31 ਹਜ਼ਾਰ ਕਰੋੜ ਦੇ ਅਨਾਜ ਖਰੀਦ ਦੇ ਮਾਮਲੇ ’ਤੇ ਘਟੀਆ ਰਾਜਨੀਤੀ ਨਾ ਕਰਨ ਜਾਖੜ : ਅਕਾਲੀ ਦਲ

Friday, Mar 05, 2021 - 02:37 AM (IST)

31 ਹਜ਼ਾਰ ਕਰੋੜ ਦੇ ਅਨਾਜ ਖਰੀਦ ਦੇ ਮਾਮਲੇ ’ਤੇ ਘਟੀਆ ਰਾਜਨੀਤੀ ਨਾ ਕਰਨ ਜਾਖੜ : ਅਕਾਲੀ ਦਲ

ਚੰਡੀਗੜ੍ਹ, (ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਕਿਹਾ ਕਿ ਉਹ ਘਟੀਆ ਰਾਜਨੀਤੀ ਨਾ ਕਰਨ। ਉਨ੍ਹਾਂ ਦੀ ਆਦਤ ਹੈ ਕਿ ਉਹ ਝੂਠੇ ਦੋਸ਼ ਲਾਉਣ ਮਗਰੋਂ ਜਦੋਂ ਸਾਬਤ ਕਰਨ ਦੀ ਵਾਰੀ ਆਉਂਦੀ ਹੈ ਤਾਂ ਭੱਜ ਜਾਂਦੇ ਹਨ।
ਪੰਜਾਬ ਕਾਂਗਰਸ ਪ੍ਰਧਾਨ ਵਲੋਂ ਵਿਰਸੇ ਵਿਚ 31 ਹਜ਼ਾਰ ਕਰੋੜ ਰੁਪਏ ਦਾ ਅਨਾਜ ਖਰੀਦ ਮਸਲਾ ਮਿਲਣ ਦੇ ਦਿੱਤੇ ਬਿਆਨ ’ਤੇ ਪ੍ਰਤੀਕਰਮ ਦਿੰਦਿਆਂ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ 2004 ਦੀ ਕਾਂਗਰਸ ਸਰਕਾਰ ਵੇਲੇ ਤੋਂ ਇਕੱਠਾ ਹੁੰਦਾ ਆ ਰਿਹਾ ਮਸਲਾ ਸੀ ਤੇ ਹੈਰਾਨੀ ਵਾਲੀ ਗੱਲ ਹੈ ਕਿ ਜਾਖੜ ਤੇ ਕਾਂਗਰਸ ਪਾਰਟੀ ਇਸ ਮਾਮਲੇ ਵਿਚ ਹਮੇਸ਼ਾ ਦੋਗਲਾ ਸਟੈਂਡ ਅਪਣਾਉਂਦੀ ਹੈ। ਕਾਂਗਰਸ ਪਾਰਟੀ ਇਸ ਮਸਲੇ ਦਾ ਜਾਣ ਬੁੱਝ ਕੇ ਪੰਜਾਬ ਵਿਚ ਸਿਆਸੀਕਰਨ ਕਰਨਾ ਚਾਹੁੰਦੀ ਹੈ ਜਦਕਿ ਸਰਕਾਰੀ ਤੌਰ ’ਤੇ ਉਹ ਮੰਨਦੀ ਹੈ ਕਿ ਕੇਂਦਰ ਸਰਕਾਰ ਵਲੋਂ ਕੀਤੀ ਖਰੀਦ ਦੇ ਮਾਮਲੇ ਵਿਚ ਟਰਾਂਸਪੋਰਟ ਤੇ ਲੇਬਰ ਖਰਚ ਗਿਣਨ ਦੀ ਊਣਤਾਈ ਰਹਿ ਜਾਣ ਕਾਰਨ ਇਹ ਰਕਮ ਇਕੱਠੀ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਕੇਂਦਰ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਕਰੈਡਿਟ ਗੈਪ ਦੇ ਮਸਲੇ ਨੂੰ ਸਾਂਝੀਆਂ ਜ਼ਿੰਮੇਵਾਰੀਆਂ ਦੇ ਆਧਾਰ ’ਤੇ ਨਿਬੇੜੇ ਕਿਉਂਕਿ ਅਨਾਜ ਦੀ ਖਰੀਦ ਵਿਚ ਸੂਬਾ ਸਰਕਾਰ, ਕੇਂਦਰ ਸਰਕਾਰ ਤੇ ਬੈਂਕਾਂ ਤਿੰਨੋਂ ਹੀ ਸ਼ਾਮਲ ਹੁੰਦੀਆਂ ਹਨ।

ਜਾਖੜ ਨੂੰ ਸੂਬੇ ਦੇ ਕੇਸ ਨੂੰ ਕਮਜ਼ੋਰ ਨਾ ਕਰਨ ਵਾਸਤੇ ਕਹਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਾਖੜ ਇਹ ਦਾਅਵਾ ਕਰ ਰਹੇ ਹਨ ਕਿ ਆਉਂਦਾ ਬਜਟ ਘਾਟੇ ਤੋਂ ਮੁਕਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਇਕ ਰਿਕਾਰਡ ਹੈ ਕਿ ਕਾਂਗਰਸ ਸਰਕਾਰ ਨੇ ਬੁਨਿਆਦੀ ਢਾਂਚੇ ਦਾ ਕੋਈ ਵੀ ਪ੍ਰਾਜੈਕਟ ਸ਼ੁਰੂ ਨਹੀਂ ਕੀਤਾ ਅਤੇ ਪਿਛਲੇ ਚਾਰ ਸਾਲਾਂ ਵਿਚ ਸੂਬੇ ਵਿਚ ਕੋਈ ਪੂੰਜੀ ਨਿਵੇਸ਼ ਨਹੀਂ ਹੋਇਆ। ਪ੍ਰਤੀ ਵਿਅਕਤੀ ਆਮਦਨ ਪਹਿਲੀ ਵਾਰ ਕੌਮੀ ਔਸਤ ਨਾਲੋਂ ਵੀ ਘਟ ਗਈ ਹੈ। ਬਜਾਏ ਇਨ੍ਹਾਂ ਮਸਲਿਆਂ ਨੂੰ ਹੱਲ ਕਰਨ ਦੇ ਉਹ ਆਪਣੀ ਸਰਕਾਰ ਦੀ ਕੋਈ ਵੀ ਕਾਰਗੁਜ਼ਾਰੀ ਨਾ ਹੋਣ ਬਾਰੇ ਵੀ ਸ਼ੇਖੀਆਂ ਮਾਰ ਰਹੇ ਹਨ। 


author

Bharat Thapa

Content Editor

Related News