ਪਾਬੰਦੀਸ਼ੁਦਾ ਚੀਜ਼ਾਂ ਜੇਲ੍ਹ ’ਚ ਪਹੁੰਚਾਉਂਦਾ ਲੁਧਿਆਣਾ ਦਾ ਇਕ ਹੋਰ ਵਾਰਡਨ ਗ੍ਰਿਫ਼ਤਾਰ
Wednesday, Feb 15, 2023 - 02:50 PM (IST)
ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ਵਿਚ ਦੋ ਹਵਾਲਾਤੀਆਂ ਅਤੇ ਇਕ ਵਾਰਡਨ ’ਤੇ ਸਹਾਇਕ ਸੁਪਰੀਡੈਂਟ ਹਰਮਿੰਦਰ ਸਿੰਘ ਦੀ ਸ਼ਿਕਾਇਤ ’ਤੇ ਐੱਨ. ਡੀ. ਪੀ. ਐੱਸ. ਐਕਟ ਅਤੇ ਪ੍ਰਿਜ਼ਨ ਐਕਟ ਦਾ ਕੇਸ ਦਰਜ ਕੀਤਾ ਹੈ। ਇਹ ਐੱਫ. ਆਈ. ਆਰ. ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਦਰਜ ਕੀਤੀ ਹੈ, ਜਿਸ ਵਿਚ ਹਵਾਲਾਤੀ ਪੁਨੀਤ ਕੁਮਾਰ, ਜਤਿਨ ਮੋਂਗਾ, ਵਾਰਡਨ ਹਰਪਾਲ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਮੁਲਜ਼ਮਾਂ ਦੇ ਕਬਜ਼ੇ ਵਿਚੋਂ ਪੁਲਸ ਨੂੰ 2 ਮੋਬਾਇਲ, 19 ਗ੍ਰਾਮ ਨਸ਼ੇ ਵਾਲਾ ਪਦਾਰਥ, 62 ਗ੍ਰਾਮ ਖੁੱਲ੍ਹਾ ਤੰਬਾਕੂ ਤੇ 1 ਗ੍ਰਾਮ ਸਫ਼ੈਦ ਪਾਊਡਰ ਮਿਲਿਆ ਹੈ।
ਜਾਂਚ ਅਧਿਕਾਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਪਾਬੰਦੀਸ਼ੁਦਾ ਸਮੱਗਰੀ ਪੁਲਸ ਨੇ ਕਬਜ਼ੇ ਵਿਚ ਲੈ ਲਈ ਹੈ। ਜ਼ਿਕਰਯੋਗ ਹੈ ਕਿ ਮਨਾਹੀਯੋਗ ਸਾਮਾਨ ਸਪਲਾਈ ਕਰਨ ਵਿਚ ਇਕ ਹੀ ਹਫ਼ਤੇ ਵਿਚ ਦੂਜੇ ਜੇਲ ਵਾਰਡਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਇਸ ਤੋਂ ਪਹਿਲਾਂ ਵੀ ਇਕ ਹੋਰ ਜੇਲ੍ਹ ਵਾਰਡਨ ਨੂੰ ਇਸੇ ਹੀ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਸੀ। ਇਸ ਤਰ੍ਹਾਂ ਜੇਲ ਸਟਾਫ਼ ਦੀ ਕਾਰਜ ਪ੍ਰਣਾਲੀ ਕਟਿਹਰੇ ਵਿਚ ਹੈ।