ਮੌਕਾ ਮਿਲਿਆ ਤਾਂ ਨੌਜਵਾਨਾਂ ਲਈ ਪੈਦਾ ਕੀਤੇ ਜਾਣਗੇ ਰੁਜ਼ਗਾਰ ਦੇ ਸਾਧਨ : ਗੋਲਡੀ ਕੰਬੋਜ਼

09/08/2019 6:11:10 PM

ਜਲਾਲਾਬਾਦ (ਸੇਤੀਆ, ਸੁਮਿਤ) - ਜਲਾਲਾਬਾਦ ਹਲਕੇ 'ਚ ਹੋਣ ਵਾਲੀ ਉਪ ਚੋਣ ਨੂੰ ਲੈ ਕੇ ਜਿੱਥੇ ਗੋਲਡੀ ਕੰਬੋਜ਼ ਵਲੋਂ ਜਨ ਸੰਪਰਕ ਅਭਿਆਨ ਚਲਾਇਆ ਗਿਆ, ਉਥੇ ਹੀ ਯੂਥ ਕਾਂਗਰਸ ਦੇ ਕੌਮੀ ਸਕੱਤਰ ਜਗਦੀਪ ਸਿੰਘ ਗੋਲਡੀ ਕੰਬੋਜ਼ ਵਲੋਂ ਅਨਾਜ ਮੰਡੀ 'ਚ ਵਿਸ਼ਾਲ ਰੈਲੀ ਕੀਤੀ ਗਈ। ਅਨਾਜ ਮੰਡੀ 'ਚ ਕੀਤੀ ਜਾ ਰਹੀ ਰੈਲੀ 'ਚ ਹਜ਼ਾਰਾਂ ਦੀ ਗਿਣਤੀ 'ਚ ਹਲਕੇ ਦੇ ਲੋਕਾਂ ਤੋਂ ਇਲਾਵਾ ਪਿੰਡਾਂ ਦੇ ਸਰਪੰਚਾਂ, ਪੰਚਾਂ ਅਤੇ ਬਲਾਕ ਸੰਮਤੀ ਮੈਂਬਰਾਂ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਸ਼ਿਰਕਤ ਕੀਤੀ। ਰੈਲੀ ਨੂੰ ਸੰਬੋਧਨ ਕਰਨ ਲਈ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਬੀ.ਵੀ ਸ੍ਰੀ ਨਿਵਾਸ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਤੋਂ ਇਲਾਵਾ ਰੈਲੀ ਦੌਰਾਨ ਲੋਕਾਂ ਦੇ ਮਨੋਰੰਜਨ ਲਈ ਪੰਜਾਬੀ ਗਾਇਕ ਜੋੜੀ ਵੀ ਪਹੁੰਚੀ, ਜਿੰਨ੍ਹਾਂ ਨੇ ਆਪਣੇ ਗੀਤਾਂ ਰਾਹੀਂ ਲੰਬੇ ਸਮੇਂ ਤੱਕ ਲੋਕਾਂ ਨੂੰ ਪੰਡਾਲ 'ਚ ਬੈਠਣ ਲਈ ਮਜ਼ਬੂਰ ਕਰ ਦਿੱਤਾ। ਇਸ ਮੌਕੇ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀ ਨਿਵਾਸ ਨੇ ਗੋਲਡੀ ਕੰਬੋਜ਼ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਪਾਰਟੀ ਹਾਈ ਕਮਾਨ ਨੇ ਗੋਲਡੀ ਕੰਬੋਜ਼ ਨੂੰ ਜਿੱਥੇ ਦੀ ਵੀ ਜਿੰਮੇਵਾਰੀ ਸੌਂਪੀ, ਇਨ੍ਹਾਂ ਨੇ ਤਨਦੇਹੀ ਨਾਲ ਕੰਮ ਕੀਤਾ।

ਉਨਾਂ ਪਿਛਲੀ ਅਕਾਲੀ ਭਾਜਪਾ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਦੀ ਦਲ-ਦਲ 'ਚ ਧੱਕਣ ਦਾ ਕੰਮ ਇਸ ਪਾਰਟੀ ਨੇ ਕੀਤਾ ਹੈ। ਪੰਜਾਬ ਦੇ ਵਿਗੜਦੇ ਹਾਲਾਤਾਂ ਕਾਰਨ ਨੌਜਵਾਨਾਂ ਨੇ ਸੂਬੇ 'ਚ ਪਲਾਇਨ ਕਰਨੀ ਸ਼ੁਰੂ ਕਰ ਦਿੱਤੀ ਸੀ ਪਰ ਹੁਣ ਕੈਪਟਨ ਅਮਰਿੰਦਰ ਸਿੰਘ ਵਲੋਂ ਨੌਜਵਾਨਾਂ ਨੂੰ ਸੂਬੇ 'ਚ ਰਜ਼ਗਾਰ ਦੇਣ ਲਈ ਯਤਨ ਕੀਤੇ ਜਾ ਰਹੇ ਹਨ। ਕੇਂਦਰ ਦੀ ਮੋਦੀ ਸਰਕਾਰ ਨੇ ਲੋਕਾਂ ਨੂੰ ਅੱਛੇ ਦਿਨ ਲਿਆਉਣ ਦਾ ਵਾਅਦਾ ਕੀਤਾ ਸੀ ਪਰ ਦੇਸ਼ ਦੀ ਅਰਥਵਿਵਥਾ ਜਿੱਥੇ ਪਿੱਛੇ ਵੱਲ ਧੱਕੀ ਜਾ ਰਹੀ ਹੈ, ਉਥੇ ਹੀ ਦੇਸ਼ ਦਾ ਨੌਜਵਾਨ ਬੇਰੁਜ਼ਗਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੇ ਧੰਦੇ ਚੌਪਟ ਹੋ ਚੁੱਕੇ ਹਨ ਅਤੇ ਦੇਸ਼ ਤੇ ਪੂੰਜੀਪਤੀਆਂ ਨੇ ਕਬਜ਼ਾ ਕਰ ਲਿਆ। ਬੀਜੇਪੀ ਇਕ ਜੁਬਲਾ ਪਾਰਟੀ ਹੈ ਅਤੇ ਇਨ੍ਹਾਂ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ।

ਉਧਰ ਯੂਥ ਕਾਂਗਰਸ ਦੇ ਕੌਮੀ ਸਕੱਤਰ ਗੋਲਡੀ ਕੰਬੋਜ਼ ਨੇ ਸਰਕਾਰ ਦੀਆਂ ਨੀਤੀਆਂ ਦੀ ਜਾਣਕਾਰੀ ਪੰਡਾਲ 'ਚ ਬੈਠੇ ਲੋਕਾਂ ਨੂੰ ਦਿੱਤੀ ਅਤੇ ਟਿਕਟ ਮਿਲਣ ਦੀ ਸੂਰਤ 'ਚ ਜਿੱਤ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸੂਬੇ 'ਚ ਆਮ ਲੋਕਾਂ ਦੀਆਂ ਜਰੂਰਤਾ ਸੰਬੰਧੀ, ਜੋ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਲੜੀਬੱਧ ਪੂਰਾ ਕੀਤਾ ਜਾ ਰਿਹਾ ਹੈ। ਪਿਛਲੀ ਅਕਾਲੀ ਭਾਜਪਾ ਸਰਕਾਰ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਜਲਾਲਾਬਾਦ ਹਲਕੇ 'ਚ ਵਿਕਾਸ ਕਾਰਜਾਂ ਦੇ ਨਾਂ 'ਤੇ ਵੱਡੀ ਘੱਪਲੇਬਾਜ਼ੀ ਹੋਈ ਹੈ, ਜਿਸ ਦਾ ਹਿਸਾਬ ਲਿਆ ਜਾਵੇਗਾ।  


rajwinder kaur

Content Editor

Related News