ਸਾਵਧਾਨ! ਲੋਕਾਂ ਨੂੰ ਬੀਮਾਰੀਆਂ ਦੇ ਹਵਾਲੇ ਕਰਨ ਆ ਰਿਹੈ ''ਮਿੱਠਾ ਜਹਿਰ''

Wednesday, Oct 23, 2019 - 11:38 AM (IST)

ਸਾਵਧਾਨ! ਲੋਕਾਂ ਨੂੰ ਬੀਮਾਰੀਆਂ ਦੇ ਹਵਾਲੇ ਕਰਨ ਆ ਰਿਹੈ ''ਮਿੱਠਾ ਜਹਿਰ''

ਜਲਾਲਾਬਾਦ (ਮਿੱਕੀ) - ਭਾਰਤੀ ਲੋਕਾਂ ਵਲੋਂ ਦਿਨ-ਤਿਉਹਾਰਾਂ ਅਤੇ ਖੁਸ਼ੀਆਂ ਦੇ ਮੌਕੇ ਮਠਿਆਈਆਂ ਨੂੰ ਖਾਸ ਤਵੱਜੋਂ ਦਿੱਤੀ ਜਾਂਦੀ ਹੈ। ਖਾਸ ਤੌਰ 'ਤੇ ਵੱਖ-ਵੱਖ ਤਿਉਹਾਰਾਂ ਮੌਕੇ ਦੋਸਤਾਂ-ਮਿੱਤਰਾਂ, ਸਕੇ-ਸਬੰਧੀਆਂ ਅਤੇ ਪਰਿਵਾਰਾਂ 'ਚ ਮਠਿਆਈਆਂ ਦਾ ਅਦਾਨ-ਪ੍ਰਦਾਨ ਕਰਦੇ ਹੋਏ ਤਿਉਹਾਰਾਂ ਨੂੰ ਮਨਾਇਆ ਜਾਂਦਾ ਹੈ। ਅੱਜ ਦੇ ਦੌਰ 'ਚ ਬਾਜ਼ਾਰ 'ਚ ਵਿਕ ਰਹੀਆਂ ਰੰਗਦਾਰ ਅਤੇ ਮਿਲਾਵਟੀ ਮਠਿਆਈਆਂ ਇਨਸਾਨੀ ਜੀਵਨ ਨਾਲ ਖਿਲਵਾੜ ਕਰ ਰਹੀਆਂ ਹਨ ਤੇ ਜੇਕਰ ਇਹ ਮਠਿਆਈਆਂ ਸਾਡੀ ਸਿਹਤ ਲਈ ਕਈ ਪ੍ਰਕਾਰ ਦੀਆਂ ਬੀਮਾਰੀਆਂ ਦਾ ਕਾਰਨ ਬਣ ਜਾਣ ਤਾਂ ਸਾਡੇ ਲਈ ਇਸ ਮਿੱਠੇ ਜ਼ਹਿਰ ਤੋਂ ਤੌਬਾ ਕਰ ਲੈਣਾ ਬਿਹਤਰ ਹੈ।

ਜ਼ਿਕਰਯੋਗ ਹੈ ਕਿ 'ਦੀਵਾਲੀ' ਤਿਉਹਾਰ ਦੇ ਮੱਦੇਨਜ਼ਰ ਕੁਝ ਹਲਵਾਈਆਂ ਵਲੋਂ ਦੋ-ਦੋ ਹਫਤੇ ਪਹਿਲਾਂ ਮਠਿਆਈਆਂ ਤਿਆਰ ਕਰ ਕੇ ਮਠਿਆਈਆਂ ਦੇ ਭੰਡਾਰ ਜਮਾ ਕਰ ਲਏ ਗਏ ਹਨ। ਦੀਵਾਲੀ ਤਿਉਹਾਰ ਮੌਕੇ ਜਦੋਂ ਆਮ ਜਨ ਵਲੋਂ ਇਸ ਮਠਿਆਈਆਂ ਦੀ ਖਰੀਦ ਕੀਤੀ ਜਾਵੇਗੀ ਤਾਂ ਬਾਸੀ ਮਠਿਆਈ ਖਾਣ ਨਾਲ ਲੋਕ ਕਈ ਪ੍ਰਕਾਰ ਦੀਆਂ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ। ਦੱਸਣਯੋਗ ਹੈ ਕਿ ਦੀਵਾਲੀ ਮੌਕੇ ਜਲਾਲਾਬਾਦ ਸ਼ਹਿਰ 'ਚ ਬਾਹਰ ਤੋਂ ਬਣੀ ਮਠਿਆਈਆਂ ਭਾਰੀ ਸੰਖਿਆ 'ਚ ਆਉਂਦੀ ਹੈ ਤੇ ਹਲਵਾਈਆਂ ਅਤੇ ਮਠਿਆਈਆਂ ਵੇਚਣ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ਤੋਂ ਇਲਾਵਾ ਇਸ ਧੰਦੇ ਤੋਂ ਅਣਜਾਣ ਕਈ ਕਰਿਆਣੇ ਆਦਿ ਦੀਆਂ ਦੁਕਾਨਾਂ ਕਰਨ ਵਾਲੇ ਦੁਕਾਨਦਾਰ ਦੀਵਾਲੀ ਮੌਕੇ ਅੱਡੇ ਲਾ ਕੇ ਮਠਿਆਈਆਂ ਵੇਚਣ ਨੂੰ ਪਹਿਲ ਦਿੰਦੇ ਹਨ। ਇਹ ਮਠਿਆਈਆਂ ਬਾਹਰ ਤੋਂ ਤਿਆਰ ਹੋ ਕੇ ਹੀ ਆਉਂਦੀ ਹੈ, ਜੋ ਕਈ-ਕਈ ਦਿਨ ਪਹਿਲਾਂ ਤਿਆਰ ਕੀਤੀ ਹੁੰਦੀ ਹੈ। ਇਸ ਸਭ ਦੇ ਚੱਲਦਿਆਂ ਸ਼ਹਿਰ ਦੇ ਸਮਾਜ ਸੇਵੀ ਆਗੂਆਂ ਵੱਲੋਂ ਸਿਹਤ ਵਿਭਾਗ ਤੋਂ ਮੰਗ ਕੀਤੀ ਗਈ ਹੈ ਕਿ ਵੱਖ-ਵੱਖ ਤਰ੍ਹਾਂ ਦੇ ਕੈਮਿਕਲ ਪਾ ਕੇ ਤਿਆਰ ਕੀਤੀ ਗਈ ਮਿਲਾਵਟੀ ਅਤੇ ਰੰਗਦਾਰ ਮਠਿਆਈਆਂ ਦੇ ਭੰਡਾਰ ਕਾਬੂ ਕਰਨ ਲਈ ਤੁਰੰਤ ਛਾਪੇਮਾਰੀ ਕੀਤੀ ਜਾਵੇ ਤਾਂ ਜੋ ਇਹ 'ਮਿੱਠਾ ਜ਼ਹਿਰ' ਦੀਵਾਲੀ ਮੌਕੇ ਇਨਸਾਨੀ ਜੀਵਨ ਨਾਲ ਖਿਲਵਾੜ ਨਾ ਕਰ ਸਕੇ।


author

rajwinder kaur

Content Editor

Related News