਬੀਤੇ ਦਿਨ ਰੋਸ ਧਰਨਾ ਲਗਾ ਕੇ ਪੁਲਸ ’ਤੇ ਗੰਭੀਰ ਦੋਸ਼ ਲਾਏ ਸਨ। ਲੋਕਾਂ ਨੇ ਦੋਸ਼ ਲਾਏ ਕਿ ਪੁਲਸ ਪੈਸੇ ਲੈ ਕੇ ਨਸ਼ਾ ਤਸਕਰਾਂ ਨੂੰ ਛੱਡ ਰਹੀ ਹੈ। ਉਨ੍ਹਾਂ ਦੇ ਪਿੰਡ ’ਚ ਖੁੱਲ੍ਹੇਆਮ ਘੁੰਮ ਰਹੇ ਨਸ਼ਾ ਸਮੱਗਲਰਾਂ ਖਿਲਾਫ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ।
ਨਸ਼ੇ ਦੀ ਤਸਕਰੀ ਤੋਂ ਤੰਗ ਆ ਚੁੱਕੇ ਲੋਕਾਂ ਨਾਲ ਮੀਟਿੰਗ ਕਰਨ ਲਈ ਹਲਕਾ ਵਿਧਾਇਕ ਰਮਿੰਦਰ ਆਵਲਾ ਪੁਲਸ ਅਧਿਕਾਰੀਆਂ ਨਾਲ ਪਿੰਡ ਟਿਵਾਨਾਂ ਕਲਾਂ ਵਿਖੇ ਪੁੱਜੇ। ਜਲਾਲਾਬਾਦ ਦੇ ਵਿਧਾਇਕ ਨੇ ਪਿੰਡ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪਿੰਡ ਟਿਵਾਣਾ ਕਲਾਂ ’ਚ ਜੋ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ, ਉਸ ’ਤੇ ਠੱਲ ਪਾਈ ਜਾਵੇਗੀ। ਹਲਕਾ ਵਿਧਾਇਕ ਨੇ ਕਿਹਾ ਕਿ ਉਹ ਪਿੰਡ ਦੇ ਬਸ਼ਿੰਦਿਆਂ ਨੂੰ ਵਿਸ਼ਵਾਸ ਦਿਆਉਂਦੇ ਹਨ ਕਿ ਆਰੋਪੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਜੇਕਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਸਾਥੋ ਬੁਰਾ ਕੋਈ ਨਹੀਂ। ਪਿੰਡ ’ਚ ਮੁੜ ਚੌਕੀ ਦੀ ਸਥਾਪਨਾ ਕਰਕੇ ਚੰਗੇ ਇਮਾਨਦਾਰ ਅਫਸਰ ਲਗਾਏ ਜਾਣਗੇ ਤਾਂ ਕਿ ਪਿੰਡ ਟਿਵਾਨਾਂ ਕਲਾਂ ਨਸ਼ਾ ਮੁਕਤ ਪਿੰਡ ਬਣ ਸਕੇ।