ਆਖਿਰਕਾਰ ਕਿਸ ਦੀ ਸ਼ਹਿ ’ਤੇ ਸ਼ਹਿਰ ’ਚ ਸ਼ਰੇਆਮ ਚੱਲ ਰਿਹੈ ਦੜੇ-ਸੱਟੇ ਅਤੇ ਜੂਏ ਦਾ ਧੰਦਾ?

02/13/2020 10:27:12 AM

ਜਲਾਲਾਬਾਦ (ਸੇਤੀਆ) - ਇਕ ਪਾਸੇ ਜਿਥੇ ਪੰਜਾਬ ਸਰਕਾਰ ਵਲੋਂ ਨਸ਼ਾ ਸਮੱਗਲਿੰਗ ਅਤੇ ਹੋਰ ਕਾਨੂੰਨੀ ਧੰਦਿਆਂ ’ਤੇ ਰੋਕ ਲਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਜਲਾਲਾਬਾਦ ਸ਼ਹਿਰ ’ਚ ਸਰਕਾਰ ਦੇ ਇਨ੍ਹਾਂ ਦਾਅਵਿਆਂ ਦੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ। ਸ਼ਹਿਰ ’ਚ ਗਲੀਆਂ-ਮੁਹੱਲਿਆਂ ’ਚ ਆਮ ਘਰਾਂ ਅਤੇ ਦੁਕਾਨਾਂ ’ਚ ਦੜਾ-ਸੱਟਾ, ਆਨਲਾਈਨ ਸੱਟੇਬਾਜ਼ੀ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਇਸ ਕੰਮ ਨੂੰ ‘ਜਗ ਬਾਣੀ’ ਦੇ ਪ੍ਰਤੀਨਿਧੀ ਵਲੋਂ ਬੀਤੀ ਰਾਤ ਖੁਫੀਆ ਕੈਮਰੇ ਰਾਹੀਂ ਖੁਦ ਦੜੇ ’ਤੇ ਪੈਸੇ ਲਾ ਕੇ ਪੁਖਤਾ ਕੀਤਾ ਗਿਆ ਅਤੇ ਖੁਦ ਦੇਖਿਆ ਗਿਆ ਕਿ ਕਿਸ ਤਰ੍ਹਾਂ ਲੋਕ ਆਪਣੀ ਰੋਜ਼ਾਨਾ ਦੀ ਮਿਹਨਤ ਦੀ ਕਮਾਈ ਜੂਏ ਦੇ ਕੰਮ ’ਚ ਰੋੜ੍ਹੀ ਜਾ ਰਹੇ ਹਨ।

ਦੱਸਣਯੋਗ ਹੈ ਕਿ ਜਲਾਲਾਬਾਦ ਸ਼ਹਿਰ ’ਚ ਰਠੋੜਾਵਾਲਾ ਮੁਹੱਲਾ, ਅਨਾਜ ਮੰਡੀ, ਭਾਈ ਸੰਤ ਸਿੰਘ ਸਟ੍ਰੀਟ, ਦਸਮੇਸ਼ ਨਗਰੀ, ਡੀ. ਏ. ਵੀ. ਕਾਲਜ ਰੋਡ ਅਤੇ ਹੋਰ ਸ਼ਹਿਰ ਦੀਆਂ ਵੱਖ-ਵੱਖ ਗਲੀਆਂ, ਬਾਜ਼ਾਰਾਂ ਅਤੇ ਮੁਹੱਲੇ ਦੀਆਂ ਛੋਟੀਆਂ-ਛੋਟੀਆਂ ਦੁਕਾਨਾਂ ’ਤੇ ਦੜੇ-ਸੱਟੇ ਦੀਆਂ ਪਰਚੀਆਂ ਸ਼ਰੇਆਮ ਲਿਖੀਆਂ ਜਾ ਰਹੀਆਂ ਹਨ। ਆਨਲਾਈਨ ਜੂਏ ’ਤੇ ਪੈਸੇ ਨੌਜਵਾਨਾਂ ਵਲੋਂ ਖੂਬ ਲਾਏ ਜਾ ਰਹੇ ਹਨ, ਜਦਕਿ ਇੰਨਾ ਗੈਰ-ਕਾਨੂੰਨੀ ਧੰਦਾ ਚੱਲਣ ਦੇ ਬਾਵਜੂਦ ਇਸ ਵੱਲ ਪੁਲਸ ਵਿਭਾਗ ਦੀ ਕੋਈ ਨਜ਼ਰ ਨਹੀਂ ਜਾ ਰਹੀ ਹੈ। ਇਸ ਸਬੰਧੀ ਕੁਝ ਲੋਕਾਂ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਸ਼ਹਿਰ ’ਚ ਸ਼੍ਰੀ ਗੰਗਾਨਗਰ ਤੇ ਅਬੋਹਰ ਦੇ ਲੋਕਾਂ ਵਲੋਂ ਆ ਕਰੀਬ 20 ਤੋਂ 25 ਲੱਖ ਰੁਪਏ ਦੀ ਦੜੇ-ਸੱਟੇ ਦੀ ਪਰਚੀ ਦਾ ਕੰਮ ਚਲਾਇਆ ਜਾ ਰਿਹਾ ਹੈ। ਇਸ ਧੰਦੇ ’ਚ ਜਲਾਲਾਬਾਦ ਦੇ ਕੁਝ ਲੋਕ ਇਨ੍ਹਾਂ ਦਾ ਸਾਥ ਦੇ ਰਹੇ ਹਨ। ਇਹ ਹੀ ਨਹੀਂ ਪਿਛਲੇ ਸਮੇਂ ਦੌਰਾਨ ਜਲਾਲਾਬਾਦ ’ਚ ਕਈ ਅਜਿਹੇ ਪਰਿਵਾਰ ਹਨ, ਜਿਹੜੇ ਇਨ੍ਹਾਂ ਧੰਦਿਆਂ ’ਚ ਆਪਣਾ ਪੈਸਾ ਲਾ ਕੇ ਬਰਬਾਦ ਹੋ ਚੁੱਕੇ ਹਨ ਅਤੇ ਕਈਆਂ ਨੇ ਆਖਿਰਕਾਰ ਆਤਮ ਹੱਤਿਆ ਕੀਤੀ।

PunjabKesari

ਆਖਿਰਕਾਰ ਕਿਵੇਂ ਠੱਗ ਚਲਾ ਰਹੇ ਨੇ ਸੱਟੇ ਦਾ ਧੰਦਾ?
‘ਜਗ ਬਾਣੀ’ ਦੇ ਪ੍ਰਤੀਨਿਧੀ ਵਲੋਂ ਸ਼ਹਿਰ ਦੇ ਰਠੋੜਾਂਵਾਲਾ ਮੁਹੱਲੇ ’ਚ ਇਕ ਦੁਕਾਨ ਤੋਂ ਜਦੋਂ ਸੱਟੇ ਸਬੰਧੀ ਜਾਣਕਾਰੀ ਲਈ ਗਈ ਤੇ ਖੁਦ ਸੱਟਾ ਲਾਇਆ ਗਿਆ, ਉਸ ਨੂੰ ਕੈਮਰੇ ’ਚ ਕੈਦ ਕਰ ਲਿਆ। ਇਸ ਦੌਰਾਨ ਸ਼ਰੇਆਮ ਇਕ ਵਿਅਕਤੀ ਕਮਰੇ ’ਚ ਬੈਠ ਕੇ ਸੱਟਾ ਲਿਖ ਰਿਹਾ ਸੀ। ਇਸ ਤੋਂ ਇਲਾਵਾ ਸੱਟਾ ਲਵਾ ਰਹੇ ਵਿਅਕਤੀ ਤੋਂ ਭੁਗਤਾਨ ਦੀ ਜਾਣਕਾਰੀ ਲਈ ਗਈ ਤਾਂ ਉਨ੍ਹਾਂ ਕਿਹਾ ਕਿ 12 ਘੰਟਿਆਂ ਬਾਅਦ ਸੱਟਾ ਆਉਣ ਮਗਰੋਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਦਿੱਲੀ, ਫਰੀਦਾਬਾਦ, ਗਾਜ਼ੀਆਬਾਦ ਤੋਂ ਸੱਟਾ ਖੁੱਲ੍ਹਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਮੁਹੱਲੇ ’ਚ ਕੁਝ ਹੋਰ ਲੋਕਾਂ ਵਲੋਂ ਸੱਟੇ ਦੀ ਪਰਚੀ ਲਿਖੇ ਜਾਣ ਦੀ ਵੀ ਗੱਲ ਕਹੀ। ਸ਼ਹਿਰ ’ਚ ਦੜਾ-ਸੱਟਾ ਹੀ ਨਹੀਂ ਸਗੋਂ ਆਨਲਾਈਨ ਚੱਕਰੀ ਪੂਲ ਦਾ ਧੰਦਾ ਜ਼ੋਰਾਂ ’ਤੇ ਚੱਲ ਰਿਹਾ ਹੈ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਚੱਕਰੀ, ਆਨਲਾਈਨ ਸੱਟੇਬਾਜ਼ੀ ਕਾਫੀ ਮੋਟੀ ਰਕਮ ’ਚ ਖਿਡਾਈ ਜਾਂਦੀ ਹੈ। 

PunjabKesari

ਆਖਿਰਕਾਰ ਕਿਉਂ ਇਸ ਗੈਰ ਕਾਨੂੰਨੀ ਧੰਦੇ ’ਤੇ ਠੱਲ੍ਹ ਨਹੀਂ ਪਾਈ ਜਾ ਰਹੀ ਹੈ। ਇਸ ਸਬੰਧੀ ਜਦੋਂ ਥਾਣਾ ਸਿਟੀ ਮੁਖੀ ਲੇਖਰਾਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਚੱਲ ਰਹੇ ਦੜੇ-ਸੱਟੇ ਅਤੇ ਆਨਲਾਈਨ ਸੱਟੇਬਾਜ਼ੀ, ਚੱਕਰੀ ਆਦਿ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ ਅਤੇ ਜੇਕਰ ਕੋਈ ਦੜਾ-ਸੱਟਾ ਲਾਉਂਦਾ ਨਜ਼ਰ ਆਉਂਦਾ ਹੈ ਤਾਂ ਅਸੀਂ ਕਾਰਵਾਈ ਕਰਦੇ ਹਾਂ। ਇਸ ਸਬੰਧੀ ਜਦੋਂ ਡੀ.ਐੱਸ.ਪੀ. ਜਸਪਾਲ ਸਿੰਘ ਢਿੱਲੋਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਇਹ ਮਾਮਲਾ ਮੇਰੇ ਧਿਆਨ ’ਚ ਲਿਆ ਦਿੱਤਾ ਹੈ ਤਾਂ ਜਲਦੀ ਕਾਰਵਾਈ ਕੀਤੀ ਜਾਵੇਗੀ। ਭਾਵੇਂ ਪੁਲਸ ਵਿਭਾਗ ਸ਼ਹਿਰ ਵਿਚ ਚੱਲ ਰਹੇ ਇਸ ਗੈਰ-ਕਾਨੂੰਨੀ ਧੰਦੇ ਤੋਂ ਖੁਦ ਨੂੰ ਅਣਜਾਣ ਦੱਸ ਰਿਹਾ ਹੈ ਪਰ ਆਮ ਲੋਕਾਂ ਵਿਚ ਇਸ ਗੈਰ- ਕਾਨੂੰਨੀ ਧੰਦੇ ਪ੍ਰਤੀ ਖੁੱਲ੍ਹ ਕੇ ਚਰਚਾ ਦੇਖੀ ਜਾ ਸਕਦੀ ਹੈ ਕਿ ਕਿਵੇਂ ਦੜਾ- ਸੱਟਾ, ਆਨਲਾਈਨ ਸੱਟੇਬਾਜ਼ੀ, ਚੱਕਰੀ ਆਦਿ ਰਾਹੀਂ ਨੌਜਵਾਨ ਰੋਜ਼ਾਨਾ ਪੈਸਾ ਲਾ ਕੇ ਆਪਣੀ ਮਿਹਨਤ ਦੀ ਕਮਾਈ ਰੋੜ੍ਹ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਸ ਵਿਭਾਗ ਇਸ ਗੋਰਖ ਧੰਦੇ ਨਾਲ ਜੁੜੇ ਲੋਕਾਂ ਨੂੰ ਕਦੋਂ ਸਲਾਖਾਂ ਦੇ ਪਿੱਛੇ ਧੱਕੇਗਾ ਅਤੇ ਲੋਕਾਂ ਦੇ ਘਰ ਬਰਬਾਦ ਹੋਣ ਤੋਂ ਬਚਾਏਗਾ।


rajwinder kaur

Content Editor

Related News