ਪਟਿਆਲਾ ਜੇਲ ਤੋਂ ਕੈਦੀਆਂ ਦੇ ਭੱਜਣ ਦੇ ਮਾਮਲੇ ’ਚ ਜੇਲ ਮੰਤਰੀ ਦੇਣ ਅਸਤੀਫ਼ਾ : ਅਕਾਲੀ ਦਲ
Thursday, Apr 29, 2021 - 02:26 AM (IST)
ਚੰਡੀਗੜ੍ਹ,(ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ ਜੇਲ ਤੋਂ ਤਿੰਨ ਕੈਦੀਆਂ ਦੇ ਭੱਜਣ ’ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇਤਾ ਦਲਜੀਤ ਸਿੰਘ ਨੇ ਕਿਹਾ ਕਿ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਜੇਲ ਮੰਤਰੀ ਨੂੰ ਤਤਕਾਲ ਅਸਤੀਫ਼ਾ ਦੇਣਾ ਚਾਹੀਦਾ ਹੈ। ਚੀਮਾ ਨੇ ਕਿਹਾ ਕਿ ਪੰਜਾਬ ਦੀਆਂ ਜੇਲਾਂ ਵਿਚ ਅਪਰਾਧ ਦਾ ਰੈਕੇਟ ਚੱਲ ਰਿਹਾ ਹੈ।
ਪਿਛਲੇ ਸਾਲ ਵੀ ਲੁਧਿਆਣਾ ਅਤੇ ਅੰਮ੍ਰਿਤਸਰ ਸੈਂਟਰਲ ਜੇਲ ਤੋਂ ਕਈ ਕੈਦੀ ਭੱਜ ਗਏ ਸਨ। ਪੰਜਾਬ ਦੀਆਂ ਜੇਲਾਂ ਵਿਚ ਜੰਗਲਰਾਜ ਚੱਲ ਰਿਹਾ ਹੈ।
ਚੀਮਾ ਨੇ ਕਿਹਾ ਕਿ ਪੰਜਾਬ ਵਿਚ ਉੱਤਰ ਪ੍ਰਦੇਸ਼ ਦੇ ਡੌਨ ਮੁਖਤਾਰ ਅੰਸਾਰੀ ਦੀ ਰੋਪੜ ਜੇਲ ਵਿਚ ਮੇਜ਼ਬਾਨੀ ਜੱਗ ਜ਼ਾਹਿਰ ਹੈ। ਇਸੇ ਤਰ੍ਹਾਂ ਗੈਂਗਸਟਰਾਂ ਨੂੰ ਮੋਬਾਇਲ ਫ਼ੋਨ ਦਾ ਇਸਤੇਮਾਲ ਅਤੇ ਇੱਥੋਂ ਤੱਕ ਕਿ ਜਨਮਦਿਨ ਦੀਆਂ ਪਾਰਟੀਆਂ ਕਰਨ ਦੀ ਖੁੱਲੀ ਛੋਟ ਦਿੱਤੀ ਗਈ ਹੈ, ਜਿਵੇਂ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਮਾਮਲੇ ਵਿਚ ਦੇਖਿਆ ਗਿਆ ਹੈ। ਜੇਲਾਂ ਵਿਚ ਡਰੱਗ ਆਜ਼ਾਦ ਤੌਰ ’ਤੇ ਉਪਲਬਧ ਹੈ ਤੇ ਸਰਕਾਰ ਇਸ ’ਤੇ ਰੋਕ ਲਗਾਉਣ ਵਿਚ ਅਸਮਰਥ ਹੈ। ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਪੰਜਾਬ ਦੀਆਂ ਜੇਲਾਂ ਵਿਚ ਵਿਗੜਦੇ ਹਾਲਾਤ ’ਤੇ ਧਿਆਨ ਦੇਣ ਦੀ ਗੱਲ ਕਹਿੰਦਿਆਂ ਡਾ. ਚੀਮਾ ਨੇ ਕਿਹਾ ਕਿ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਤੁਰੰਤ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ।