ਪੰਜਾਬ ਦੀਆਂ 12 ਜੇਲ੍ਹਾਂ ’ਚ ਪੈਟਰੋਲ ਪੰਪ ਲਾਏ ਜਾਣ ਦਾ ਅਹਿਮ ਫ਼ੈਸਲਾ, ਕੈਦੀ ਤਾਇਨਾਤ ਹੋਣਗੇ

2021-09-25T17:28:11.15

ਨਾਭਾ (ਜੈਨਤ) : ਕੁੱਝ ਸਮਾਂ ਪਹਿਲਾਂ ਤੇਲੰਗਾਨਾ ਹੀ ਦੇਸ਼ ਦਾ ਇਕ ਅਜਿਹਾ ਇਕਲੌਤਾ ਸੂਬਾ ਸੀ, ਜਿਥੇ ਪ੍ਰੀਜ਼ਨਰਜ਼ ਵਿਕਾਸ ਬੋਰਡ ਕਾਇਮ ਕੀਤਾ ਗਿਆ ਸੀ। ਹੁਣ ਪੰਜਾਬ ਵੀ ਅਜਿਹਾ ਦੂਜਾ ਸੂਬਾ ਬਣ ਗਿਆ ਹੈ, ਜਿਥੇ ਪੰਜਾਬ ਪ੍ਰੀਜ਼ਨਰਜ਼ ਵਿਕਾਸ ਬੋਰਡ ਕਾਇਮ ਹੋ ਚੁੱਕਾ ਹੈ। ਇਹ ਬੋਰਡ ਕਾਇਮ ਕਰਨ ਤੋਂ ਪਹਿਲਾਂ ਪੰਜਾਬ ਦੀ ਦੋ ਉਚ ਪੱਧਰੀ ਟੀਮਾਂ ਤੇਲੰਗਾਨਾ ਵਿਚ ਗਈਆਂ ਸਨ, ਜਿਨ੍ਹਾਂ ਨੇ ਉਥੇ ਦੇ ਜੇਲ੍ਹ ਵਿਭਾਗ ਦੇ ਮੰਤਰੀ/ਆਈ. ਜੀ. ਨਾਲ ਮੁਲਾਕਾਤਾਂ ਕਰਕੇ ਰਿਪੋਰਟਾਂ ਤਿਆਰ ਕੀਤੀਆਂ ਸਨ। ਹੁਣ ਪੰਜਾਬ ਦੀਆਂ 12 ਜੇਲ੍ਹਾਂ ਵਿਚ ਪੈਟਰੋਲ ਪੰਪ ਲਾਏ ਜਾਣ ਦਾ ਫ਼ੈਸਲਾ ਕੀਤਾ ਗਿਆ ਸੀ, ਜਿਸ ਵਿਚੋਂ ਨਾਭਾ ਦੀ ਮੈਕਸੀਮਮ ਸਕਿਓਰਟੀ ਜ਼ਿਲ੍ਹਾ ਜੇਲ੍ਹ ਅਤੇ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਵੀ ਸ਼ਾਮਲ ਹੈ। ਇਹ ਰਿਆਸਤੀ ਸ਼ਹਿਰ ਪੰਜਾਬ ਦਾ ਅਜਿਹਾ ਪਹਿਲਾ ਸ਼ਹਿਰ ਹੈ, ਜਿਥੇ ਸਬ-ਡਵੀਜ਼ਨਲ ਹੈਡਕੁਆਟਰ ਤੇ ਤਿੰਨ ਜੇਲ੍ਹਾਂ ਹਨ ਅਤੇ ਦੋ ਪੈਟਰੋਲ ਪੰਪ ਇਥੇ ਜੇਲ੍ਹਾਂ ਵਿਚ ਲੱਗਣਗੇ।

ਇਹ ਵੀ ਪੜ੍ਹੋ : ਬਰਨਾਲਾ ’ਚ ਦਿਲ ਝੰਜੋੜਨ ਵਾਲੀ ਘਟਨਾ, ਪਿਉ-ਪੁੱਤ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ

ਜੇਲ੍ਹ ਵਿਭਾਗ ਦਾ ਇੰਡੀਅਨ ਆਇਲ ਕਾਰਪੋਰੇਸ਼ਨ ਤੇ ਭਾਰਤ ਪੈਟਰੋਲੀਅਮ ਨਾਲ ਸਮਝੌਤਾ (ਇਕਰਾਰ) ਹੋਇਆ ਹੈ। ਪੰਜਾਬ ਜੇਲ੍ਹ ਵਿਕਾਸ ਬੋਰਡ ਵਲੋਂ ਪੈਟਰੋਲ ਪੰਪ ਕਾਇਮ ਕਰਨ ਲਈ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਸਥਾਨਕ ਖੁੱਲ੍ਹੀ ਖੇਤੀਬਾੜੀ ਜੇਲ੍ਹ ਦੇ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ (ਜਿਨ੍ਹਾਂ ਕੋਲ ਮੈਕਸੀਮਮ ਸਕਿਓਰਟੀ ਜ਼ਿਲ੍ਹਾ ਜੇਲ੍ਹ ਦਾ ਚਾਰਜ ਵੀ ਹੈ) ਨੇ ਸੰਪਰਕ ਕਰਨ ’ਤੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੈਂ ਵੀ ਤੇਲੰਗਾਨਾ ਵਿਚ ਉਚ ਪੱਧਰੀ ਟੀਮ ਨਾਲ ਗਿਆ ਸੀ, ਜਿਸ ਦੀ ਅਗਵਾਈ ਸੁਖਮਿੰਦਰ ਸਿੰਘ ਡੀ. ਆਈ. ਜੀ. ਨੇ ਕੀਤੀ ਸੀ। ਟਿਵਾਣਾ ਅਨੁਸਾਰ ਜੰਗਲਾਤ ਵਿਭਾਗ, ਫਾਇਰ ਬ੍ਰਿਗੇਡ, ਖੁਰਾਕ ਸਪਲਾਈ ਤੇ ਹੋਰ ਕਈ ਵਿਭਾਗਾਂ ਤੋਂ ਐਨ. ਓ. ਸੀ. ਲੈਣ ਲਈ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਉਚ ਅਧਿਕਾਰੀ ਨੇ ਸਰਟੀਫਿਕੇਟ ਲੈਣ ਲਈ ਦਰਖਾਸਤਾਂ ਦੇ ਦਿੱਤੀਆਂ ਹਨ। ਐਡੀਸ਼ਨਲ ਡੀ. ਜੀ. ਪੀ. (ਜੇਲ੍ਹ) ਪ੍ਰਵੀਨ ਕੁਮਾਰ ਸਿਨਹਾ ਦੇ ਉਦਮ ਸਦਕਾ ਹੀ ਜੇਲ੍ਹ ਬੋਰਡ ਕਾਇਮ ਹੋਇਆ ਸੀ। ਹੁਣ ਪੈਟਰੋਲ ਪੰਪ ਵੀ ਉਨ੍ਹਾਂ ਦੀ ਨਿਗਰਾਨੀ ਹੇਠ ਕਾਇਮ ਹੋ ਰਹੇ ਹਨ।

ਇਹ ਵੀ ਪੜ੍ਹੋ : ਹੁਣ ਅਨਮੋਲ ਰਤਨ ਸਿੱਧੂ ਹੋਣਗੇ ਪੰਜਾਬ ਦੇ ਐਡਵੋਕੇਟ ਜਨਰਲ !

ਪੈਟਰੋਲ ਪੰਪਾਂ ’ਤੇ ਚੰਗੇ ਆਚਰਣ ਵਾਲੇ ਕੈਦੀਆਂ ਨੂੰ ਤਾਇਨਾਤ ਕੀਤਾ ਜਾਵੇਗਾ ਜੋ ਸ਼ਿਫਟਾਂ ਵਿਚ ਕੰਮ ਕਰਨਗੇ। ਇੰਜ ਜੇਲ੍ਹ ਵਿਕਾਸ ਬੋਰਡ ਨੂੰ ਮੋਟੀ ਕਮਾਈ ਹੋ ਸਕੇਗੀ। ਦੱਸਿਆ ਜਾਂਦਾ ਹੈ ਕਿ ਦੋਵੇਂ ਪੈਟਰੋਲੀਅਮ ਕੰਪਨੀਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਐਨ. ਓ. ਸੀ. ਲਈ ਅਪਲਾਈ ਕੀਤਾ ਸੀ, ਜਿਨ੍ਹਾਂ ਦੀ ਵੱਖ-ਵੱਖ ਵਿਭਾਗ ਪੜਤਾਲ ਕਰ ਰਹੇ ਹਨ। ਪੀ. ਆਰ. ਟੀ. ਸੀ. ਦੇ ਸਾਬਕਾ ਡਾਇਰੈਕਟਰ ਜਗਤਾਰ ਸਿੰਘ ਸਾਧੋਹੇੜੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਕੈਦੀਆਂ ਲਈ ਵਿਕਾਸ ਬੋਰਡ ਦਾ ਗਠਨ ਕਰਕੇ ਚੰਗਾ ਫ਼ੈਸਲਾ ਲਿਆ ਹੈ, ਜਿਥੇ ਕੈਦੀਆਂ ਦਾ ਆਚਰਣ ਚੰਗਾ ਹੋਵੇਗਾ, ਉਥੇ ਪੈਟਰੋਲ ਪੰਪ ਲੱਗਣ ਨਾਲ ਸਰਕਾਰ ਨੂੰ ਮੋਟੀ ਆਮਦਨ ਹੋਵੇਗੀ ਜੋ ਜੇਲ੍ਹਾਂ ਵਿਚ ਕੈਦੀਆਂ ਦੇ ਸੁਧਾਰ ਲਈ ਖਰਚ ਹੋ ਸਕੇਗੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਬਣਨ ਤੋਂ ਬਾਅਦ ਲਗਾਤਾਰ ਐਕਸ਼ਨ ਮੋਡ ’ਚ ਚਰਨਜੀਤ ਚੰਨੀ, ਲਏ ਵੱਡੇ ਫ਼ੈਸਲੇ

 


Gurminder Singh

Content Editor

Related News